*ਬਸਪਾ ਨੇ ਤੁਗਲਕਾਬਾਦ ਤੋਂ ਸ਼ੁਰੂ ਕੀਤੀ ‘ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ*

देश पंजाब
Spread the love

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸੋਮਵਾਰ ਨੂੰ ਦਿੱਲੀ ਦੇ ਤੁਗਲਕਾਬਾਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਗੁਰੂ ਪੁਰਬ ਨੂੰ ਸਮਰਪਿਤ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਸ ‘ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਨੂੰ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਦੀ ਹਾਜ਼ਰੀ ਤੇ ਅਸ਼ੀਰਵਾਦ ਨਾਲ ਬਸਪਾ ਦੇ ਕੇਂਦਰੀ ਮੁੱਖ ਇੰਚਾਰਜ ਤੇ ਰਾਜਸਭਾ ਮੈਂਬਰ ਰਾਮਜੀ ਗੌਤਮ, ਕੇਂਦਰੀ ਇੰਚਾਰਜ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਰਵਾਨਾ ਕੀਤਾ।

ਇਹ ਯਾਤਰਾ ਬਰਾਬਰੀ, ਆਜ਼ਾਦੀ, ਸਨਮਾਨ ਅਤੇ ਸਮਾਜਿਕ ਨਿਆਂ ਦੇ ਸੰਕਲਪ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੁਨੇਹਾ ਲੈ ਕੇ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜ਼ੂਦ ਸੰਗਤ ਅੱਗੇ ਵਿਚਾਰ ਰੱਖਦੇ ਹੋਏ ਰਾਮਜੀ ਗੌਤਮ, ਵਿਪੁਲ ਕੁਮਾਰ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਅੱਜ ਦੇ ਦਿਨ 10 ਅਗਸਤ 2019 ਨੂੰ ਕੇਂਦਰ ਦੀ ਭਾਜਪਾ ਸਰਕਾਰ ਤੇ ਦਿੱਲੀ ਦੀ ਉਸ ਸਮੇਂ ਦੀ ਆਪ ਸਰਕਾਰ ਦੌਰਾਨ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਗੁਰੂ ਘਰ ਨੂੰ ਤੋੜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਢਹਿ ਢੇਰੀ ਕੀਤੇ ਜਾਣ ਤੋਂ ਬਾਅਦ ਲੰਮਾ ਸਮਾਂ ਬੀਤਣ ਦੇ ਬਾਵਜੂਦ ਅੱਜ ਵੀ ਗੁਰੂ ਘਰ ਸ਼ੈੱਡ ਹੇਠ ਦੇਖ ਕੇ ਮਨ ਨੂੰ ਬਹੁਤ ਪੀੜਾ ਹੁੰਦੀ ਹੈ। ਅੱਜ ਬਸਪਾ ਵੱਲੋਂ ਇਸੇ ਸਥਾਨ ਤੋਂ ਸ੍ਰੀ ਗੁਰੂ ਰਵਿਦਾਸ ਜੀ ਸਨਮਾਨ ਯਾਤਰਾ ਇਸੇ ਸੰਕਲਪ ਨਾਲ ਸ਼ੁਰੂ ਕੀਤੀ ਗਈ ਕਿ ਸ੍ਰੀ ਗੁਰੂ ਰਵਿਦਾਸ ਜੀ ਸਾਨੂੰ 2027 ਵਿੱਚ ਉਨ੍ਹਾਂ ਦੀ ਸੋਚ ਦਾ ਬੇਗਮਪੁਰਾ ਵਸਾਉਣ ਲਈ ਸ਼ਕਤੀ ਦੇਣ। ਬਸਪਾ ਸਰਕਾਰ ਬਣਨ ‘ਤੇ ਇਸੇ ਜਗ੍ਹਾ ‘ਤੇ ਵਿਸ਼ਾਲ ਗੁਰੂ ਘਰ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਯਾਤਰਾ ਦਿੱਲੀ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ 21 ਅਗਸਤ ਨੂੰ ਫਿਲੌਰ ਦੇ ਧੁਲੇਤਾ ਵਿੱਚ ਜਾ ਕੇ ਸਮਾਪਤ ਹੋਵੇਗੀ। ਇਸ ਮੌਕੇ ਬਸਪਾ ਆਗੂ ਚੌਧਰੀ ਗੁਰਨਾਮ ਸਿੰਘ, ਇੰਜ. ਜਸਵੰਤ ਰਾਏ, ਪ੍ਰਵੀਨ ਬੰਗਾ, ਬਿੱਟਾ ਲੁਧਿਆਣਾ, ਖੁਸ਼ੀ ਰਾਮ, ਅਨੀਤਾ ਪਾਲ ਆਦਿ ਆਗੂ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *