ਸਿੱਧੂ ਅਤੇ ਭਗਵੰਤ ਮਾਨ ਵਲੋਂ ਪੰਜਾਬ ਦਾ ਸੀ.ਐਮ ਬਣਨ ਦੀ ਮਨਸ਼ਾ ਹੀ ਅ.ਦਲ ਅਤੇ ਬਸਪਾ ਦੇ ਗੱਠਜੋੜ ਦੀ ਸਰਕਾਰ ਬਣਨ ਦਾ ਰਾਹ ਕਰੇਗੀ ਸਾਫ —–ਭੰਗੂ, ਨੌਰਾ, ਡੋਗਰਾਂਵਾਲ ਅਤੇ ਭੁੰਗਰਨੀ |
ਸੁੰਯੁਕਤ ਮੋਰਚਾ, ਕਾਂਗਰਸ ਲੋਕ ਦਲ ਅਤੇ ਭਾਜਪਾ ਦਾ ਗੱਠਜੋੜ ਵੀ, ਅਕਾਲੀ ਦਲ ਦੀ ਜਗਾਹ ਕਾਂਗਰਸ ਅਤੇ ਆਪ ਦੇ ਵੋਟ ਬੈਂਕ ਨੂੰ ਹੀ ਲਾਵੇਗਾ ਖੋਰਾ—-ਫਤਿਹਗੜ ਅਤੇ ਹਰਦੀਪ ਬੋਦਲ |
ਬਿਕਰਮਜੀਤ ਸਿੰਘ ਮਜੀਠੀਆ ਚੰਨੀ ਅਤੇ ਸਿੱਧੂ ਵਾਸਤੇ ਬਣਿਆ ਗਲੇ ਦੀ ਹੱਡੀ, ਪੁਆੜੇ ਦੀ ਜੜ ਸਿੱਧੂ ਦੀ ਹੈਂਕੜੀ——–ਕੁਲਦੀਪ ਸਿੰਘ ਖਾਲਸਾ ਅਤੇ ਕਾਲੜੂ |
ਅਕਾਲੀ ਦਲ ਨੂੰ ਛੱਡਕੇ , ਭਾਜਪਾ ਦੀ ਸਪੋਰਟ ਤੇ ਬਣੇ ਨਵੇਂ ਗੱਠਜੋੜ ਸਾਹਿਤ ਆਪ ਅਤੇ ਕਾਂਗਰਸ ਵਿੱਚ ਪੰਜਾਬ ਦਾ ਸੀ ਐਮ ਨਾਮਜਦ ਕਰਨ ਵਾਲਾ ਰੌਲਾ ਅਜੇ ਵੀ ਬਰਕਰਾਰ—ਮੀਡੀਆ ਰਿਪੋਰਟ |
ਪੈਰਿਸ 3 ਦਸੰਬਰ ( ਦਾ ਮਿਰਰ ਪੰਜਾਬ ) 5 ਜਨਵਰੀ ਨੂੰ ਪੰਜਾਬ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰੈਲੀ, ਜਿਸ ਵਿੱਚ ਸੰਯੁਕਤ ਮੋਰਚਾ ਦੇ ਮੁਖੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਲੋਕ ਦਲ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੋ ਰਹੇ ਹਨ, ਇਹ ਸਾਰੇ ਜਣੇ ਆਪਣੀ ਸਿਆਸੀ ਵਿਉਂਤ ਮੁਤਾਬਿਕ, ਪੰਜਾਬੀਆਂ ਦੀਆਂ ਦੋ ਤਿੰਨ ਅਹਿਮ ਮੰਗਾਂ ਮੰਨਣ ਦੇ ਨਾਲ਼ ਨਾਲ਼, ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਕੇ ਪੰਜਾਬੀਆਂ ਦੀਆਂ ਵੋਟਾਂ ਬਟੋਰਨ ਦਾ ਰਸਤਾ ਸਾਫ ਕਰਨਗੇ | ਪੰਜਾਬ ਦੇ ਸਿਆਸੀ ਪੰਡਿਤਾਂ ਦੀ ਕਿਆਸ ਆਰਾਈ ਅਤੇ ਯੂਰੋਪੀਅਨ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਸੋਚ ਮੁਤਾਬਿਕ ਉਪਰੋਕਤ ਤਿੰਨੋਂ ਪਾਰਟੀਆਂ ਦੇ ਨੇਤਾਵਾਂ ਦਾ ਇਬ ਫੈਸਲਾ ਰੈਲੀ ਦੀ ਤਰੀਕ ਮਿਥਣ ਤੋਂ ਪਹਿਲਾਂ ਹੋ ਚੁੱਕਾ ਹੈ, ਬੱਸ ਰਸਮੀ ਐਲਾਨ ਕਰਨਾ ਹੀ ਬਾਕੀ ਹੈ, ਜੋ ਕਿ ਰੈਲੀ ਵਾਲੇ ਦਿਨ ਸਬੱਬ ਦੇ ਸਾਹਮਣੇ ਆ ਹੀ ਜਾਣਾ ਹੈ | ਇਸ ਰੈਲੀ ਵਾਲੇ ਦਿਨ ਅਕਾਲੀ ਦਲ, ਕਾਂਗਰਸ ਅਤੇ ਆਪ ਪਾਰਟੀ ਦੇ ਕੱਦਾਵਰ ਨੇਤਾ ਭਾਜਪਾ ਦਾ ਪੱਲਾ ਵੀ ਫੜ ਸੱਕਦੇ ਹਨ, ਜੋ ਕਿ ਤਹਿ ਵੀ ਹੋ ਚੁੱਕਾ ਹੈ | ਪੰਜਾਬ ਦੇ ਕਿਸਾਨ ਬੇਸ਼ੱਕ ਮੋਦੀ ਸਾਹਿਬ ਦੇ ਪੁਤਲੇ ਜਲਾਈ ਜਾਣ, ਐਪਰ ਪੰਜਾਬ ਅਤੇ ਪੰਜਾਬੀਆਂ ਨਾਲ਼ ਗੇਮ ਖੇਡੀ ਜਾ ਚੁੱਕੀ ਹੈ |
ਦੂਸਰਾ ਜੇਕਰ ਅਸੀਂ ਗੱਲ ਕਰੀਏ ਪੰਜਾਬ ਕਾਂਗਰਸ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਸੁਭਾਅ ਦੀ ਤਾਂ ਉਹ ਆਪਣੀ ਆਦਤ ਅਨੁਸਾਰ ਪਾਰਟੀ ਬਦਲਣ ਦੀ ਕਗਾਰ ਉੱਪਰ ਖੜ੍ਹੇ ਹਨ, ਬੱਸ ਉਡੀਕ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਕਾਂਗਰਸ ਖੁੱਦ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢੇ | ਇਸ ਗੱਲ ਦੇ ਸਬੂਤ ਇਸ ਕਰਕੇ ਵੀ ਮਿਲਦੇ ਹਨ ਕਿ ਉਹ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੀ ਬਦਖੋਹੀ ਖੁੱਲੇਆਮ ਕਰਦੇ ਦਿਖਾਈ ਦਿੰਦੇ ਹਨ, ਜੋ ਕਿ ਪੰਜਾਬ ਕਾਂਗਰਸ ਵਾਸਤੇ ਅਸ਼ੁੱਭ ਸ਼ਗਨ ਦੇ ਸੰਕੇਤ ਹਨ | ਵੈਸੇ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਰੌਲਾ ਤਾਂ ਪੰਜਾਬ ਮਾਡਲ ਦਾ ਪਾ ਰਹੇ ਹਨ, ਐਪਰ ਉਹ ਖੁੱਦ ਕਿਸ ਰੋਲ ਮਾਡਲ ਦਾ ਰੋਲ ਏਡਾ ਕਰ ਰਹੇ ਹਨ, ਪਹਿਲਾਂ ਕੈਪਟਨ ਨਾਲ਼ ਇੱਟ ਖੜਿੱਕਾ, ਨਾ ਮੰਤਰੀ ਪੱਦ ਸੰਭਾਲਿਆ ਅਤੇ ਨਾ ਹੀ ਪੰਜਾਬ ਵਾਸਤੇ ਕੋਈ ਕੰਮ ਕੀਤਾ, ਹਾਂ ਆਪਣੀ ਹੀ ਸਰਕਾਰ ਦੇ ਮੁਖੀ ਨਾਲ਼ ਸੌਕਣਾਂ ਵਾਲਾ ਵਿਵਹਾਰ ਕਰਕੇ ਆਪਣੀਆਂ ਕਮਜੋਰੀਆਂ ਅਤੇ ਖਾਮੀਆਂ ਤੋਂ ਲੋਕਾਂ ਦੀਆਂ ਨਜਰਾਂ ਵਿੱਚ ਅੱਜ ਤੱਕ ਬਚੇ ਰਹੇ, ਕਿਉਂਕਿ ਜਦ ਤੁਸੀਂ ਕੋਈ ਕੰਮ ਹੀ ਨਹੀਂ ਕਰੋਗੇ ਤਾ ਦੂਸ਼ਣ ਕਿਵੇਂ ਲੱਗਣਗੇ | ਸਿੱਧੂ ਦੀ ਦਲ ਬਦਲੂ ਵਾਲੀ ਆਦਤ ਹੀ ਉਸਦੇ ਮੂੰਹੋਂ ਅਨਾਪ ਸ਼ਨਾਪ ਦੀ ਭਾਸ਼ਾ ਕਢਵਾ ਕੇ ਉਸਨੂੰ ਹਰੇਕ ਕਾਂਗਰਸੀ ਨੇਤਾ ਦਾ ਦੁਸ਼ਮਣ ਬਣਾ ਰਹੀ ਹੈ, ਵਰਨਾ ਕਾਂਗਰਸ ਪਾਰਟੀ ਨੇ ਉਸਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਸਾਰੀ ਸ਼ਕਤੀ ਹੀ ਉਸਦੇ ਹੱਥ ਫੜਾ ਛੱਡੀ ਸੀ, ਜਿਸਨੂੰ ਸਿੱਧੂ ਸਾਹਿਬ ਤਾਂ ਪਚਾ ਨਹੀਂ ਸਕੇ ਲੇਕਿਨ ਚੰਨੀ ਸਾਹਿਬ ਆਪਣੀ ਮਿੱਠੀ ਸ਼ਬਦਾਵਲੀ ਦੇ ਕਾਰਨ ਦਿਨੋ ਦਿਨ ਹਰਮਨ ਪਿਆਰੇ ਨੇਤਾ ਬਣਦੇ ਜਾ ਰਹੇ ਹਨ |
ਇਸ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਅਹੁਦੇਦਾਰ ਜਗਵੰਤ ਸਿੰਘ ਲਹਿਰਾ, ਜਸਵੰਤ ਸਿੰਘ ਭਦਾਸ, ਮਸਤਾਨ ਸਿੰਘ ਨੌਰਾ, ਲਾਭ ਸਿੰਘ ਭੰਗੂ, ਲਖਵਿੰਦਰ ਸਿੰਘ ਡੋਗਰਾਂਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫਤਿਹਗੜ, ਹਰਦੀਪ ਸਿੰਘ ਬੋਦਲ, ਕੁਲਦੀਪ ਸਿੰਘ ਖਾਲਸਾ ਆਦਿ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਕੇ, ਪੰਜਾਬ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਅਜੇ ਤੱਕ ਵੀ ਆਪਣੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਦੱਸ ਸਕੀਆਂ ਕਿ ਉਹ ਕਿਸਦੇ ਨਾਮ ਦੀ ਵੋਟ ਪ੍ਰਾਪਤ ਕਰਕੇ ਸਰਕਾਰ ਬਣਾਉਣ ਦੀ ਪਿਰਤ ਪਾਉਣਗੇ | ਇਕੱਲੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਵਿੱਚ ਅਜਿਹੀ ਵਾਹਿਦ ਪਾਰਟੀ ਹੈ, ਜਿਸ ਵਿੱਚ ਮੁੱਖ ਮੰਤਰੀ ਦੇ ਨਾਮ ਨੂੰ ਲੇ ਕੇ ਕੋਈ ਖਿੱਚੋਤਾਣ ਨਹੀਂ ਹੈ, ਵਰਨਾ ਆਪ ਪਾਰਟੀ ਦੇ ਭਗਵੰਤ ਮਾਨ, ਨਵੇਂ ਬਣ ਰਹੇ ਭਾਜਪਾ ਵਾਲੇ ਗੱਠਜੋੜ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਨਵਜੋਤ ਸਿੱਧੂ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਣ ਲੱਗ ਪਾਏ ਹਨ, ਐਪਰ ਇਨ੍ਹਾਂ ਪਾਰਟੀਆਂ ਦੀ ਹਾਈਕਮਾਂਡ ਇਨ੍ਹਾਂ ਨੂੰ ਅਜੇ ਤੱਕ ਵੀ ਘਾਹ ਨਹੀਂ ਪਾ ਰਹੀ |
ਲਹਿਰਾ ਅਤੇ ਭੰਗੂ ਨੇ ਆਪਣੇ ਸਾਥੀਆਂ ਦੇ ਹਵਾਲੇ ਨਾਲ਼ ਇਹ ਵੀ ਕਿਹਾ ਕਿ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠਾ ਉੱਪਰ ਜਬਰਦਸਤੀ ਐਫ.ਆਈ.ਆਰ ਦਰਜ ਕਰਵਾ ਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਸਾਰੀ ਸਿਆਸਤ ਹਿਲਾ ਕੇ ਰੱਖ ਛੱਡੀ ਸੀ, ਐਪਰ ਜਦ ਉਹ ਨਵੇਂ ਸਾਲ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗਿਆ ਸੀ ਤਾਂ ਸਿੱਧੂ ਸਾਹਿਬ ਦੇ ਆਕਾ ਸਿਧਾਰਥ ਚਟੋਪਾਧਿਆਏ ਅੱਖਾਂ ਮੀਟ ਕੇ ਦੇਖਦੇ ਰਹੇ, ਕਿਉਂਕਿ ਮਜੀਠੀਏ ਖਿਲਾਫ ਕੇਸ ਸਿਰਫ ਤੇ ਸਿਰਫ ਬਦਲਾ ਲਊ ਨੀਤੀ ਤਹਿਤ ਪੰਜਾਬ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਣ ਵਾਸਤੇ ਹੀ ਬਣਾਇਆ ਗਿਆ ਸੀ, ਜਦਕਿ ਕੈਪਟਨ ਸਾਹਿਬ ਅਤੇ ਪੁਲਿਸ ਅਫਸਰ ਅਸਥਾਨਾਂ ਦੇ ਕਹੇ ਮੁਤਾਬਿਕ ਇਸ ਕੇਸ ਵਿੱਚ ਸਿਆਸਤ ਹੀ ਖੇਡੀ ਜਾ ਰਹੀ ਹੈ | ਸਿੱਧੂ ਸਾਹਿਬ ਆਪਣੇ ਜੱਟ ਪੁਣੇ ਦੀ ਹੈਂਕੜ ਕਾਇਮ ਰੱਖਣ ਵਾਸਤੇ ਪੰਜਾਬ ਪੁਲਿਸ ਅਤੇ ਸਰਕਾਰੀ ਕੰਮ ਕਾਜ ਨੂੰ ਪ੍ਰਭਾਵਿਤ ਕਰਨ ਤੋਂ ਬਿਨਾਂ ਪੰਜਾਬ ਦੇ ਭਲੇ ਵਾਲਾ ਕੋਈ ਵੀ ਕੰਮ ਪਿਛਲੇ ਪੰਜਾਂ ਸਾਲਾਂ ਦਰਮਿਆਨ ਕਰਕੇ ਨਹੀਂ ਦਿਖਾ ਸਕੇ ਸਿਵਾਏ ਤਾਲੀ ਠੋਕੋ ਦੇ |
ਹੁਣ ਦੇਖਣਾ ਇਹ ਬਣਦਾ ਹੈ ਕਿ ਭਾਜਪਾ ਦੀ ਪੰਜਾਬ ਵਿੱਚਲੀ ਸਿਆਸੀ ਰੈਲੀ ਦੀ ਸਮਾਪਤੀ ਉਪਰੰਤ ਪੰਜਾਬ ਦੀ ਸਿਆਸਤ ਦਾ ਊਠ ਕਿਸ ਕਰਵਟ ਬੈਠਦਾ ਹੈ, ਇਸਦਾ ਸਾਨੂੰ ਹੋਰ ਦੋ ਦਿਨ ਵਾਸਤੇ ਇੰਤਜਾਰ ਕਰਨਾ ਹੋਵੇਗਾ, ਵਰਨਾ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਵਾਲਾ ਸੰਭਾਵੀ ਉਮੀਦਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਸਭ ਦੇ ਸਾਹਮਣੇ ਡਟ ਕੇ ਆਪਣੀ ਪਾਰਟੀ ਦੇ ਪ੍ਰੋਗਰਾਮ ਅਤੇ ਏਜੰਡੇ ਬਾਰੇ ਸਾਰਿਆਂ ਨੂੰ ਜਾਣੂ ਕਰਵਾ ਰਿਹਾ ਹੈ | ਸੁਖਬੀਰ ਸਿੰਘ ਬਾਦਲ ਦੇ ਨਾਮ ਉੱਪਰ ਕਿਸੇ ਵੀ ਅਕਾਲੀ ਦਲ ਦੇ ਨੇਤਾ ਜਾਂ ਵਰਕਰ ਸਾਹਿਤ ਬਸਪਾ ਨੂੰ ਵੀ ਕੋਈ ਇਤਰਾਜ ਨਹੀਂ ਹੈ ਅਤੇ ਨਾ ਹੀ ਹੋਵੇਗਾ |





