ਜਲੰਧਰ ( ਦਾ ਮਿਰਰ ਪੰਜਾਬ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਖੁਦ ਨੂੰ ਸਾਫ-ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਦੱਸਣ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵੱਲੋਂ ਵਿਰੋਧੀ ਧਿਰਾਂ ਖਿਲਾਫ ਦੱਬ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਰਿਹਾ ਹੈ।
ਪੁਲਿਸ ਤਾਂ ਪਹਿਲਾਂ ਹੀ ਖੁੱਲ ਕੇ ਇੱਕਤਰਫਾ ਕੰਮ ਕਰ ਰਹੀ ਹੈ। ਇਸਦੇ ਨਾਲ ਹੀ ਜਲੰਧਰ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫਸਰਾਂ ਵੱਲੋਂ ਵੀ ਵਿਰੋਧੀ ਧਿਰਾਂ ਖਿਲਾਫ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਖਾਸਕਰ ਹਲਕਾ ਕਰਤਾਰਪੁਰ ’ਚ ਆਪ ਵਿਧਾਇਕ ਦੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫਸਰਾਂ ਵੱਲੋਂ ਆਪ ਵਿਰੋਧੀ ਰਾਜਸੀ ਧਿਰਾਂ ਨਾਲ ਸਬੰਧਤ ਪੰਚਾਇਤਾਂ ਨੂੰ ਨਜ਼ਾਇਜ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਪੰਚਾਇਤਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਪਿੰਡਾਂ ’ਚ ਵਿਕਾਸ ਦੇ ਕੰਮ ਕਰਵਾਉਣੇ ਹਨ ਤਾਂ ਉਹ ਆਪ ’ਚ ਸ਼ਾਮਲ ਹੋ ਜਾਣ। ਆਪ ਵਿਰੋਧੀ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਜਿਹੜੀਆਂ ਪੰਚਾਇਤਾਂ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੀਆਂ ਹਨ, ਉਨ੍ਹਾਂ ਦਾ ਇਨ੍ਹਾਂ ਅਫਸਰਾਂ ਵੱਲੋਂ ਰਿਕਾਰਡ ਜਬਤ ਕਰ ਲਿਆ ਜਾਂਦਾ ਹੈ। ਇਨ੍ਹਾਂ ਪੰਚਾਇਤਾਂ ਦੇ ਸਰਪੰਚਾਂ ਖਿਲਾਫ ਇਨਕੁਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਦੂਜੇ ਪਾਸੇ ਜਿਹੜੇ ਸਰਪੰਚ ਜਾਂ ਪੰਚਾਇਤਾਂ ਆਮ ਆਦਮੀ ਪਾਰਟੀ ਦੇ ਹਲਕਾ ਕਰਤਾਰਪੁਰ ਤੋਂ ਵਿਧਾਇਕ ਦੇ ਹੱਕ ’ਚ ਚਲੀਆਂ ਜਾਂਦੀਆਂ ਹਨ, ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦੇ ਚਾਹੇ ਜਿੰਨੇ ਮਰਜ਼ੀ ਦੋਸ਼ ਲੱਗੇ ਹੋਣ ਜਾਂ ਫਿਰ ਪਿੰਡ ਦੇ ਕਿਸੇ ਵਿਅਕਤੀ ਵਲੋਂ ਇਹ ਦੋਸ਼ ਸਾਬਿਤ ਵੀ ਕੀਤੇ ਹੋਣ, ਉਨ੍ਹਾਂ ਦੇ ਮਾਮਲੇ ’ਚ ਇਨ੍ਹਾਂ ਅਫਸਰਾਂ ਵੱਲੋਂ ਅੱਖਾਂ ਮੀਟ ਲਈਆਂ ਜਾਂਦੀਆਂ ਹਨ ਤੇ ਇੱਕ ਤਰ੍ਹਾਂ ਦੇ ਨਾਲ ਭਿ੍ਰਸ਼ਟਾਚਾਰ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ। ਜਿਹੜੇ ਸਰਪੰਚ ਸੱਤਾ ਦੇ ਪੱਖ ’ਚ ਨਹੀਂ ਭੁਗਤਦੇ, ਚਾਹੇ ਉਨ੍ਹਾਂ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਵੀ ਕੀਤਾ ਹੋਵੇ, ਉਨ੍ਹਾਂ ਦਾ ਰਿਕਾਰਡ ਜਬਤ ਕਰਕੇ ਉਨ੍ਹਾਂ ਨੂੰ ਜਾਂਚ ਦੇ ਨਾਂ ’ਤੇ ਪਰੇਸ਼ਾਨ ਕੀਤਾ ਜਾਂਦਾ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਸੰਪਰਕ ਕਰਕੇ ਦੱਸਿਆ ਕਿ ਪੰਚਾਇਤ ਵਿਭਾਗ ਦੇ ਅਫਸਰਾਂ ਵੱਲੋਂ ਉਨ੍ਹਾਂ ਨੂੰ ਪਰੇਸ਼ਾਨ ਕਰਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਇਸ ਸਭ ਤੋਂ ਛੁਟਕਾਰਾ ਪਾਉਣਾ ਹੈ ਤਾਂ ਉਹ ਆਪ ਵਿਧਾਇਕ ਦੇ ਹੱਕ ’ਚ ਭੁਗਤ ਜਾਣ। ਬਸਪਾ ਆਗੂ ਨੇ ਕਿਹਾ ਕਿ ਇਸ ਸਬੰਧ ’ਚ ਉਹ ਖੁਦ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਕੋਲ ਜਾ ਕੇ ਅਜਿਹੀਆਂ ਕਾਰਵਾਈਆਂ ਦਾ ਵਿਰੋਧ ਵੀ ਕਰਕੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਧੱਕੇਸ਼ਾਹੀਆਂ ਨਹੀਂ ਰੋਕੀਆਂ ਗਈਆਂ ਤਾਂ ਅਜਿਹੇ ਅਫਸਰਾਂ ਤੇ ਆਪ ਸਰਕਾਰ ਖਿਲਾਫ ਹਲਕਾ ਕਰਤਾਰਪੁਰ ’ਚ ਪ੍ਰਦਰਸ਼ਨ ਕੀਤਾ ਜਾਵੇਗਾ।





