ਪੈਰਿਸ 16 ਅਕਤੂਬਰ (ਭੱਟੀ ਫਰਾਂਸ ) ਫਰਾਂਸ ਦੇ ਜਾਣੇ ਪਹਿਚਾਣੇ ਸਮਾਜ ਸੇਵਕ ਰਾਮ ਸਿੰਘ ਮੈਗੜਾ ਨੇ ਕਿਹਾ ਕਿ ਜੇਕਰ ਪਿਛਲੇ ਸਮੇਂ ‘ਚ ਹੋਈਆਂ ਬੇਅਦਬੀਆਂ ਦੇ ਜਿੰਮੇਵਾਰ ਵਿਅਕਤੀਆਂ ਨੂੰ ਸਰਕਾਰ ਵਲੋਂ ਯੋਗ ਸਜਾਵਾਂ ਮਿਲੀਆਂ ਹੁੰਦੀਆਂ ਤਾਂ ਅੱਜ ਨਿਹੰਗ ਸਿੰਘ ਨੂੰ ਕਿਸੇ ਦਾ ਕਤਲ ਕਰਨ ਦੀ ਲੋੜ ਨਾ ਪੈਂਦੀ | ਵੈਸੇ ਦੇਖਿਆ ਜਾਵੇ ਤਾਂ ਇਸ ਅਭਾਗੇ ਨੌਜਵਾਨ ਦੇ ਕਤਲ ਦੀ ਜਿੰਮੇਵਾਰ ਸਰਕਾਰ ਹੈ, ਜਿਸਨੇ ਹਰੇਕ ਬੇਅਦਬੀ ਕਾਂਡ ਤੇ ਅੱਖਾਂ ਮੀਟੀ ਰੱਖੀਆਂ ਜਿਸ ਨਾਲ਼ ਬੇਅਦਬੀ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਮਿਲਦੀ ਰਹੀ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ਵਾਲੇ ਧਰਮੀ ਸਿੱਖਾਂ ਦੇ ਹਰ ਰੋਜ ਹਿਰਦੇ ਵਲੂੰਦਰੇਦੇ ਗਏ, ਜਿਸ ਦਾ ਸਿੱਟਾ ਅੱਜ ਇਹ ਨਿਕਲਿਆ ਹੈ ਕਿ ਨਿਹੰਗ ਸਿੰਘ ਨੂੰ ਮਜਬੂਰੀ ਵੱਸ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦਾ ਕਤਲ ਕਰਨਾ ਪੈ ਗਿਆ ਹੈ | ਦੂਸਰੇ ਲਫਜਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਕਤਲ ਸਿੱਖਾਂ ਦੇ ਰਹਿਬਰ ਸ਼੍ਰੀ ਗਰੰਥ ਸਾਹਿਬ ਜੀ ਦੀ ਦਿਨੋ ਦਿਨ ਹੋ ਰਹੀ ਬੇਹੁਰਮਤੀ ਦਾ ਰਿਜਲਟ ਹੈ | ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹ ਕੌੜਾ ਸੱਚ ਕਬੂਲਦਿਆਂ ਹੋਇਆਂ ਨਿਹੰਗ ਸਿੰਘ ਨੂੰ ਕਠੋਰ ਸਜਾ ਦੇਣ ਦੀ ਜਗਾਹ ਪਿਛਲੇ ਗੁਨਾਹਗਾਰਾਂ ਨੂੰ ਜੇਲਾਂ ‘ਚ ਡੱਕੇ ਅਤੇ ਆਉਣ ਵਾਲੇ ਭਵਿੱਖ ਦੀ ਚਿੰਤਾ ਕਰੇ, ਵਰਨਾ ਹੁਣ ਲੋਕ ਇਹੋ ਜਿਹੀ ਕੋਝੀ ਹਰਕਤ ਕਰਨ ਵਾਲਿਆਂ ਨੂੰ ਆਪ ਹੀ ਸਜਾਵਾਂ ਦੇਣ ਲੱਗ ਪੈਣਗੇ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ | ਮੈਂ ਆਪਣੇ ਵਲੋਂ ਨਿਹੰਗ ਸਿੰਘ ਵਲੋਂ ਕੀਤੀ ਦਲੇਰਾਨਾ ਕਾਰਵਾਈ ਦੀ ਸ਼ਲਾਘਾ ਕਰਦਾ ਹਾਂ ਅਤੇ ਇਸ ਕਤਲ ਦੀ ਅਸਲੀ ਕਾਤਿਲ ਜਿੰਮੇਵਾਰ ਪੰਜਾਬ ਸਰਕਾਰ ਦੇ ਰੋਲ ਦੀ ਨਿੰਦਾ ਕਰਦਾ ਹਾਂ, ਜਿਸਨੇ ਅੱਜ ਤੱਕ ਕਿਸੇ ਵੀ ਬੇਅਦਬੀ ਵਾਲੇ ਕਾਂਡ ਦੇ ਜਿੰਮੇਵਾਰ ਵਿਅਕਤੀ ਨੂੰ ਸਜਾ ਨਹੀਂ ਦਿੱਤੀ, ਬਲਕਿ ਲੋਕਾਂ ਵਲੋਂ ਮੌਜੂਦਾ ਸਮੇਂ ਤੇ ਫੜੇ ਦੋਸ਼ੀ ਜਿਹੜੇ ਕਿ ਪੁਲਿਸ ਦੇ ਹਵਾਲੇ ਕੀਤੇ ਜਾਂਦੇ ਸਨ, ਉਨ੍ਹਾਂ ਨੂੰ ਵੀ ਅਗਲੇ ਦਿਨ ਪਾਗਲ ਕਰਾਰ ਦੇ ਕੇ ਛੱਡ ਦਿੱਤਾ ਜਾਂਦਾ ਸੀ |
ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਬੀਤੇ ਦਿਨ ਸਿੰਘੂ ਸਰਹੱਦ ਉੱਤੇ ਨੌਜਵਾਨ ਲਖਵੀਰ ਸਿੰਘ ਦੇ ਕਤਲ ਦੇ ਸਬੰਧ ਵਿੱਚ ਨਿਹੰਗ ਸਰਬਜੀਤ ਸਿੰਘ ਨੇ ਕਤਲ ਦੀ ਜਿੰਮੇਵਾਰੀ ਕਬੂਲਦਿਆਂ ਹੋਇਆਂ ਖੁੱਦ ਗ੍ਰਿਫਤਾਰੀ ਦੇ ਦਿੱਤੀ ਸੀ , ਜਿਸਦੀ ਮੈਂ ਸ਼ਲਾਘਾ ਕਰਦਾ ਹਾਂ ਕਿ ਨਿਹੰਗ ਸਿੰਘ ਨੇ ਪੁਲਿਸ ਦੇ ਟਾਈਮ ਦੀ ਬਰਬਾਦੀ ਨੂੰ ਸਮਝਦਿਆਂ ਹੋਇਆਂ ਆਪਣੀ ਗ੍ਰਿਫਤਾਰੀ ਦਿੱਤੀ ਹੈ, ਅਸਲ ਵਿੱਚ ਇਸਨੂੰ ਹੀ ਇਨਸਾਨੀਅਤ ਕਿਹਾ ਜਾਂਦਾ ਹੈ | ਮ੍ਰਿਤਕ ਦੀ ਪਛਾਣ ਲਖਬੀਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਚਿਮਾਖੁਰਦ ਜ਼ਿਲ੍ਹਾ ਤਰਨ ਤਾਰਨ ਪੰਜਾਬ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਆਨ ਆਇਆ ਸੀ ਕਿ ਘਟਨਾ ਦੀ ਜ਼ਿੰਮੇਵਾਰੀ ਪੂਰੇ ਦੇ ਪੂਰੇ ਨਿਹੰਗ ਸਿੰਘਾਂ ਦੇ ਇੱਕ ਸਮੂਹ ਨੇ ਲੈ ਲਈ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹਾ ਉਸ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਾਰਨ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਟੇਜ ਨੇੜੇ ਇੱਕ ਨੋਜਵਾਨ ਦਾ ਬੀਤੇ ਦਿਨ ਸਵੇਰੇ ਸਵੇਰੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਨੌਜਵਾਨ ਦਾ ਹੱਥ ਅਤੇ ਲੱਤ ਕੱਟ ਕੇ ਲਾਸ਼ ਨੂੰ ਨੇੜੇ ਲੱਗਦੇ ਬੈਰੀਕੇਡ ਉੱਤੇ ਲਟਕਾਇਆ ਗਿਆ ਸੀ, ਜਿਸਨੂੰ ਮੌਕੇ ਤੇ ਡਿਊਟੀ ਦੇ ਰਹੀ ਪੁਲਿਸ ਦੀ ਟੁਕੜੇ ਨੇ ਉਤਾਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ |





