ਤਲਵਾਡ਼ਾ, 13 ਨਵੰਬਰ (ਦਾ ਮਿਰਰ ਪੰਜਾਬ)-ਪੰਜਾਬ ਦੇ ਲੋਕ ਸੂਬੇ ‘ਚ ਅਕਾਲੀ -ਬਸਪਾ ਗਠਜੋਡ਼ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਇਹ ਸ਼ਬਦ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਹਾਜੀਪੁਰ ਵਿਖੇ ਵਰਕਰ ਮੀਟਿੰਗ ਦੌਰਾਨ ਕਹੇ। ਸ੍ਰ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸੇਧਦਿਆ। ਸ੍ਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ‘ਚ ਨਾਕਾਮ ਹੀ ਨਹੀਂ ਸਗੋਂ ਬੂਰੀ ਤਰ੍ਹਾਂ ਫ਼ੇਲ ਸਾਬਤ ਹੋਈ ਹੈ। ਸਾਢੇ ਚਾਰ ਸਾਲ ਲੋਕਾਂ ਤੋਂ ਦੂਰ ਰਹਿਣ ਵਾਲੇ ਸਰਕਾਰ ਦੇ ਮੰਤਰੀ ਤੇ ਵਿਧਾਇਕ ਚੋਣਾਂ ਤੋਂ ਐਨ ਪਹਿਲਾਂ ਵੱਖ- ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬ ਦੇ ਲੋਕ ਕਾਂਗਰਸੀ ਰਾਜ ਤੋਂ ਮੁਕਤੀ ਚਾਹੁੰਦੇ ਹਨ। ਸ੍ਰ ਬਾਦਲ ਨੇ ਝੋਨੇ ਦੀ ਖਰੀਦ ਅੱਧ ਵਿਚਾਲੇ ਰੋਕਣ ’ਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ, ਉਨ੍ਹਾਂ ਕਿਹਾ ਸਰਕਾਰ ਦੀ ਕਾਰਵਾਈ ਨੇ ਕਾਂਗਰਸ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਸੂਬੇ ‘ਚ ਬਿਜਲੀ ਸੰਕਟ ’ਤੇ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਕੋਈ ਨਵਾਂ ਬਿਜਲੀ ਪ੍ਰਾਜੈਕਟ ਤਾਂ ਲਗਾ ਨਹੀਂ ਸਕੀ, ਪਰ ਪਹਿਲਾਂ ਚੱਲਦੇ ਪ੍ਰਾਜੈਕਟ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ’ਤੇ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਯੋਜਨਾਵਾਂ ਬੰਦ ਕਰਨ ਦੇ ਦੋਸ਼ ਵੀ ਲਗਾਏ। ਸ੍ਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਬੀਐਸਐਫ਼ ਦੇ ਅਧਿਕਾਰ ਖ਼ੇਤਰ ‘ਚ ਕੀਤੇ ਵਾਧੇ ਦੇ ਫੈਸਲੇ ਨੂੰ ਪਿਛਲੇ ਦਰਵਾਜੇ ਰਾਹੀਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਬਰਾਬਰ ਦੱਸਿਆ। ਸ੍ਰ ਬਾਦਲ ਨੇ ਸੂਬੇ ‘ਚ ਅਕਾਲੀ ਬਸਪਾ ਗਠਜੋਡ਼ ਸਰਕਾਰ ਬਣਨ ’ਤੇ 13 ਨੁਕਾਤੀ ਏਜੰਡਾ ਲਾਗੂ ਕਰਨ ਦੀ ਗੱਲ ਕਹੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਸਰਕਲ ਪ੍ਰਧਾਨ ਹਾਜੀਪੁਰ ਲਖਵਿੰਦਰ ਸਿੰਘ ਟਿੰਮੀ, ਜਸਵਿੰਦਰ ਸਿੰਘ ਬਿੱਟੂ, ਕਿਰਪਾਲ ਸਿੰਘ ਗੇਰਾ, ਸੌਦਾਗਰ ਸਿੰਘ ਚਨੌਰ, ਸਰਕਲ ਪ੍ਰਧਾਨ ਭੰਗਾਲਾ ਰਸ਼ਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਜ਼ਿਲ੍ਹੇ ਤੇ ਸੂਬਾਈ ਲੀਡਰਸ਼ਿਪ ਮੌਜ਼ੂਦ ਸੀ।
ਸੁਖਬੀਰ ਸਿੰਘ ਬਾਦਲ 25 ਨੂੰ ਹਲ਼ਕਾ ਦਸੂਹਾ ‘ਚ ਵਰਕਰ ਮੀਟਿੰਗਾਂ ਕਰਨਗੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 25 ਨਵੰਬਰ ਨੂੰ ਹਲ਼ਕਾ ਦਸੂਹਾ ‘ਚ ਵਰਕਰ ਮੀਟਿੰਗਾਂ ਕਰਨਗੇ। ਇਹ ਜਾਣਕਾਰੀ ਸ਼੍ਰੋ ਅ ਦ ਦੇ ਕੌਮੀ ਜਨ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਦਿੱਤੀ।





