*ਰਾਜਪੂਤ ਸਭਾ ’ਤੇ ਜ਼ਬਰੀ ਕਬਜ਼ਾ ਕਰ ਦੁਕਾਨ ਬਣਾਉਣ ਦੇ ਲੱਗੇ ਦੋਸ਼,ਪੰਚਾਇਤ ਨੇ ਖੇਡ ਮੈਦਾਨ ’ਤੇ ਹੋਏ ਕਥਿਤ ਕਬਜ਼ੇ ਲਈ ਸੱਤਾਧਾਰੀ ਧਿਰ ਅਤੇ ਅਫ਼ਸਰਸ਼ਾਹੀ ’ਤੇ ਸੇਧਿਆ ਨਿਸ਼ਾਨਾ*

Uncategorized
Spread the love

ਤਲਵਾਡ਼ਾ, 9 ਅਗਸਤ (ਦੀਪਕ ਠਾਕੁਰ)-ਇੱਥੇ ਕਸਬਾ ਦਾਤਾਰਪੁਰ ਅਧੀਨ ਆਉਂਦੇ ਪਿੰਡ ਦੇਪੁਰ ਵਿਖੇ ਰਾਜਪੂਤ ਸਭਾ ਨੇ ਪੰਚਾਇਤੀ ਹੁਕਮਾਂ ਨੂੰ ਟਿੱਚ ਜਾਣ ਪੰਚਾਇਤ ਦੇ ਖੇਡ ਮੈਦਾਨ ’ਤੇ ਕਬਜ਼ਾ ਕਰ ਦੁਕਾਨ ਬਣਾ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਦੇਪੁਰ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਰਾਜਪੂਤ ਸਭਾ ਨੇ ਬੀਤੇ ਮਹੀਨੇ ਦੇ ਅੰਤਲੇ ਹਫ਼ਤੇ ‘ਚ ਪੰਚਾਇਤ ਦੀ ਜ਼ਮੀਨ ’ਤੇ ਕਥਿਤ ਕਬਜ਼ੇ ਦੀ ਨਿਅਤ ਨਾਲ ਦੁਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ। ਗ੍ਰਾਮ ਪੰਚਾਇਤ ਦੇਪੁਰ ਨੇ ਸਭਾ ਨੂੰ ਨੋਟਿਸ ਜ਼ਾਰੀ ਕਰ ਕੰਮ ਰੋਕਣ ਅਤੇ ਜ਼ਮੀਨ ਸਬੰਧੀ ਆਪਣੀ ਮਾਲਕੀ ਦੇ ਕਾਗਜ਼ ਪੰਚਾਇਤ ਕੋਲ਼ ਪੇਸ਼ ਕਰਨ ਲਿਆ ਕਿਹਾ ਸੀ। ਮਗਰੋਂ ਰਾਜਪੂਤ ਸਭਾ ਨੇ ਲੰਘੀ 27 ਤਾਰੀਕ ਨੂੰ ਮੁਡ਼ ਕੰਮ ਸ਼ੁਰੂ ਕਰ ਦਿੱਤਾ, ਜਿਸ ਦਾ ਪੰਚਾਇਤ ਨੇ ਮੀਡੀਆ ਦੀ ਹਾਜ਼ਰੀ ‘ਚ ਮੌਕੇ ’ਤੇ ਪਹੁੰਚ ਕੰਮ ਬੰਦ ਕਰਵਾਇਆ ਅਤੇ ਆਪਣੇ ਕਾਗਜ਼ ਦਿਖਾਉਣ ਲਈ ਕਿਹਾ। ਰਾਜਪੂਤ ਸਭਾ ਨੇ ਕਾਗਜ਼ ਤਾਂ ਨਾ ਦਿਖਾਏ, ਪਰ ਲੰਘੇ ਸ਼ਨੀਵਾਰ ਜ਼ਬਰਦਸਤੀ ਰਾਤ ਨੂੰ ਲੈਂਟਰ ਪਾ ਲਿਆ। ਸਰਪੰਚ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦੇਪੁਰ ਲੰਘੀ 7 ਤਾਰੀਕ ਨੂੰ ਚੱਲਦੇ ਕੰਮ ਦੌਰਾਨ ਮੌਕੇ ’ਤੇ ਪਹੁੰਚੀ, ਉਨ੍ਹਾਂ ਸਭਾ ਨੂੰ ਕੰਮ ਬੰਦ ਕਰਨ ਅਤੇ ਕਾਗਜ਼ ਦਿਖਾਉਣ ਲਈ ਕਿਹਾ। ਪਰ ਰਾਜਪੂਤ ਸਭਾ ਨੇ ਇੱਕ ਨਾ ਮੰਨੀ। ਜ਼ਬਰੀ ਕੰਮ ਜ਼ਾਰੀ ਰੱਖਿਆ। ਉਸਨੇ ਸਾਰੀ ਘਟਨਾਂ ਦੀ ਜਾਣਕਾਰੀ ਬੀਡੀਪੀਓ ਤਲਵਾਡ਼ਾ ਨੂੰ ਫੋਨ ’ਤੇ ਦਿੱਤੀ, ਪਰ ਬੀਡੀਪੀਓ ਨੇ ਕੰਮ ਰੁਕਵਾਉਣ ਦਾ ਕਹਿ ਆਪਣਾ ਫ਼ੋਨ ਬੰਦ ਕਰ ਲਿਆ। ਮਗਰੋਂ ਪੰਚਾਇਤ ਨੇ ਥਾਣਾ ਤਲਵਾਡ਼ਾ, ਡੀਐਸਪੀ ਦਸੂਹਾ ਤੇ ਐਸਐਸਪੀ ਨੂੰ ਪੰਚਾਇਤ ਦੀ ਜ਼ਮੀਨ ’ਤੇ ਹੋ ਰਹੇ ਕਥਿਤ ਕਬਜ਼ੇ ਨੂੰ ਰੋਕਣ ਲਈ ਲਈ ਫ਼ੋਨ ਕੀਤੇ ਅਤੇ ਫ਼ੌਰੀ ਕਾਰਵਾਈ ਦੀ ਮੰਗ ਕੀਤੀ। ਪਰ ਅਪੱਡ਼ ਕੇ ਮੌਕੇ ’ਤੇ ਪੁੱਜੀ ਤਲਵਾਡ਼ਾ ਪੁਲੀਸ ਨੇ ਉਲਟਾ ਪੰਚਾਇਤ ’ਤੇ ਹੀ ਕੰਮ ਬੰਦ ਕਰਵਾਉਣ ਸਬੰਧੀ ਸਟੇਅ ਆਰਡਰ ਪੇਸ਼ ਕਰਨ ਲਈ ਦਬਾਅ ਪਾਉਣਾ ਸ਼ੁਰੂ ਦਿੱਤਾ। ਸਰਪੰਚ ਨੇ ਖੇਡ ਮੈਦਾਨ ’ਤੇ ਕਥਿਤ ਕਬਜ਼ੇ ਲਈ ਅਫ਼ਸਰਸ਼ਾਹੀ ਤੇ ਸੱਤਾਧਾਰੀ ਧਿਰ ਨੂੰ ਜਿੰਮੇਵਾਰ ਦੱਸਿਆ ਹੈ। ਕਸਬੇ ਦੇ ਸਾਬਕਾ ਪ੍ਰਿੰਸੀਪਲ ਤੇ ਬਲਾਕ ਸਮੰਤੀ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ, ਜੋ ਕਿ ਰਾਜਪੂਤ ਸਭਾ ਦਾ ਵੀ ਸਰਗਰਮ ਮੈਂਬਰ ਹੈ, ’ਤੇ ਕਬਜ਼ਾ ਕਰਵਾਉਣ ਦੇ ਦੋਸ਼ ਲਗਾਏ ਹਨ। ਸਰਪੰਚ ਨੇ ਕਿਹਾ ਕਿ ਪੰਚਾਇਤ ਵੱਲੋਂ ਪਹਿਲਾਂ ਹੀ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਰਾਜਨੀਤਕ ਦਬਾਅ ਹੇਠ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਰਾਜਪੂਤ ਸਭਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਡਡਵਾਲ ਨੇ ਪੰਚਾਇਤ ਦੇਪੁਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸਾਰੀ ਵਾਲੀ ਜ਼ਮੀਨ ਉਨ੍ਹਾਂ ਸਭਾ ਦੀ ਖਰੀਦੀ ਹੋਈ ਹੈ, ਫ਼ਿਰ ਵੀ ਜੇਕਰ ਕਾਗਜਾਂ ‘ਚ ਜ਼ਮੀਨ ਪੰਚਾਇਤ ਦੀ ਨਿਕਲਦੀ ਹੈ, ਤਾਂ ਪੰਚਾਇਤ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਰਾਜਪੂਤ ਸਭਾ ਤਿਆਰ ਹੈ।
ਬੀਡੀਪੀਓ ਤਲਵਾਡ਼ਾ ਯੁਧਵੀਰ ਸਿੰਘ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਕੋਲ਼ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ। ਉਨ੍ਹਾਂ ਸ਼ਿਕਾਇਤ ਆਉਣ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ।
ਥਾਣਾ ਤਲਵਾਡ਼ਾ ਮੁਖੀ ਅਜਮੇਰ ਸਿੰਘ ਨੇ ਕਿਹਾ ਕਿ ਝਗਡ਼ੇ ਤੋਂ ਇੱਕ ਦਿਨ ਬਾਅਦ ਹੀ ਲਿਖਤੀ ਸ਼ਿਕਾਇਤ ਪੁਲੀਸ ਕੋਲ਼ ਪੁੱਜੀ ਹੈ। ਉਨ੍ਹਾਂ ਵੀ ਦੋਵਾਂ ਧਿਰਾਂ ਨੂੰ ਬੁਲਾ ਕੇ ਕਾਗਜ਼ ਪੱਤਰਾਂ ਦੀ ਜਾਂਚ ਕਰ, ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *