ਜਲੰਧਰ (ਜਸਪਾਲ ਕੈਂਥ)-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਰਾਜਨੀਤਿਕ ਏਕਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ-ਉਭਾਰ ਲਈ ਚੁੱਕੇ ਗਏ ਕਦਮਾਂ ‘ਤੇ ਆਪਣਾ ਪਖ ਸਪਸਟ ਕਰਦਿਆਂ ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਰਾਜਨੀਤਿਕ ਧਿਰਾਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜ਼ੋ ਕਿ ਇੱਕ ਇਤਿਹਾਸਕ, ਦੂਰਅੰਦੇਸ਼ੀ ਅਤੇ ਸਮੇਂ ਦੀ ਲੋੜ ਅਨੁਸਾਰ ਚੁੱਕਿਆ ਗਿਆ ਵਡਮੁੱਲਾ ਕਦਮ ਸੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਉਪਰਾਲੇ ਦੀ ਅਸਲ ਸਫ਼ਲਤਾ ਇਸ ਨੁਕਤੇ ਵਿਚ ਹੈ ਕਿ ਸਿਰਫ਼ ਸਿਆਸੀ ਧਿਰਾਂ ਦੇ ਆਪਸੀ ਸਮਝੌਤਿਆਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਪੰਥ ਅਤੇ ਪੰਜਾਬ ਦੇ ਗੰਭੀਰ ਮੁੱਦਿਆਂ ’ਤੇ ਇੱਕ ਵਿਆਪਕ ਸਾਂਝਾ ਵਿਜ਼ਨ, ਰੋਡ ਮੈਪ ਅਤੇ ਏਜੰਡਾ ਪੰਜਾਬ ਦੇ ਲੋਕਾਂ ਤੇ ਪੰਥ ਸਾਹਮਣੇ ਰਖਣਾ ਚਾਹੀਦਾ ਹੈ।
ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਸਿਰਫ਼ ਸਿਆਸੀ ਧਿਰਾਂ ਨੂੰ ਇਕੱਠਾ ਕਰਨ ਦੀ ਨਹੀਂ, ਸਗੋਂ ਉਨ੍ਹਾਂ ਕਾਰਨਾਂ ਦੀ ਨਿਰਪੱਖ ਪੜਤਾਲ ਕਰਨ ਦੀ ਹੈ ਜਿਨ੍ਹਾਂ ਕਰਕੇ ਸਿੱਖ ਪੰਥ ਦੀ ਪ੍ਰਤੀਨਿਧ ਜਮਾਤ ਮੰਨੇ ਜਾਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਇਸ ਗੰਭੀਰ ਦੌਰ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ, “ਜਦੋਂ ਤੱਕ ਅਸੀਂ ਆਪਣੇ ਸੰਕਟ ਦੀ ਜੜ੍ਹ ਤੱਕ ਨਹੀਂ ਪਹੁੰਚਦੇ, ਤਦ ਤੱਕ ਕੋਈ ਵੀ ਰਾਜਨੀਤਿਕ ਏਕਤਾ ਸਥਾਈ ਅਤੇ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਸਕਦੀ। ਅਸੀਂ ਹਾਲੇ ਤੱਕ ਅਕਾਲੀ ਦਲ ਨੂੰ ਪੰਥਕ ਭਾਵਨਾਵਾਂ ਅਨੁਸਾਰ ਪੂਰੀ ਤਰ੍ਹਾਂ ਉਸਾਰ ਨਹੀਂ ਸਕੇ।”
ਬਾਬਾ ਬੇਦੀ ਨੇ ਸੁਝਾਅ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮਾਜ ਦੇ ਹਰ ਵਰਗ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਜਾਵੇ। ਇਸ ਵਿੱਚ ਪੰਥ ਦੇ ਵਿਦਵਾਨ, ਚਿੰਤਕ, ਧਾਰਮਿਕ ਆਗੂ, ਸਾਬਕਾ ਪ੍ਰਸ਼ਾਸਕ, ਕਿਸਾਨ ਜਥੇਬੰਦੀਆਂ, ਉਦਯੋਗਪਤੀ, ਸਿੱਖਿਆ ਸ਼ਾਸਤਰੀ, ਨੌਜਵਾਨ, ਪਰਵਾਸੀ ਸਿੱਖ ਅਤੇ ਉਹ ਸਾਰੇ ਪੰਥ ਦਰਦੀ ਸ਼ਾਮਲ ਕੀਤੇ ਜਾਣ ਜੋ ਕਿਸੇ ਕਾਰਨ ਅਕਾਲੀ ਸਿਆਸਤ ਤੋਂ ਦੂਰ ਹੋ ਗਏ ਹਨ।
ਬਾਬਾ ਬੇਦੀ ਨੇ ਕਿਹਾ ਕਿ ਇਸ ਸਾਂਝੇ ਮੰਥਨ ਅਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਭਾਵਨਾ ਨੂੰ ਆਧਾਰ ਬਣਾ ਕੇ ਇੱਕ ਨਵਾਂ “ਪੰਥ ਅਤੇ ਪੰਜਾਬ ਵਿਜ਼ਨ ਦਸਤਾਵੇਜ਼” (Blueprint) ਤਿਆਰ ਕੀਤਾ ਜਾਵੇ। ਇਸ ਵਿੱਚ ਧਾਰਮਿਕ ਅਜ਼ਾਦੀ ਅਤੇ ਪੰਥਕ ਸੰਸਥਾਵਾਂ ਦੀ ਮਜ਼ਬੂਤੀ, ਪੰਜਾਬ ਦੀ ਖੁਦਮੁਖਤਿਆਰੀ ਤੇ ਸੰਵਿਧਾਨਕ ਹੱਕ, ਖੇਤੀਬਾੜੀ, ਪਾਣੀਆਂ ਦੇ ਮਸਲੇ ਤੇ ਰੋਜ਼ਗਾਰ, ਨੌਜਵਾਨਾਂ ਦਾ ਭਵਿੱਖ, ਸਿੱਖਿਆ ਤੇ ਨਸ਼ਿਆਂ ਦਾ ਪੂਰਨ ਖ਼ਾਤਮਾ, ਅਤੇ ਸਮਾਜਿਕ ਸਦਭਾਵਨਾ, ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਸੰਭਾਲ ਵਰਗੇ ਅਹਿਮ ਮੁੱਦਿਆਂ ‘ਤੇ ਸਪੱਸ਼ਟ ਨੀਤੀ ਅਤੇ ਕਾਰਜ-ਯੋਜਨਾ ਹੋਣੀ ਚਾਹੀਦੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਾਰੀ ਕਵਾਇਦ ਦਾ ਉਦੇਸ਼ ਸਿਰਫ਼ ਚੋਣਾਂ ਜਿੱਤਣਾ ਜਾਂ ਸਰਕਾਰ ਬਣਾਉਣਾ ਨਹੀਂ ਹੋਣਾ ਚਾਹੀਦਾ। ਜੇਕਰ ਮਕਸਦ ਕੇਵਲ ਸੱਤਾ ਪ੍ਰਾਪਤੀ ਰਹਿ ਗਿਆ, ਤਾਂ ਇਹ ਇਤਿਹਾਸਕ ਉਪਰਾਲਾ ਆਪਣੇ ਮੂਲ ਮਕਸਦ ਤੇ ਪੰਥਕ ਮਿਸ਼ਨ ਤੋਂ ਭਟਕ ਜਾਵੇਗਾ। ਉਨ੍ਹਾਂ ਕਿਹਾ ਕਿ ਸੱਤਾ ਇੱਕ ਸਾਧਨ ਹੈ, ਮੰਜ਼ਿਲ ਨਹੀਂ—ਮੰਜ਼ਿਲ ਹੈ ਸਿੱਖ ਪੰਥ ਦੀ ਚੜ੍ਹਦੀ ਕਲਾ, ਪੰਜਾਬ ਦੀ ਖੁਸ਼ਹਾਲੀ ਅਤੇ ਹਰ ਵਰਗ ਲਈ ਨਿਆਂ, ਅਮਨ ਤੇ ਵਿਕਾਸ।
ਬਾਬਾ ਸਰਬਜੋਤ ਸਿੰਘ ਬੇਦੀ ਨੇ ਅਪੀਲ ਕੀਤੀ ਕਿ ਅੱਜ ਸਮਾਂ ਨਿੱਜਤਾ, ਧੜਿਆਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਥ ਅਤੇ ਪੰਜਾਬ ਦੇ ਸਾਂਝੇ ਹਿੱਤਾਂ ਨੂੰ ਪਹਿਲ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਵੇਲਾ ਸਾਡੇ ਲਈ ਇੱਕ ਮਹੱਤਵਪੂਰਨ ਮੌਕਾ ਹੈ, ਜਿਸ ਨੂੰ ਦੂਰਅੰਦੇਸ਼ੀ, ਨਿਮਰਤਾ ਅਤੇ ਜ਼ਿੰਮੇਵਾਰੀ ਨਾਲ ਵਰਤ ਕੇ ਸੋਝੀਵਾਨ ਲੀਡਰਸ਼ਿਪ ਦਾ ਸਬੂਤ ਦਿੱਤਾ ਜਾਵੇ ਤਾਂ ਜ਼ੋ ਆਉਣ ਵਾਲੀਆਂ ਪੀੜ੍ਹੀਆਂ ਲਈ ਕੌਮੀਅਤ ਤੇ ਪੰਜਾਬ ਦਾ ਉੱਜਵਲ ਭਵਿੱਖ ਸਿਰਜਿਆ ਜਾ ਸਕਦਾ ਹੈ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖ ਪੰਥ ਦੀਆਂ ਨਜ਼ਰਾਂ ਇਸ ਉਪਰਾਲੇ ‘ਤੇ ਟਿਕੀਆਂ ਹੋਈਆਂ ਹਨ ਅਤੇ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਕਾਰਜ ਨੂੰ ਸਫ਼ਲਤਾ ਬਖ਼ਸ਼ਣ ਅਤੇ ਇਸ ਨੂੰ ਪੰਥ-ਪੰਜਾਬ ਦੀ ਚੜ੍ਹਦੀ ਕਲਾ ਦਾ ਮੀਲ ਪੱਥਰ ਬਣਾਉਣ।