*ਦਰਿਆਵਾਂ ਤੋਂ ਬਾਅਦ ਖਣਨ ਮਾਫੀਏ ਦੀ ਅੱਖ ਸ਼ਿਵਾਲਿਕ ਪਹਾਡ਼ੀਆਂ ’ਤੇ, ਸੁਖਚੈਨਪੁਰ ‘ਚ ਪਹਾਡ਼ੀਆਂ ਪੁੱਟਣ ਦਾ ਕੰਮ ਸ਼ੁਰੂ ਹੋਇਆ*

क्राइम
Spread the love

ਤਲਵਾਡ਼ਾ,27 ਜੂਨ( ਦੀਪਕ ਠਾਕੁਰ)-ਕੰਢੀ ਖ਼ੇਤਰ ‘ਚ ਮਾਈਨਿੰਗ ਮਾਫੀਆ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਦਰਿਆਵਾਂ ਅਤੇ ਖੱਡਾਂ ਤੋਂ ਬਾਅਦ ਖਣਨ ਮਾਫ਼ੀਏ ਦੀ ਅੱਖ ਸ਼ਿਵਾਲਿਕ ਦੀਆਂ ਪਹਾਡ਼ੀਆਂ ’ਤੇ ਟੀਕੀ ਹੋਈ ਹੈ। ਸ਼ੁਰੂਆਤ ਬਲਾਕ ਤਲਵਾਡ਼ਾ ਦੇ ਨੀਮ ਪਹਾਡ਼ੀ ਪਿੰਡ ਸੁਖਚੈਨਪੁਰ ਤੋਂ ਹੋਈ ਹੈ। ਸੁਖਚੈਨਪੁਰ ‘ਚ ਖਣਨ ਮਾਫੀਆ ਵੱਲੋਂ ਮੂੰਹ ਮੰਗੀਆਂ ਕੀਮਤਾਂ ‘ਤੇ ਪਿੰਡ ਦੇ ਲੋਕਾਂ ਤੋਂ ਪਹਾਡ਼ੀਆਂ ਖਰੀਦੀਆਂ ਜਾ ਰਹੀਆਂ ਹਨ। ਇਲਾਕੇ ਦੇ ਪ੍ਰਸਿੱਧ ਭੱਠਾ ਕਾਰੋਬਾਰੀ ਵੱਲੋਂ ਸੱਤਾਧਾਰੀ ਧਿਰ ਨਾਲ ਜੁਡ਼ੇ ਖਣਨ ਮਾਫੀਆ ਦੀ ਭਿਆਲੀ ਨਾਲ ਸੁਖਚੈਨਪੁਰ ਵਿੱਚ ਪਿੰਡ ਭੋਲ ਬਦਮਾਣੀਆਂ ਦੇ ਮੁੱਹਲਾ ਹਰਡ਼ਵਾਡ਼ਾ ਦੇ ਐਨ ਸਾਹਮਣੇ ਸਟੋਨ ਕਰੱਸ਼ਰ ਸਥਾਪਿਤ ਕੀਤਾ ਗਿਆ ਹੈ। ਜਿੱਥੇ ਵੱਡੀ ਗਿਣਤੀ ਕੁਦਰਤ ਦਾ ਘਾਣ ਕਰਕੇ ਪਹਾਡ਼ੀਆਂ ਨੂੰ ਪੁੱਟਿਆ ਜਾ ਰਿਹਾ ਹੈ। ਕਈ ਤਰ੍ਹਾਂ ਦੇ ਵਾਣਸੂ ਦਰੱਖਤ ਪੁੱਟੇ ਜਾ ਰਹੇ ਹਨ, ਜੰਗਲੀ ਜੀਵਾਂ ਦੇ ਆਸ਼ਿਆਨੇ ਪੀਲੇ ਪੰਜੇ ਨਾਲ ਤਬਾਹ ਕੀਤੇ ਜਾ ਰਹੇ ਹਨ। ਅੰਨ੍ਹੇ ਮੁਨਾਫ਼ਿਆਂ ਦੀ ਲੁੱਟ ‘ਚ ਮਾਈਨਿੰਗ ਮਾਫੀਆ ਵੱਲੋਂ ਸ਼ਰੇਆਮ ਹਰੇ ਭਰੇ ਜੰਗਲ ਤਬਾਹ ਕੀਤੇ ਜਾ ਰਹੇ ਹਨ, ਕੁਦਰਤੀ ਵਾਤਾਵਰਣ ਨੂੰ ਨੁਕਸਾਨ ਪਹੁੰਚਾ, ਭੂਗੋਲਿਕ ਸਥਿਤੀ ਨੂੰ ਵਿਗਾਡ਼ਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਲਾਕ ਤਲਵਾਡ਼ਾ ਦਾ ਜ਼ਿਆਦਾਤਰ ਖ਼ੇਤਰ ਜੰਲਗਾਤ ਐਕਟ ਦੀ ਦਫ਼ਾ 4 ਅਤੇ 5 ਅਧੀਨ ਆਉਂਦਾ ਹੈ, ਸਰਕਾਰ ਵੱਲੋਂ ਖ਼ੇਤਰ ‘ਚ ਕੋਈ ਵੀ ਖੱਡ ਮਾਈਨਿੰਗ ਲਈ ਨਿਲਾਮ ਨਹੀਂ ਕੀਤੀ ਗਈ, ਪਰ ਉਸ ਦੇ ਬਾਵਜੂਦ ਇਲਾਕੇ ਵਿੱਚ ਚੱਲ ਰਹੇ ਅੱਧੀ ਦਰਜਨ ਸਟੋਨ ਕਰੱਸ਼ਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਇਲਾਕੇ ‘ਚ ਵੱਡੀ ਪੱਧਰ ‘ਤੇ ਚੱਲਦੇ ਸਟੋਨ ਕਰੱਸ਼ਰ ਅਤੇ ਨਾਜਾਇਜ਼ ਖਣਨ ’ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਆਪੋ ਆਪਣੇ ਬਿਆਨ ਹਨ। ਕਰੱਸ਼ਰਾਂ ਦੇ ਇੰਚਾਰਜ ਗਗਨ ਨੇ ਸੁਖਚੈਨਪੁਰ ‘ਚ ਚੱਲ ਰਹੇ ਸਟੋਨ ਕਰੱਸ਼ਰ ਬਾਰੇ ਅਣਜਾਣਤਾ ਪ੍ਰਗਟ ਕੀਤੀ। ਸਵਾਲ ਦੇ ਜਵਾਬ ‘ਚ ਉਨ੍ਹਾਂ ਦਾਅਵਾ ਕੀਤਾ ਕਿ ਖ਼ੇਤਰ ‘ਚ ਚੱਲਦੇ ਸਟੋਨ ਕਰੱਸ਼ਰ ਵਿਭਾਗ ਵੱਲੋਂ ਨਿਲਾਮ ਕੀਤੀਆਂ ਖੱਡਾਂ ‘ਚੋਂ ਹੀ ਕੱਚਾ ਮਾਲ ਲਿਆਂਦੇ ਹਨ। ਸਵਾਂ ਅਤੇ ਬਿਆਸ ਦਰਿਆ ‘ਚ ਹੋ ਰਹੇ ਕਥਿਤ ਖਣਨ ਬਾਰੇ ਉਨ੍ਹਾਂ ਕਿਹਾ ਕਿ ਇਹ ਕੰਮ ਮਾਈਨਿੰਗ ਅਫ਼ਸਰ ਦਾ ਹੈ।
ਮਾਈਨਿੰਗ ਵਿਭਾਗ ਦੇ ਐਕਸਿਅਨ ਸਰਤਾਜ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਜੁਆਨਿੰਗ ਹੈ। ਉਨ੍ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਇਆਂ ਕਿਹਾ ਕਿ ਹਾਲ਼ੇ ਤੱਕ ਨਵੇਂ ਸਟੋਨ ਕਰੱਸ਼ਰਾਂ ’ਤੇ ਰੋਕ ਲੱਗੀ ਹੋਈ ਹੈ।

Leave a Reply

Your email address will not be published. Required fields are marked *