ਦੀਪਕ ਠਾਕੁਰ
ਤਲਵਾਡ਼ਾ,11 ਸਤੰਬਰ -ਇੱਥੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਸਨਅਤੀ ਕਸਬਾ ਸੰਸਾਰਪੁਰ ਟੈਰਸ ਦੀਆਂ ਸਨਅਤਾਂ ਵੱਲੋਂ ਦੁਸ਼ਿਤ ਪਾਣੀ ਸਵਾਂ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ। ਦੁਸ਼ਿਤ ਪਾਣੀ ਕਾਰਨ ਦਰਿਆ ਕੰਢੇ ਵਸੇ ਇਲਾਕਿਆਂ ’ਚ ਚਮਡ਼ੀ ਰੋਗ ਸਮੇਤ ਹੋਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਹ ਦੁਸ਼ਿਤ ਪਾਣੀ ਅੱਗੇ ਬਿਆਸ ਦਰਿਆ ਨੂੰ ਪਲੀਤ ਕਰ ਰਿਹਾ ਹੈ। ਬਿਆਸ ਦਰਿਆ ਦੇ ਕੰਢੇ ਵਸੇ ਚੰਗਡ਼ਵਾਂ, ਆਦਮਪੁਰ ਮੋਟੀਆਂ, ਚੱਕਮੀਰਪੁਰ ਆਦਿ ਪਿੰਡਾਂ ਦੇ ਵਸਨੀਕਾਂ ਲਈ ਫੈਕਟਰੀਆਂਾ ’ਚੋਂ ਨਿਕਲਿਆ ਦੁਸ਼ਿਤ ਪਾਣੀ ਮੁਸੀਬਤ ਬਣ ਗਿਆ ਹੈ। ਦਰਿਆ ਕੰਢੇ ਵਸੇ ਇਨ੍ਹਾਂ ਪਿੰਡਾਂ ’ਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ, ਬਦਬੂ ਦਾਰ ਪਾਣੀ ਨੂੰ ਆਵਾਰਾ ਪਸ਼ੂ ਵੀ ਨਹੀਂ ਪੀਂਦੇ।

ਪਿੰਡ ਚੰਗਡ਼ਵਾਂ ਦੇ ਵਾਸੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਸੁਮੀਤ ਡਡਵਾਲ ਨੇ ਦੱਸਿਆ ਕਿ ਫੈਕਟਰੀਆਂ ਦੇ ਗੰਦੇ ਪਾਣੀ ਕਾਰਨ ਇਲਾਕੇ ‘ਚ ਲੋਕ ਚਮਡ਼ੀ ਰੋਗ ਨਾਲ ਗ੍ਰਸਤ ਹੋ ਰਹੇ ਹਨ, ਪਿੰਡ ’ਚ ਸਰਕਾਰੀ ਵਾਟਰ ਸਪਲਾਈ ਨਹੀਂ ਹੈ ਅਤੇ ਲੋਕ ਨਿੱਜੀ ਬੋਰਵੈਲੱ ਦਾ ਪਾਣੀ ਹੀ ਪ੍ਰਯੋਗ ਕਰਦੇ ਹਨ, ਪਰ ਸੰਸਾਰਪੁਰ ਟੈਰਸ ਦੀਆਂ ਫੈਕਟਰੀਆਂ ਵੱਲੋਂ ਦਰਿਆ ’ਚ ਲਗਾਤਾਰ ਛੱਡੇ ਜਾ ਰਹੇ ਜ਼ਹਿਰੀਲੇ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਵੀ ਦੁਸ਼ਿਤ ਹੋ ਚੁੱਕਾ ਹੈ। ਉਹ ਅਤੇ ਹੋਰ ਪਿੰਡ ਵਾਸੀ ਰੋਜ਼ਾਨਾ ਬੀਬੀਐਮਬੀ ਕਲੌਨੀ ’ਚੋਂ ਪੀਣ ਲਈ ਪਾਣੀ ਲਿਆਂਦੇ ਹਨ।
ਹਿਮਾਚਲ ਪ੍ਰਦੇਸ਼ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵਰੁਣ ਗੁਪਤਾ ਨੇ ਪਹਿਲਾਂ ਤਾਂ ਸੰਸਾਰਪੁਰ ਟੈਰਸ ਦੀਆਂ ਸਨਅਤਾਂ ਵੱਲੋਂ ਸਵਾਂ ਦਰਿਆ ’ਚ ਦੁਸ਼ਿਤ ਪਾਣੀ ਸੁੱਟਣ ਦੀ ਗੱਲ ਨੂੰ ਮੁੱਢੋਂ ਹੀ ਖਾਰਜ਼ ਕਰ ਦਿੱਤਾ। ਬਾਅਦ ਵਿੱਚ ਕਿਹਾ ਕਿ ਜ਼ਰੂਰੀ ਨਹੀਂ ਬਦਰੰਗਾ ਤੇ ਬਦਬੂ ਦਾਰ ਪਾਣੀ ਜ਼ਹਿਰੀਲਾ ਹੀ ਹੋਵੇ। ਜਦੋਂ ਧਰਤੀ ਹੇਠਲੇ ਪਾਣੀ ਦੇ ਨਮੂਨੇ ਦੀ ਮਨਜ਼ੂਰ ਸ਼ੁਦਾ ਲੈਬੋਰੇਟਰੀਆਂ ’ਚ ਜਾਂਚ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ।
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧਿਕਾਰੀ ਨੇ ਕਿਹਾ ਕਿ ਉਸਦੀ ਨਵੀਂ ਜੁਆਇਨਿੰਗ ਹੈ, ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਵਿਭਾਗ ਦੇ ਉਚ ਅਧਿਕਾਰੀ ਨਾਲ ਗੱਲ ਕਰਨ ਦਾ ਮਸ਼ਵਰਾ ਦਿੱਤਾ। ਐਕਸਿਅਨ ਸ਼ਿਵ ਕੁਮਾਰ ਹੁਰਾਂ ਨੂੰ ਕਈ ਵਾਰ ਫੋਨ ਕੀਤਾ,ਪਰ ਉਨ੍ਹਾਂ ਫੋਨ ਉਠਾਉਣਾ ਮੁਨਾਸਿਬ ਨਾ ਸਮਝਿਆ।
ਜ਼੍ਹਿਲਾ ਪਰਿਸ਼ਦ ਮੈਂਬਰ ਸੁਮੀਤ ਡਡਵਾਲ ਨੇ ਮਾਮਲੇ ਦਾ ਜ਼ਲਦ ਹੱਲ ਨਾਲ ਕੱਢਣ ਦੀ ਸੂਰਤ ’ਚ ਪੀਡ਼੍ਹਤਾਂ ਦੇ ਸਹਿਯੋਗ ਨਾਲ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ।





