*ਸੌਦਾ ਸਾਧ ਦੀ ਫਰਲੋ ਰਿਹਾਂਈ ਪੰਜਾਬ ਦੇ ਅਮਨ ਲਈ ਖਤਰਾ-ਪਰਮਿੰਦਰ ਪਾਲ ਸਿੰਘ ਖਾਲਸਾ*

पंजाब
Spread the love

ਜਲੰਧਰ( ਦਾ ਮਿਰਰ ਪੰਜਾਬ )- ਡੇਰਾ ਸੌਦਾ ਮੁਖੀ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਫਰਲੋ ਦੇਣ ਦੇ ਫੈਸਲੇ ’ਤੇ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਸਖ਼ਤ ਇਤਰਾਜ਼ ਕਰਦਿਆਂ ਉਸ ਦੀ ਰਿਹਾਈ ਰੱਦ ਕਰਨ ਦੀ ਮੰਗ ਕੀਤੀ ਹੈ।ਉਹਨਾਂ ਨੇ ਆਖਿਆ ਕਿ ਇਹ ਫੈਸਲਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ, ਜਿਸ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਡੇਰਾ ਮੁਖੀ ਜਿਥੇ ਜਬਰ-ਜਨਾਹ ਅਤੇ ਕਤਲ ਵਰਗੇ ਸੰਗੀਨ ਦੋਸ਼ਾਂ ਤਹਿਤ ਸਜ਼ਾ ਕੱਟ ਰਿਹਾ ਹੈ, ਉਥੇ ਹੀ ਬਰਗਾੜੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨਾਲ ਵੀ ਉਸ ਦਾ ਸਿੱਧਾ ਸਬੰਧ ਜੁੜਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਵੱਲੋਂ ਰਲ ਕੇ ਰਾਜਸੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਹਰਿਆਣਾ ਸਰਕਾਰ ਰਾਜਸੀ ਲਾਹਾ ਲੈਣ ਦੇ ਮੰਤਵ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਇਸ ਫੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਕਰੇ । ਉਨ੍ਹਾਂ ਕਿਹਾ ਕਿ ਸਜ਼ਾਵਾਂ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਸਿੱਖ ਬੰਦੀ ਜੇਲ੍ਹਾਂ ਵਿਚ ਬੰਦ ਹਨ ਪਰ ਉਨ੍ਹਾਂ ਨੂੰ ਨਾ ਤਾਂ ਪੈਰੋਲ ਅਤੇ ਨਾ ਹੀ ਰਿਹਾਅ ਕੀਤਾ ਜਾ ਰਿਹਾ ਹੈ ਜਦਕਿ ਡੇਰਾ ਮੁਖੀ ਨੂੰ ਬਿਨਾਂ ਲੋੜ ’ਤੇ ਹੀ ਫਰਲੋ ਦਿੱਤੀ ਗਈ ਹੈ, ਜੋ ਸਿੱਖ ਭਾਈਚਾਰੇ ਨਾਲ ਵਿਤਕਰੇ ਵਾਲੇ ਵਤੀਰੇ ਦਾ ਪ੍ਰਮਾਣ ਹੈ। ਉਹਨਾਂ ਕਿਹਾ ਕਿ ਸਰਕਾਰ ਉਨ੍ਹਾਂ ਹਾਲਾਤਾਂ ਨੂੰ ਕਿਉਂ ਭੁੱਲ ਗਈ ਜਦੋਂ ਪੰਚਕੂਲਾ ਹਾਈਕੋਰਟ ਵਿਚ ਪੇਸ਼ ਹੋਣ ‘ਤੇ ਦੇਸ਼ ਤੇ ਸਮਾਜ ਵਿਰੋਧੀ ਇਹ ਸਭ ਕੁਝ ਹਿੰਸਕ ਵਰਤਾਰਾ ਵਾਪਰਿਆ ਸੀ। ਕਿੰਨੀਆਂ ਜਾਨਾਂ ਗਈਆਂ, ਜਨਤਕ ਜਾਇਦਾਦਾਂ ਨੂੰ ਸਾੜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮੁਸ਼ਕਲ ਨਾਲ ਹੀ ਸਲਾਖਾਂ ਪਿੱਛੇ ਸੁੱਟਿਆ ਜਾ ਸਕਿਆ ਸੀ। ਹੁਣ ਸਰਕਾਰ ਉਸੇ ਵਿਅਕਤੀ ਨੂੰ ਬਾਹਰ ਕੱਢ ਕੇ ਸਮਾਜ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਸਭ ਨੂੰ ਪਤਾ ਹੈ ਕਿ ਜ਼ਿੰਮੇਵਾਰ ਕੌਣ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਿਆਸੀ ਫ਼ੈਸਲਿਆਂ ਦਾ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਹ ਅਜਿਹੇ ਫੈਸਲੇ ਹਨ ਜੋ ਸਿਸਟਮ ਤੇ ਅਮਨ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹਨਾਂ ਕਿਹਾ ਕਿ ਇਕ ਪਾਸੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਪੰਜਾਬ ਵਿਚ ਲਿਆਕੇ ਸੁਰੱਖਿਆ ਨੂੰ ਬਹਾਨਾ ਬਣਾਕੇ ਪੁਛਗਿੱਛ ਨਹੀਂ ਹੋਣ ਦਿਤੀ ਜਾ ਰਹੀ ,ਦੂਜੇ ਪਾਸੇ ਜਮਾਨਤ ਦੇ ਦਿਤੀ ਹੈ।ਇਹ ਹਰਿਆਣਾ ਸਰਕਾਰ ਦਾ ਦੋਹਰਾ ਵਿਹਾਰ ਕਿਉਂ।

Leave a Reply

Your email address will not be published. Required fields are marked *