ਜਲੰਧਰ (ਜਸਪਾਲ ਕੈਂਥ )-ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਤਿਆਰੀਆਂ ਖਿੱਚ ਲਈਆਂ ਹਨ। ਇਸਦੇ ਤਹਿਤ ਸੂਬੇ ਭਰ ਵਿੱਚ ਮੀਟਿੰਗਾਂ, ਸਮਾਗਮ, ਮੋਟਰਸਾਈਕਲ ਮਾਰਚ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ 2027 ਲਈ ਚੋਣ ਵਿਗੁਲ ਫੂਕਣ ਲਈ ਬਸਪਾ ਵੱਲੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ’ਤੇ ਫਿਲੌਰ ਵਿਖੇ ਸੂਬਾ ਪੱਧਰੀ ਵੱਡੀ ਰੈਲੀ ਕਰਨ ਦੀ ਤਿਆਰੀ ਕਰ ਲਈ ਗਈ ਹੈ। ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਇਸ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ ਤੇ ਪਾਰਟੀ ਵਰਕਰਾਂ ਨੂੰ 2027 ਦੀ ਸੱਤਾ ਪ੍ਰਾਪਤੀ ਦਾ ਸੁਨੇਹਾ ਦੇਣਗੇ।
ਇਸ ਰੈਲੀ ਦੀਆਂ ਤਿਆਰੀਆਂ ਸੰਬੰਧੀ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਮਾਝਾ, ਮਾਲਵਾ ਤੇ ਦੋਆਬੇ ਵਿੱਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸਦੇ ਤਹਿਤ ਹੁਸ਼ਿਆਰਪੁਰ, ਲੁਧਿਆਣਾ, ਮਾਨਸਾ, ਬਰਨਾਲਾ, ਬਠਿੰਡਾ ਜ਼ਿਲ੍ਹਿਆਂ ਵਿੱਚ ਵਿਧਾਨਸਭਾ ਪੱਧਰ ’ਤੇ ਮੀਟਿੰਗਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਜ਼ਿਲ੍ਹਾ ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤਹਿਤ ਆਉਂਦੇ ਨਵਾਂਸ਼ਹਿਰ, ਬਲਾਚੌਰ ਵਿਧਾਨਸਭਾ ਹਲਕਿਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਰੈਲੀ ਦੀ ਤਿਆਰੀਆਂ ਸੰਬੰਧੀ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਆਦਮਪੁਰ, ਕਰਤਾਰਪੁਰ, ਜਲੰਧਰ ਸ਼ਹਿਰੀ ਹਲਕਿਆਂ ਵਿੱਚ ਬਸਪਾ ਆਗੂਆਂ-ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਪੰਜਾਬ ਵਿਧਾਨਸਭਾ ਚੋਣਾਂ ਤੇ ਰੈਲੀ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ, ਮਾੜੇ ਸਿਹਤ-ਸਿੱਖਿਆ ਪ੍ਰਬੰਧਾਂ ਤੋਂ ਪੀੜਤ ਹਨ। ਸਰਕਾਰਾਂ ਤੋਂ ਦੁਖੀ ਸੂਬੇ ਦੇ ਕਿਰਤੀ ਕਿਸਾਨ, ਮੁਲਾਜ਼ਮ, ਵਪਾਰੀ, ਬੇਰੁਜ਼ਗਾਰ ਨੌਜਵਾਨ, ਵਿਦਿਆਰਥੀ ਸੰਘਰਸ਼ ਦੀ ਰਾਹ ’ਤੇ ਹਨ। ਸਰਕਾਰ ਮੰਗਾਂ ਮੰਨਣ ਦੀ ਬਜਾਏ ਇਨ੍ਹਾਂ ਦੀ ਆਵਾਜ਼ ਨੂੰ ਦੱਬਣ ਲੱਗੀ ਹੋਈ ਹੈ। ਇਨਸਾਫ ਮੰਗਣ ਵਾਲੇ ਲੋਕਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਇਆ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਵਾਂਗ ਮੌਜ਼ੂਦਾ ਆਪ ਸਰਕਾਰ ਵੱਲੋਂ ਵੀ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠਾਂ ਦੱਬ ਦਿੱਤਾ ਗਿਆ ਹੈ, ਜਿਸ ਕਰਕੇ ਵਿਕਾਸ ਤੇ ਲੋਕਾਂ ਦੇ ਭਲੇ ਵਾਲੇ ਪ੍ਰਾਜੈਕਟ ਠੱਪ ਹੋ ਚੁੱਕੇ ਹਨ। ਸੂਬੇ ਵਿੱਚ ਨਵੇਂ ਸਕੂਲ, ਕਾਲਜ, ਮੈਡੀਕਲ ਕਾਲਜ, ਸਰਕਾਰੀ ਯੂਨੀਵਰਸਿਟੀਆਂ, ਸਰਕਾਰੀ ਹਸਪਤਾਲ ਬਣਾਉਣ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਤੋਂ ਅੱਕੇ ਲੋਕਾਂ ਦਾ ਰੁਝਾਨ ਇਸ ਵਾਰ ਬਸਪਾ ਵੱਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਫਿਲੌਰ ਵਿਖੇ ਹੋਣ ਜਾ ਰਹੀ ਬਸਪਾ ਦੀ ਵੱਡੀ ਰੈਲੀ ਸੂਬੇ ਦੀ ਸਿਆਸਤ ਨੂੰ ਬਦਲ ਕੇ ਰੱਖ ਦੇਵੇਗੀ ਅਤੇ 2027 ਵਿੱਚ ਪੰਜਾਬ ਦੀ ਸੱਤਾ ਦੇ ਕੇਂਦਰ ਵਿੱਚ ਬਸਪਾ ਨੂੰ ਸਥਾਪਿਤ ਕਰਨ ਲਈ ਨੀਂਹ ਪੱਥਰ ਸਾਬਿਤ ਹੋਵੇਗੀ।


