ਨਵਾਂ ਸ਼ਹਿਰ (ਦਾ ਮਿਰਰ ਪੰਜਾਬ)-ਅੱਜ ਨਵਾਂਸ਼ਹਿਰ ਦੀ ਦਾਣਾ ਮੰਡੀ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਵੱਲੋਂ ਸਾਂਝੀ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਸਪਾ ਪ੍ਰਮੁੱਖ ਕੁਮਾਰੀ ਮਾਇਆਵਤੀ ਵਿਸ਼ੇਸ਼ ਰੂਪ ਵਿੱਚ ਪੁੱਜੇ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਰ੍ਹਦਿਆਂ ਕਿਹਾ ਕਿ ਜਿਸ ਸਮੇਂ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਤਾਂ ਉਸ ਨੂੰ ਚਾਹੀਦਾ ਸੀ ਕਿ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਨਮ ਧਰਤੀ ਵਾਰਾਨਸੀ ਵਿਖੇ ਨਤਮਸਤਕ ਹੁੰਦਾ ਪਰ ਦੂਜੇ ਦਿਨ ਹੀ ਉਹ ਪਹਾੜਾਂ ਤੇ ਮੱਥਾ ਟੇਕਣ ਚਲਾ ਗਿਆ, ਇਹ ਮਾਨਸਿਕਤਾ ਹੈ ਚੰਨੀ ਦੀ।

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਮੈਂ ਕਿਸੇ ਧਰਮ ਦੇ ਵਿਰੁਧ ਨਹੀਂ ਹਾਂ ਪਰ ਚਰਨਜੀਤ ਸਿੰਘ ਚੰਨੀ ਦੀ ਮਾਨਸਿਕਤਾ ਬਾਰੇ ਗੱਲ ਸਮਾਜ ਨੂੰ ਦਸਣਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਵਿਚ ਵਧ ਰਹੀ ਤਾਕਤ ਨੂੰ ਦੇਖਦੇ ਹੋਏ ਕਾਂਗਰਸ ਨੇ ਮਜਬੂਰੀ ਵਸ ਰਿਮੋਟ ਤੇ ਚੱਲਣ ਵਾਲਾ ਅਲਕ ਮੁਖ ਮੰਤਰੀ ਤਿੰਨ ਮਹੀਨੇ ਦੇ ਲਈ ਬਣਾ ਦਿਤਾ। ਇਸ ਤੋਂ ਬਾਅਦ ਹੁਣ ਫੇਰ ਅਗਲੇ ਪੰਜ ਸਾਲਾਂ ਦੇ ਲਈ ਕਾਂਗਰਸ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਦਲਿਤਾਂ ਅਤੇ ਪਛੜੇ ਵਰਗ ਦੇ ਨਾਲ ਧੋਖਾ ਕੀਤਾ ਹੈ, ਚਰਨਜੀਤ ਸਿੰਘ ਚੰਨੀ ਦਾ ਚਿਹਰਾ ਦਿਖਾ ਕੇ ਹੋਣ ਦਲਿਤਾਂ ਨੂੰ ਭਰਮਾਉਣਾ ਚਾਹੁੰਦਾ ਹੈ। ਕੁਮਾਰੀ ਮਾਇਆਵਤੀ ਨੇ ਅੱਗੇ ਕਿਹਾ ਕਿ ਕਾਂਗਰਸ ਦੀ ਜਾਤੀਵਾਦੀ ਮਾਨਸਿਕਤਾ ਕਦੇ ਵੀ ਦਲਿਤਾਂ ਅਤੇ ਪਛੜੇ ਵਰਗ ਦਾ ਭਲਾ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕੇ ਕਾਂਗਰਸ ਦੀ ਜਾਤੀਵਾਦੀ ਮਾਨਸਿਕਤਾ ਨੇ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਭਾਰਤ ਰਤਨ ਐਵਾਰਡ ਤੱਕ ਨਹੀਂ ਕੀਤਾ। ਜਿਸ ਸਮੇਂ ਸਮਾਜ ਪਾਰਟੀ ਰਾਜ ਸੱਤਾ ਵਿਚ ਆਈ ਤਾਂ ਉਸ ਸਮੇਂ ਦੇਸ਼ ਵਿੱਚ ਬੀਪੀ ਸਿੰਘ ਦੀ ਸਰਕਾਰ ਸੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਪ੍ਰਧਾਨ ਮੰਤਰੀ ਸ੍ਰੀ ਬੀ ਪੀ ਸਿੰਘ ਹੁਣ ਉਹ ਕਹਿ ਕੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਭਾਰਤ ਰਤਨ ਦਾ ਖਿਤਾਬ ਦਵਾਇਆ।

ਕੁਮਾਰੀ ਮਾਇਆਵਤੀ ਨੇ ਅੱਗੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਵੀ ਜਾਤੀਵਾਦੀ ਮਾਨਸਿਕਤਾ ਵਾਲੀਆਂ ਪਾਰਟੀਆਂ ਹਨ ਜਿਨ੍ਹਾਂ ਨੇ ਕਦੇ ਵੀ ਦਲਿਤ ਅਤੇ ਪੱਛੜਾ ਵਰਗ ਦਾ ਕੁਝ ਨਹੀਂ ਸੰਵਾਰਿਆ। ਇਸ ਮੌਕੇ ਉਨ੍ਹਾਂ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਵੱਡੀ ਗਿਣਤੀ ਵਿੱਚ ਜਤਾਇਆ ਜਾਵੇ।

ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਮਹਾਂਪੁਰਸ਼ਾਂ, ਗੁਰੂਆਂ ਦੀਆਂ ਵਿਸ਼ੇਸ਼ ਯਾਦਗਾਰਾਂ ਪੂਰੇ ਸੂਬੇ ਵਿੱਚ ਬਣਾਈਆਂ ਗਈਆਂ। ਅੰਮ੍ਰਿਤਸਰ ਸਾਹਿਬ ਵਿਖੇ ਭਗਵਾਨ ਬਾਲਮੀਕੀ ਦੇ ਆਸ਼ਰਮ ਦਾ ਨਿਰਮਾਣ ਕੀਤਾ ਗਿਆ। ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਚਰਨ ਛੋਹ ਧਰਤੀ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਸਬੰਧਤ ਇਹ ਯਾਦਗਾਰ ਦੀ ਸ਼ੁਰੂਆਤ ਕੀਤੀ ਗਈ, ਇਸੇ ਦੌਰਾਨ ਅਕਾਲੀ ਦਲ ਦਾ ਕਾਰਜਕਾਲ ਖਤਮ ਹੋ ਗਿਆ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ, ਕਾਂਗਰਸ ਦੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਦੀ ਉਸਾਰੀ ਕਰਵਾ ਦਿੱਤੀ ਅਤੇ ਹਾਲੇ ਤਕ ਇੱਕ ਵੀ ਇੱਟ ਓਥੇ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਯਾਦਗਾਰ ਦੀ ਉਸਾਰੀ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਨਾਂ ਤੇ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਨਾਂ ਤੇ ਮੈਡੀਕਲ ਕਾਲਜ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੁਮਾਰੀ ਮਾਇਆਵਤੀ ਦੇ ਪੰਜਾਬ ਦੌਰੇ ਤੋਂ ਬਾਅਦ ਅਕਾਲੀ ਦਲ ਤੇ ਬਸਪਾ ਦੀ ਸੁਨਾਮੀ ਸੂਬੇ ਵਿਚ ਹੂੰਝਾ ਫੇਰੇਗੀ। ਉਹਨਾਂ ਕਿਹਾ ਕਿ ਪੰਜਾਬੀ ਕਾਂਗਰਸ ਪਾਰਟੀ ਵੱਲੋਂ ਠੱਗੇ ਮਹਿਸੂਸ ਕਰ ਰਹੇ ਹਨ ਜਿਸਨੇ ਪੰਜ ਸਾਲਾਂ ਵਿਚ ਕੱਖ ਨਹੀਂ ਕੀਤਾ ਤੇ ਇਹ ਪੰਜ ਸਾਲ ਬਰਬਾਦ ਕਰ ਦਿੱਤੇ। ਇਸਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਰੰਭੀਆਂ ਸਮਾਜ ਭਲਾਈ ਸਕੀਮਾਂ ਜਾਂ ਤਾਂ ਬੰਦ ਕਰ ਦਿੱਤੀਆਂ ਜਾਂ ਫਿਰ ਉਹਨਾਂ ਵਿਚ ਕਟੌਤੀ ਕਰ ਦਿੱਤੀ। ਉਹਨਾਂ ਕਿਹਾ ਕਿ ਲੱਖਾਂ ਨੀਲੇ ਕਾਰਡ ਤੇ ਬੁਢਾਪਾ ਪੈਨਸ਼ਨਾਂ ਤੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਦੇ ਨਾਂ ਕੱਟ ਦਿੱਤੇ ਗਏ।
ਇਸ ਰੈਲੀ ਨੁੰ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਹੋਰ ਸੀਨੀਅਰ ਆਗੂਆਂ ਨੇ ਵੀ ਸੰਬੋਧਨ ਕੀਤਾ।





