ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸ਼ਨੀਵਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਕੱਢੀ ਗਈ। ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਇਸ ਯਾਤਰਾ ਵਿੱਚ ਗੱਡੀਆਂ ਦੇ ਵੱਡੇ ਕਾਫਿਲੇ ਨਾਲ ਹਜ਼ਾਰਾਂ ਲੋਕ ਸ਼ਾਮਿਲ ਹੋਏ। ਗੁਰੂ ਘਰਾਂ ਦੀਆਂ ਹੋ ਰਹੀਆਂ ਬੇਅਦਬੀਆਂ ਦੇ ਵਿਰੋਧ ਵਿੱਚ ਕੱਢੀ ਗਈ ਇਸ ਯਾਤਰਾ ਦਾ ਵੱਖ-ਵੱਖ ਵਿਧਾਨਸਭਾ ਹਲਕਿਆਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
ਦੁਪਹਿਰ ਕਰੀਬ 12 ਵਜੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਇਹ ਯਾਤਰਾ ਗੜ੍ਹਸ਼ੰਕਰ, ਬਲਾਚੌਰ, ਨਵਾਂਸ਼ਹਿਰ, ਬੰਗਾ ਵਿਧਾਨਸਭਾ ਹਲਕਿਆਂ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਦੀ ਹੋਈ ਦੇਰ ਰਾਤ ਫਿਲੌਰ ਦੇ ਅੱਪਰਾ, ਨਗਰ, ਗੜ੍ਹਾ ਤੋਂ ਹੁੰਦੇ ਹੋਏ ਸ੍ਰੀ ਗੁਰੂ ਰਵਿਦਾਸ ਮੁਹੱਲਾ ਫਿਲੌਰ ਵਿਖੇ ਜਾ ਕੇ ਸਮਾਪਤ ਹੋਈ। ਇਸ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਦੌਰਾਨ ਪ੍ਰਸ਼ਾਸਨ ਵੱਲੋਂ ਫਿਲੌਰ ਦੇ ਧੁਲੇਤਾ ਪਿੰਡ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀਆਂ ਕੰਧਾਂ ਤੋੜ ਕੇ ਬੇਅਦਬੀ ਕੀਤੀ ਗਈ ਤੇ ਪੁਲਿਸ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਬਜ਼ੁਰਗਾਂ, ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਜਲੰਧਰ ਤੇ ਹੁਸ਼ਿਆਰਪੁਰ ਵਿੱਚ ਗੁਰੂ ਘਰਾਂ ਨੂੰ ਪੰਚਾਇਤ ਘਰ ਤੇ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਗੁਰਦਾਸਪੁਰ ਦੇ ਸਤਿਗੁਰੂ ਕਬੀਰ ਜੀ ਦੇ ਗੁਰੂ ਘਰ ਨੂੰ ਤੋੜਿਆ ਗਿਆ ਹੈ ਅਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਬਾਰੇ ਗਲਤ ਸ਼ਬਦ ਵਰਤਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਇਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਹੀ ਬਸਪਾ ਵੱਲੋਂ ਯਾਤਰਾ ਕੱਢੀ ਗਈ ਹੈ। ਉਨ੍ਹਾਂ ਤੋਂ ਇਲਾਵਾ ਬਸਪਾ ਦੇ ਸੂਬਾ ਕੋਆਰਡੀਨੇਟਰ ਤੇ ਵਿਧਾਇਕ ਡਾ. ਨਛੱਤਰ ਪਾਲ, ਪ੍ਰਜਾਪਤੀ ਅਜੀਤ ਸਿੰਘ ਭੈਣੀ, ਚੌਧਰੀ ਗੁਰਨਾਮ ਸਿੰਘ ਤੇ ਤੀਰਥ ਰਾਜਪੁਰਾ ਨੇ ਵੀ ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਗੁਰੂਆਂ ਦੇ ਅਪਮਾਨ ਅਤੇ ਦਲਿਤ, ਪੱਛੜੇ ਵਰਗਾਂ ਨੂੰ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸਦਾ ਬਸਪਾ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਕੌਰ, ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਲਾਲ ਚੰਦ ਔਜਲਾ, ਪ੍ਰਵੀਨ ਬੰਗਾ, ਰਾਕੇਸ਼ ਦਾਤਾਰਪੁਰੀ, ਦਲਜੀਤ ਰਾਏ, ਸਰਬਜੀਤ ਜਾਫਰਪੁਰ, ਜਗਦੀਸ਼ ਸ਼ੇਰਪੁਰੀ, ਸਲਵਿੰਦਰ ਕੁਮਾਰ, ਖੁਸ਼ੀ ਰਾਮ ਸਰਪੰਚ, ਸੁਖਵਿੰਦਰ ਬਿੱਟੂ, ਸੁਸ਼ੀਲ ਵਿਰਦੀ, ਸੁਖਦੇਵ ਬਿੱਟਾ, ਅਮਨਦੀਪ ਨਵਾਂ ਪਿੰਡ ਨੇਚਾ ਆਦਿ ਆਗੂ ਵੀ ਮੌਜ਼ੂਦ ਸਨ।