ਜਲੰਧਰ , ਜੂਨ 05 (ਦਾ ਮਿਰਰ ਪੰਜਾਬ)- ਪੁਲਿਸ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੇ ਸਬੰਧ ਵਿਚ 05 ਹੋਰ ਵਿਅਕਤੀਆ ਸਮੇਤ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ , ਜਿਸ ਨਾਲ ਕੁੱਲ ਗਿਣਤੀ 09 ਹੋ ਗਈ ਹੈ । ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਫੌਜੀ ਵਾਸੀ ਬੁਲੰਦਸ਼ਰ , ਵਿਕਾਸ ਮਾਹਲੇ ਵਾਸੀ ਗੁੜਗਾਓ , ਹਰਿਆਣਾ , ਸਚਿਨ ਧੂਲਿਆ ਵਾਸੀ ਅਲਵਰ , ਰਾਜਸਥਾਨ , ਮਨਜੋਤ ਕੌਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ , ਯੂ.ਪੀ. ਹੈ । ਪੁਲਿਸ ਵਲੋਂ ਇਹਨਾਂ ਪਾਸੋਂ 7 ਪਿਸਤੋਲ ਸਮੇਤ 5 ਵਿਦੇਸ਼ੀ .30 ਬੋਰ ਪਿਸਤੋਲ ਤੇ ਦੋ .315 ਬੋਰ ਕੰਟਰੀਮੇਡ ਪਿਸਤੌਲ ਤੇ 3 ਵਹੀਕਲ ਸਮੇਤ ਮਹਿੰਦਰਾ ਐਕਸ.ਯੂ.ਵੀ , ਟੋਇਟਾ ਈਟੀਓਸ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ ਹਨ । ਜਿਕਰਯੋਗ ਹੈ ਕਿ 14 ਮਾਰਚ 2022 , ਨੂੰ ਸ਼ਾਮ ਵਜੇ ਦੇ ਕਰੀਬ ਪਿੰਡ ਮੱਲੀਆ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਵਲੋਂ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆ ਵਜੋਂ ਜਾਣੇ ਜਾਂਦੇ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ।
ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) , ਸਵਪਨ ਸ਼ਰਮਾ , ਨੇ ਐਤਵਾਰ ਨੂੰ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਫੋਜੀ ਜਿਸ ਨੂੰ ਬੁਲੰਦਸ਼ਰ , ਯੂ.ਪੀ. ਤੋਂ ਫੜਿਆ ਗਿਆ ਸੀ , ਜੋ ਕਿ ਇਸ ਕਤਲ ਵਿਚ ਮੁੱਖ ਕੋਰਡੀਨੇਟਰ ਸੀ , ਜਿਸਨੇ ਹੀ ਸ਼ਾਰਪ ਸ਼ੂਟਰਾਂ ਨੂੰ ਆਉਣ ਜਾਣ ਲਈ ਵਹੀਕਲ , ਹਥਿਆਰ , ਸੈਫ ਹਾਉਸ , ਹਥਿਆਰਾ ਨੂੰ ਹੈਂਡਲ ਕਰਨ ਲਈ ਟ੍ਰੈਨਿੰਗ , ਵਿਤੀ ਸਹਾਇਤਾ ਅਤੇ ਜੁਰਮ ਨੂੰ ਅੰਜਾਮ ਦੇਣ ਲਈ ਰੇਕੀ ਕਰਕੇ ਦਿੱਤੀ ਸੀ । ਉਹਨਾਂ ਨੇ ਦੱਸਿਆ ਕਿ ਫਰੀਦਾਬਾਦ ਤੋਂ ਫੜੇ ਗਏ ਇੱਕ ਹੋਰ ਦੋਸ਼ੀ ਵਿਕਾਸ ਮਾਹਲੇ , ਮੁੱਖ ਸ਼ੂਟਰ ਨੂੰ ਗੋਲੀਬਾਰੀ ਕਰਨ ਵਾਲਿਆ ਦੀ ਪਹਿਚਾਣ ਕਰਨ ਅਤੇ ਉਹਨਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਬਾਅਦ ਵਿਚ ਉਸਨੇ ਵੀ ਫੌਜੀ ਨਾਲ ਮਿਲ ਕੇ ਸੰਦੀਪ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਸੀ । ਜਾਂਚ ਦੋਰਾਨ ਵਿਕਾਸ ਮਾਹਲੇ ਨੇ ਪੰਜਾਬ ਵਿਚ ਦੋ ਕਤਲ ਕੇਸਾਂ ਵਿਚ ਆਪਣੀ ਭੂਮਿਕਾ ਦਾ ਖੁਲਾਸਾ ਕੀਤਾ ਹੈ , ਜਿਹਨਾਂ ਬਾਰੇ ਪੁਲਿਸ ਨੂੰ ਪਹਿਲਾਂ ਪਤਾ ਨਹੀ ਸੀ ।





