ਪੈਰਿਸ 22 ਜਨਵਰੀ ( ਭੱਟੀ ਫਰਾਂਸ ) ਯੂਨਾਈਟਿਡ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ, ਐੱਨ.ਆਰ.ਆਈਜ ਅਤੇ ਚੜਦੀ ਕਲਾ ਸਪੋਰਟਸ ਕਲੱਬ ਦੇ ਸਮੂੰਹ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ, ਇਸੇ ਕਲੱਬ ਦੇ ਸੀਨੀਅਰ ਅਹੁਦੇਦਾਰ ਬੁਖ਼ਤਾਵਰ ਸਿੰਘ ਬਾਜਵਾ ਉਰਫ ਬਲੌਰੇ ( 54 ) ਦੀ, ਬੀਤੇ ਦਿਨੀਂ ਹੋਈ ਮੌਤ ਉੱਪਰ ਗਹਿਰੇ ਦੁੱਖ ਦਾ ਇਜਹਾਰ ਕੀਤਾ ਅਤੇ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਪ੍ਰਮਾਤਮਾਂ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪ੍ਰੀਵਾਰ ਨੂੰ ਪ੍ਰਮਾਤਮਾਂ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ |
ਇਸ ਤੋਂ ਬਿਨਾਂ ਉਪਰੋਕਤ ਕਲੱਬ ਦੇ ਮੋਹਰੀ, ਚਰਨਜੀਤ ਸਿੰਘ ਬਰਨਾਲਾ ਨੇ, ਆਪਣੇ ਕਲੱਬ ਦੇ ਸਮੂੰਹ ਸਾਥੀਆਂ ਦੇ ਹਵਾਲੇ ਨਾਲ ਮੀਡੀਏ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਅਸੀਂ ਸਾਰੇ ਜਣੇ ਬੁਖ਼ਤਾਵਰ ਸਿੰਘ ਉੱਪਰ ਹਮਲਾ ਕਰਨ ਵਾਲਿਆਂ ਦੀ ਸਖ਼ਤ ਨਿਖੇਧੀ ਕਰਦੇ ਹਾਂ, ਜਿਨ੍ਹਾਂ ਨੇ ਦੋ ਨਿੱਕੀਆਂ ਨਿੱਕੀਆਂ ਧੀਆਂ ਦੇ ਸਿਰਾਂ ਤੋਂ ਪਿਤਾ ਦਾ ਸਾਇਆ ਖ਼ਤਮ ਕਰ ਦਿੱਤਾ ਹੈ | ਇਸ ਤੋਂ ਬਿਨਾਂ ਵੱਖੋ ਵੱਖ ਭਰੋਸੇ ਯੋਗ ਸੂਤਰਾਂ ਅਤੇ ਲੋਕਲ ਪੁਲਿਸ ਦੇ ਹਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਲੌਰਾ, ਪੰਜਾਬ ਤੋਂ ਫਗਵਾੜਾ ਦੇ ਕਿਸੇ ਨੇੜਲੇ ਪਿੰਡ ਅਤੇ ਜਿਲ੍ਹਾ ਕਪੂਰਥਲਾ ਦਾ ਵਸਨੀਕ ਸੀ | ਮਿਰਤਕ ਦਾ ਪ੍ਰੀਵਾਰ ਅਤੇ ਦੋ ਧੀਆਂ ਕ੍ਰਮਵਾਰ ਬੈਲਜੀਅਮ ਅਤੇ ਪੁਰਤਗਾਲ ਰਹਿੰਦੀਆਂ ਹਨ | ਐੱਨ.ਆਰ.ਆਈ ਚੜਦੀ ਕਲਾ ਸਪੋਰਟਸ ਕਲੱਬ ਦੇ ਮੈਂਬਰ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਰਿਵਾਰਿਕ ਮੈਂਬਰ ਮਿਰਤਕ ਦਾ ਪਾਰਥਿਕ ਸਰੀਰ ਭਾਰਤ ਭੇਜਣ ਦਾ ਪ੍ਰੋਗਰਾਮ ਬਣਾ ਰਹੇ ਹਨ, ਤਾਂ ਕਿ ਮਿਰਤਕ ਦਾ ਸਸਕਾਰ ਉਸਦੇ ਜੱਦੀ ਪਿੰਡ ਕੀਤਾ ਜਾ ਸਕੇ | ਵੈਸੇ ਮੀਡੀਏ ਨੂੰ,, ਜਖਮੀ ਹੋਏ ਦੋਹਾਂ ਬੰਦਿਆਂ ਦੇ ਨਾਮ, ਅਜੇ ਤੱਕ ਵੀ, ਕਿਸੇ ਵੀ ਧਿਰ ਨੇ ਤਸਦੀਕ ਨਹੀ ਕੀਤੇ |





