ਅੰਮ੍ਰਿਤਸਰ-(ਜਸਪਾਲ ਕੈਂਥ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਸਾਲਾਨਾ ਚੋਣ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਹੋਏ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਕੁੱਲ ਪਈਆਂ 142 ਵੋਟਾਂ ਵਿੱਚੋਂ 107 ਵੋਟਾਂ ਪ੍ਰਾਪਤ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਮੁਕਾਬਲੇ ਪ੍ਰਧਾਨਗੀ ਦੀ ਚੋਣ ਲੜਨ ਲਈ ਖੜੇ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪਈਆਂ, ਜਦਕਿ 2 ਵੋਟਾਂ ਰੱਦ ਹੋਈਆਂ। ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ 142 ਮੈਂਬਰ ਮੌਜੂਦ ਰਹੇ।
ਜਨਰਲ ਇਜਲਾਸ ਦੌਰਾਨ ਸ. ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਬਲਦੇਵ ਸਿੰਘ ਕਲਿਆਣ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਸ. ਸ਼ੇਰ ਸਿੰਘ ਮੰਡਵਾਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਚੁਣੀ ਗਈ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਬੀਬੀ ਹਰਜਿੰਦਰ ਕੌਰ, ਸ. ਅਮਰੀਕ ਸਿੰਘ ਵਿਛੋਆ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਬਲਦੇਵ ਸਿੰਘ ਕਾਇਮਪੁਰ, ਸ. ਦਲਜੀਤ ਸਿੰਘ ਭਿੰਡਰ, ਸ. ਸੁਖਹਰਪ੍ਰੀਤ ਸਿੰਘ ਰੋਡੇ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਜਸਵੰਤ ਸਿੰਘ ਪੁੜੇਣ ਤੇ ਸ. ਪਰਮਜੀਤ ਸਿੰਘ ਰਾਏਪੁਰ ਸ਼ਾਮਲ ਹਨ। ਇਸ ਦੇ ਨਾਲ ਹੀ ਆਨਰੇਰੀ ਮੁੱਖ ਸਕੱਤਰ ਵਜੋਂ ਸ. ਕੁਲਵੰਤ ਸਿੰਘ ਮੰਨਣ ਨੂੰ ਨਿਯੁਕਤ ਕੀਤਾ ਗਿਆ ਹੈ।