ਜਲੰਧਰ (ਜਸਪਾਲ ਕੈਂਥ): ਜਲੰਧਰ ਨੌਰਥ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਤਬਦੀਲੀ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਨੇ ਦਿਨੇਸ਼ ਢੱਲ ਉਰਫ਼ ਕਾਲੀ ਨੂੰ ਜਲੰਧਰ ਨੌਰਥ ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪਾਰਟੀ ਵੱਲੋਂ ਉਨ੍ਹਾਂ ਦੀ ਥਾਂ ਜਲੰਧਰ ਦੇ ਮੇਅਰ ਸ੍ਰੀ ਵਨੀਤ ਧੀਰ ਨੂੰ ਹਲਕਾ ਨੌਰਥ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਦਿਨੇਸ਼ ਢੱਲ ਉਰਫ਼ ਕਾਲੀ ਨੂੰ ਜਲੰਧਰ ਨੌਰਥ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਹਾਲਾਂਕਿ ਉਹ ਕਾਂਗਰਸ ਦੇ ਉਮੀਦਵਾਰ ਅਵਤਾਰ ਸਿੰਘ ਜੂਨੀਅਰ (ਛੋਟੇ ਹੈਨਰੀ) ਤੋਂ ਚੋਣ ਹਾਰ ਗਏ ਸਨ।
ਸਿਆਸੀ ਸੂਤਰਾਂ ਅਨੁਸਾਰ ਪਾਰਟੀ ਵੱਲੋਂ ਹਲਕਾ ਨੌਰਥ ਵਿੱਚ ਕਰਵਾਏ ਗਏ ਇੱਕ ਅੰਦਰੂਨੀ ਸਰਵੇ ਦੀ ਰਿਪੋਰਟ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਸਰਵੇ ਵਿੱਚ ਦਿਨੇਸ਼ ਢੱਲ ਦੀ ਕਾਰਗੁਜ਼ਾਰੀ ਉਮੀਦਾਂ ਅਨੁਸਾਰ ਨਹੀਂ ਪਾਈ ਗਈ, ਜਿਸ ਕਾਰਨ ਪਾਰਟੀ ਹਾਈਕਮਾਂਡ ਨੇ ਹਲਕੇ ਦੀ ਕਮਾਨ ਵਨੀਤ ਧੀਰ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਪਾਰਟੀ ਵੱਲੋਂ ਇਸ ਸਬੰਧੀ ਸਰਵੇ ਦੇ ਨਤੀਜਿਆਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।