ਤਲਵਾਡ਼ਾ,5 ਮਈ (ਦੀਪਕ ਠਾਕੁਰ)-ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਬਲਾਕ ਤਲਵਾਡ਼ਾ ਦਾ ਵਫ਼ਦ ਜ਼ਮੀਨਾਂ ਦਾ ਵਾਜਬ ਮੁੱਲ ਲੈਣ ਸਬੰਧੀ ਆਪਣੀ ਫ਼ਰਿਆਦ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਅ। ਵਫ਼ਦ ਦੀ ਅਗਵਾਈ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਨੀਲ ਪਰਮਾਰ, ਆਰਐਮਪੀਆਈ ਦੇ ਆਗੂ ਸਾਥੀ ਗੰਗਾ ਪ੍ਰਸ਼ਾਦ, ਜ਼ਮਹੂਰੀ ਕਿਸਾਨ ਸਭਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਆਗੂ ਸਾਥੀ ਸੁਖਦੇਵ ਸਿੰਘ ਢਿੱਲੋਂ ਅਤੇ ਦਸੂਹਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਆਗੂ ਅਰੁਣ ਡੋਗਰਾ ਨੇ ਕੀਤੀ। ਰੇਲਵੇ ਵਿਭਾਗ ਵੱਲੋਂ ਬਲਾਕ ਤਲਵਾਡ਼ਾ ਦੇ ਸਰਹੱਦੀ ਪਿੰਡ ਭਟੋਲੀ, ਭਵਨੌਰ, ਰਾਮਗਡ਼੍ਹ ਸੀਕਰੀ, ਨੰਗਲ ਖਨੌਡ਼ਾ ਅਤੇ ਕਰਟੌਲੀ ਵਿੱਚ ਤਜਵੀਜ਼ਤ ਨੰਗਲ ਡੈਮ ਤੋਂ ਤਲਵਾਡ਼ਾ ਵਾਇਆ ਰੇਲ ਪ੍ਰਾਜੈਕਟ ਤਹਿਤ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਰੇਟ ਬਹੁਤ ਘੱਟ ਦੇਣ ਦਾ ਮੁੱਦਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਕੋਲ਼ ਉਠਾਇਆ, ਆਪਣੀਆਂ ਮੁਸ਼ਕਲਾਂ ਸਬੰਧੀ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਵਫ਼ਦ ਦੇ ਆਗੂ ਸੁਨੀਲ ਪਰਮਾਰ ਨੇ ਦੱਸਿਆ ਕਿ ਮੀਟਿੰਗ ਸੁਖਾਂਵੇਂ ਮਾਹੌਲ ‘ਚ ਹੋਈ ਹੈ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਮਾਲਕਾਂ ਨੂੰ ਵਾਜ਼ਬ ਰੇਟ ਦੇਣਾ ਜਰੂਰੀ ਹੈ। ਉਨ੍ਹਾਂ ਵਫ਼ਦ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਜ਼ਲਦ ਹੀ ਐਸਡੀਐਮ ਮੁਕੇਰੀਆਂ ਨਾਲ ਗੱਲਬਾਤ ਕਰਕੇ ਜ਼ਮੀਨ ਮਾਲਕਾਂ ਨੂੰ ਬਣਦਾ ਹੱਕ ਦਿੱਤਾ ਜਾਵੇਗਾ। ਵਫ਼ਦ ਮੈਂਬਰ ਵਿਜੈ ਕਰਟੌਲੀ, ਸਾਬਕਾ ਵਿਧਾਇਕ ਅਰੁਣ ਡੋਗਰਾ, ਕਮੇਟੀ ਦੇ ਸਕੱਤਰ ਸੰਜੀਵ ਕੁਮਰ ਤੇ ਉਪ ਪ੍ਰਧਾਨ ਵਿਜੈ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਉਨ੍ਹਾਂ ਦੀਆਂ ਵੱਖ ਵੱਖ ਕਿਸਮ ਦੀਆਂ ਜ਼ਮੀਨਾਂ ਦੇ ਪ੍ਰਤੀ ਮਰਲਾ ਰੇਟ ਬਹੁਤ ਘੱਟ ਤੈਅ ਕੀਤੇ ਗਏ ਹਨ। ਖ਼ੇਤਰ ‘ਚ ਲੋਕਾਂ ‘ਚ ਭਾਰੀ ਰੋਹ ਹੈ।