
ਲੋਹੀਆਂ ਖਾਸ, 25 ਸਤੰਬਰ (ਰਾਜੀਵ ਕੁਮਾਰ ਬੱਬੂ) — ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ./ਐਲੀ. ਸਿੱ.) ਜਲੰਧਰ ਡਾ. ਗੁਰਿੰਦਰਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੋਹੀਆਂ ਖਾਸ ਰਮੇਸ਼ਵਰ ਚੰਦਰ ਅਤੇ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਸੈਂਟਰ ਕੰਗ ਖੁਰਦ ਅਤੇ ਸੈਂਟਰ ਕਾਕੜ ਕਲਾਂ ਵਿਖੇ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਗਈਆਂ।
ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਬੱਡੀ, ਖੋ-ਖੋ, ਜਿਮਨਾਸਟਿਕ, ਰੱਸਾਕਸ਼ੀ, ਚੈੱਸ, ਅਥਲੈਟਿਕਸ, ਦੌੜਾਂ, ਕਰਾਟੇ ਆਦਿ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਡਾਇਰੈਕਟਰ ਇਨਫੋਟੈਕ ਪੰਜਾਬ ਅਤੇ ਵਾਈਸ ਪ੍ਰੈਜ਼ੀਡੈਂਟ ਮਹਿਲਾ ਵਿੰਗ ਪੰਜਾਬ ਵੱਲੋਂ ਇਨਾਮ ਤਕਸੀਮ ਕੀਤੇ ਗਏ।
ਇਸ ਮੌਕੇ ਬੀਬੀ ਰਣਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਫੋਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਪੜ੍ਹਾਈ ਅਤੇ ਖੇਡ ਮੈਦਾਨ ਵਿੱਚ ਅਭਿਆਸ ਲਈ ਲਗਾਉਣ ਲਈ ਪ੍ਰੇਰਿਤ ਕੀਤਾ।
ਸੈਂਟਰ ਪੱਧਰੀ ਮੁਕਾਬਲਿਆਂ ਵਿੱਚੋਂ ਜੇਤੂ ਰਹੇ ਖਿਡਾਰੀਆਂ ਦੀਆਂ ਟੀਮਾਂ ਦੀ ਚੋਣ ਕੀਤੀ ਗਈ, ਜੋ ਅਗਲੇ ਪੜਾਅ ਵਿੱਚ ਹੋਣ ਵਾਲੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਆਪਣੇ ਸੈਂਟਰ ਦੀ ਨੁਮਾਇੰਦਗੀ ਕਰਨਗੀਆਂ।
ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮੇਸ਼ਵਰ ਚੰਦਰ ਵੱਲੋਂ ਖੇਡਾਂ ਦੇ ਸੁਚੱਜੇ ਪ੍ਰਬੰਧਾਂ ਲਈ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਚੌਹਾਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਬੱਚਿਆਂ ਵਿੱਚ ਖੇਡ ਭਾਵਨਾ, ਅਨੁਸ਼ਾਸਨ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਸਹਾਇਕ ਹੁੰਦੇ ਹਨ।
ਇਸ ਮੌਕੇ ਬਲਵਿੰਦਰ ਕੁਮਾਰ ਹੈੱਡ ਟੀਚਰ, ਰੋਹਿਤ ਕੰਬੋਜ, ਭਾਨੀ ਰਾਮ, ਸੁਰਿੰਦਰ ਸਿੰਘ, ਪ੍ਰਿੰਸ ਕੁਮਾਰ, ਮੈਡਮ ਗੁਰਵਿੰਦਰ ਕੌਰ, ਅਮਨਦੀਪ ਕੌਰ, ਗਗਨਦੀਪ, ਮੈਡਮ ਪਰਮਜੀਤ ਕੌਰ, ਹਰਜੀਤ ਕੌਰ ਮੋਹਰੀਵਾਲ, ਮੁਸਕਾਨ ਰਾਣੀ, ਭੁਪਿੰਦਰ ਕੌਰ, ਮੈਡਮ ਹਰਜੀਤ ਕੌਰ ਕਾਕੜ ਕਲਾਂ, ਅਮਨਪ੍ਰੀਤ ਕੌਰ ਲੋਹੀਆਂ, ਅਮਨਦੀਪ ਕੌਰ ਫਾਜ਼ਿਲਕਾ, ਮੈਡਮ ਰਿਆ, ਸ਼ਿਲਪਾ ਰਾਣੀ, ਵੀਰਪਾਲ ਕੌਰ, ਜਿਤੇਂਦਰ, ਮਨੀਸ਼ ਚੰਦਰ, ਛਮਿੰਦਰ ਕੁਮਾਰ, ਖੁਸ਼ਹਾਲ ਚੰਦ, ਰਮਨਦੀਪ ਕੌਰ, ਪ੍ਰਭਜੋਤ ਕੌਰ, ਸ਼ੇਲਿਕਾ, ਰਮਨਦੀਪ ਕੌਰ ਕੰਗ ਖੁਰਦ, ਜਸਵਿੰਦਰ ਕੌਰ, ਬੇਅੰਤ ਕੌਰ ਅਤੇ ਸੁਰਿੰਦਰ ਕੌਰ ਸਮੇਤ ਅਧਿਆਪਕਾਂ ਨੇ ਹਾਜ਼ਰੀ ਭਰੀ ਅਤੇ ਆਪਣੀਆਂ ਡਿਊਟੀਆਂ ਬਾਖੂਬੀ ਨਿਭਾਉਂਦਿਆਂ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਦਿੱਤਾ।


