*ਲਖੀਮਪੁਰ ਖੀਰੀ ਵਿਖੇ ਵਾਪਰੀ ਦਿੱਲ ਦਹਿਲਾ ਦੇਣ ਵਾਲੀ ਘਟਨਾ ਦੀ ਰਾਮ ਸਿੰਘ ਮੈਗੜਾ ਨੇ ਕੀਤੀ ਜ਼ੋਰਦਾਰ ਨਿਖੇਧੀ*

Uncategorized
Spread the love

ਪੈਰਿਸ 6 ਅਕਤੂਬਰ​ ( ਭੱਟੀ ਫਰਾਂਸ )​ ਫਰਾਂਸ ਦੇ ਜਾਣੇ ਪਹਿਚਾਣੇ ਸਮਾਜ ਸੇਵਕ ਰਾਮ ਸਿੰਘ ਮੈਗੜਾ ਨੇ ਬਹੁਤ ਹੀ ਭਾਵੁਕ ਹੁੰਦਿਆਂ ਹੋਇਆਂ ਅਤੇ ਮੀਡੀਏ ਨੂੰ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਲਖੀਮਪੁਰ​ ਖੀਰੀ ਦੀ ਘਟਨਾ ਦੀ ਮੈਂ ਪੁਰਜ਼ੋਰ ਸ਼ਬਦਾਂ ‘ਚ ਨਿਖੇਧੀ ਕਰਦਾ ਹਾਂ। ਰਾਮ ਸਿੰਘ ਮੈਗੜਾ ਨੇ ਇਹ ਵੀ ਕਿਹਾ ਇਸ ਘਟਨਾ ਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਬਲਕਿ ਯੂ. ਪੀ ਦੇ ਇਤਿਹਾਸ ਵਿੱਚ ਇਕ ਨਵਾਂ ਅਧਿਆਏ ਲਿਖਿਆ ਜਾਵੇਗਾ। ਰਾਮ ਸਿੰਘ ਮੈਗੜਾ ਨੇ ਬੀ.ਜੇ.ਪੀ ਦੇ ਕੇਂਦਰੀ ਮੰਤਰੀ ਅਤੇ ਉਸ ਦੇ ਪੁੱਤਰ ਦੀ ਕਰਤੂਤ ਦੀ ਸਖ਼ਤ ਸ਼ਬਦਾਂ ਚ’ ਨਿਖੇਧੀ ਕਰਦਿਆਂ ਹੋਇਆਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਜਿਸਤਰਾਂ ਮੰਤਰੀ ਦੇ ਸਿਰਫਿਰੇ ਮੁੰਡੇ ਨੇ ਸ਼ਾਂਤਮਈ ਤਰੀਕੇ ਨਾਲ਼ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਆਪਣੇ ਕਾਫਲੇ ਦੀਆਂ ਗੱਡੀਆਂ ਹੇਠ ਦਰੜਿਆ ਹੈ, ਉਸ ਦੀ ਤਾਂ ਕਲਪਨਾ ਕਰਨ ਲੱਗੇ ਵੀ ਡਰ ਲੱਗਦਾ ਹੈ, ਦੂਸਰਾ ਇਹ ਹਾਦਸਾ ਅੰਗਰੇਜਾਂ​ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਗਿਆ ਹੈ , ਕਿਉਂਕਿ ਉਹ ਘੋੜਿਆਂ ਦੇ ਖੁਰਾਂ ਹੇਠ ਆਦਮੀ ਨੂੰ ਦਰੜ ਕੇ ਸਜਾ ਦਿੰਦੇ​ ​ ਸਨ ਅਤੇ ਇਹ ਕਾਲੇ ਗੋਰੇ ਗੱਡੀਆਂ ਹੇਠ ਦੇਣ ਲੱਗ ਪਏ ਹਨ, ਪਰ ਮੋਦੀ ਸਾਹਿਬ ਇਹ ਮੱਤ ਭੁੱਲਣਾ ਕਿ ਅੱਤ ਅਤੇ ਖ਼ੁਦਾ ਦਾ ਵੈਰ ਬਹੁਤ ਹੁੰਦਾ ਹੈ, ਉਸਦੀ ਲਾਠੀ ਚੱਲਣ ਲੱਗੇ ਦੀ ਅਵਾਜ ਵੀ ਨਹੀਂ ਆਉਂਦੀ | ਭਾਈ ਮੈਗੜਾ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਸਭ ਤੋਂ ਵੱਡੀ ਗਲਤੀ ਹੈ ਕਿ ਉਹ ਹੁਣ ਕਿਸਾਨਾਂ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਈ ਹੈ । ਇਸ ਦੇਸ਼ ਦੀ ਜਨਤਾ ਚੰਗੀ ਤਰਾਂ​ ਜਾਣਦੀ ਹੈ ਕਿ ਕਿਸਾਨ ਆਮ ਲੋਕਾਂ ਦੀ ਲੜਾਈ ਲੜ ਰਹੇ ਹਨ ਇਸ ਲਈ ਬੀ.ਜੇ.ਪੀ ਦੀ ਪੂਰੇ ਦੇਸ਼ ਵਿੱਚੋਂ ਜੜ੍ਹ ਪੁੱਟ ਹੋਣੀ ਯਕੀਨੀ ਬਣ ਗਈ ਹੈ। ਮੈਗੜਾ ਨੇ ਇਸ ਘਟਨਾ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਉਹ ਇਹਨਾਂ ਪਰਿਵਾਰਾਂ ਦੇ ਹਰ ਦੁੱਖ ਸੁੱਖ ਵਿੱਚ ਹਮੇਸ਼ਾਂ ਨਾਲ਼ ਖੜ੍ਹਣਗੇ। ਮੈਗੜਾ ਸਾਹਿਬ ਨੇ ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਇਹ ਵੀ ਕਿਹਾ ਕਿ ਪ੍ਰਮਾਤਮਾਂ ਇਨ੍ਹਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਪ੍ਰੀਵਾਰਾਂ ਨੂੰ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ

Leave a Reply

Your email address will not be published. Required fields are marked *