ਤਲਵਾਡ਼ਾ,13 ਸਤੰਬਰ( ਦੀਪਕ ਠਾਕੁਰ)-ਸਰਪੰਚ ਯੂਨੀਅਨ ਪੰਜਾਬ ਵੱਲੋਂ ਮਾਣ ਭੱਤੇ ਸਮੇਤ ਹੋਰ ਬੁਨਿਆਦੀ ਮੰਗਾਂ ਦੀ ਪ੍ਰਾਪਤੀ ਲਈ 15 ਤਾਰੀਕ ਨੂੰ ਸ਼ਾਹੀ ਸ਼ਹਿਰ ਪਟਿਆਲੇ ਵਿਖੇ ਰੋਸ ਮੁਜ਼ਾਹਰੇ ਦਾ ਸੱਦਾ ਦਿੱਤਾ ਹੈ। ਜਿਸ ਵਿੱਚ ਪੰਚਾਇਤ ਯੂਨੀਅਨ ਤਲਵਾਡ਼ਾ ਨੇ ਵੀ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਬਲਾਕ ਤਲਵਾਡ਼ਾ ਤੋਂ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਤੇ ਜਨ ਸਕੱਤਰ ਕੁਲਦੀਪ ਭੰਬੋਤਾਡ਼ ਨੇ ਦੱਸਿਆ ਕਿ ਪੰਜਾਬ ਇੱਕ ਮਾਤਰ ਅਜਿਹਾ ਸੂਬਾ ਹੈ ਜਿੱਥੇ ਲੋਕਤੰਤਰ ਦੀ ਮੁੱਢਲੀ ਇਕਾਈ ਦੇ ਨੁੰਮਾਇਦਿਆਂ ਨੂੰ ਕੋਈ ਵੀ ਮਾਣ ਭੱਤਾ ਨਹੀਂ ਦਿੱਤਾ ਜਾਂਦਾ, ਪੰਚਾਇਤੀ ਵਿਭਾਗ ‘ਚ ਲੰਮੇ ਸਮੇਂ ਤੋਂ ਭਰਤੀ ਨਾ ਹੋਣ ਕਾਰਨ ਜ਼ਿਆਦਾਤਰ ਪੋਸਟਾਂ ਖਾਲੀ ਪਈਆਂ ਹੋਈਆਂ ਹਨ। ਅਮਲੇ ਅਤੇ ਵਿਸ਼ੇਸ਼ ਤੌਰਤੇ ਪੰਚਾਇਤ ਸਕੱਤਰਾਂ ਦੀ ਘਾਟ ਕਾਰਨ ਪਿੰਡਾਂ ‘ਚ ਪੰਚਾਇਤਾਂ ਨੂੰ ਵਿਕਾਸ ਕਾਰਜ ਅਤੇ ਹੋਰ ਲੋਕ ਪੱਖੀ ਕੰਮ ਕਰਵਾਉਣ ‘ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਾਹੀ ਸ਼ਹਿਰ ਪਟਿਆਲਾ ਵਿਖੇ ਰੋਸ ਮੁਜ਼ਾਹਰੇ ‘ਚ ਸ਼ਾਮਲ ਹੋਣ ਲਈ ਯੂਨੀਅਨ ਦੀ ਮੰਗਲਵਾਰ ਨੂੰ ਬਾਅਦ ਦੁਪਹਿਰ ਦੋ ਵਜੇ ਬੀਡੀਪੀਓ ਦਫ਼ਤਰ ਮੀਟਿੰਗ ਬੁਲਾਈ ਗਈ ਹੈ।





