*ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹੈ ਇਨਸਾਫ : ਐਡਵੋਕੇਟ ਬਲਵਿੰਦਰ ਕੁਮਾਰ*

पंजाब
Spread the love

ਦਾ ਮਿਰਰ ਪੰਜਾਬ

ਜਲੰਧਰ -ਜਲੰਧਰ ਕਮਿਸ਼ਨਰੇਟ ਪੁਲਿਸ ਤਹਿਤ ਆਉਂਦੇ ਵੱਖ-ਵੱਖ ਥਾਣਿਆਂ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਪੀੜਤ ਲੋਕ ਅੱਜ ਸ਼ਨੀਵਾਰ ਨੂੰ ਪ੍ਰੈਸ ਕਲੱਬ ਵਿਖੇ ਮੀਡੀਆ ਨਾਲ ਰੂਬਰੂ ਹੋਏ। ਇਸ ਮੌਕੇ ਉਨ੍ਹਾਂ ਨੇ ਨਿਆਂ ਨਾ ਮਿਲਣ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਪੀੜਤ ਲੋਕਾਂ ਨਾਲ ਮੌਜ਼ੂਦ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਹੈ। ਕਿਤੇ ਪੀੜਤ ਧਿਰਾਂ ’ਤੇ ਹੀ ਉਲਟਾ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਹਨ ਅਤੇ ਕਿਤੇ ਹਮਲਾ ਕਰਨ ਵਾਲਿਆਂ ਨੂੰ ਹੀ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਸਰਕਾਰ ਤੇ ਕਮਿਸ਼ਨਰੇਟ ਪੁਲਿਸ ਜਲੰਧਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੂਟਾ ਪਿੰਡ ਦੇ ਨੇੜੇ ਅਰਜੁਨ ਨਗਰ ਨਿਵਾਸੀ ਦੀਪੀ ਪੁੱਤਰ ਸ਼੍ਰੀ ਜਗਦੀਸ਼ ਲਾਲ ਨੇ ਦੱਸਿਆ ਕਿ-ਮੇਰੇ ਅਤੇ ਮੇਰੇ ਸਾਥੀਆਂ ’ਤੇ 25 ਅਕਤੂਬਰ 2020 ਦੀ ਰਾਤ ਨੂੰ ਦਿਓਲ ਨਗਰ ਸਥਿਤ ਦੁਕਾਨ ’ਤੇ ਹਮਲਾ ਹੋਇਆ ਸੀ। ਇਸ ਤੋਂ ਬਾਅਦ ਮੇਰੇ ਬਿਆਨਾਂ ’ਤੇ ਭਾਰਗਵ ਕੈਂਪ ਥਾਣਾ ਦੀ ਪੁਲਿਸ ਨੇ ਹਮਲਾ ਕਰਨ ਵਾਲੇ ਰੋਸ਼ਨ ਸਮੇਤ ਪੰਜ ਲੋਕਾਂ ਨੂੰ ਬਾਈਨੇਮ ਤੇ ਹੋਰ ਅਣਪਛਾਤੇ ਲੋਕਾਂ ਖਿਲਾਫ ਐਫਆਈਆਰ ਨੰਬਰ 269 (2020) ਧਾਰਾ 323, 324, 325 ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਦੇ ਨਾਲ ਹੀ ਮੇਰੇ ’ਤੇ ਹਮਲਾ ਕਰਨ ਦੇ ਮੁੱਖ ਆਰੋਪੀ ਰੋਸ਼ਨ ਲਾਲ ਦੇ ਨਾਲ ਆਏ ਅਸ਼ੀਸ਼ ਕੁਮਾਰ ਵਾਸੀ ਬੂਟਾ ਪਿੰਡ ਨੇ ਮੇਰੇ ਨਾਲ-ਨਾਲ ਮੇਰੇ ਤਿੰਨ ਹੋਰ ਸਾਥੀਆਂ ਦੇ ਖਿਲਾਫ ਝੂਠਾ ਪਰਚਾ ਥਾਣਾ ਮਾਡਲ ਟਾਊਨ ਵਿੱਚ ਐਫਆਈਆਰ 332 (2020), ਧਾਰਾ 323, 324 ਤਹਿਤ ਦਰਜ ਕਰਵਾ ਦਿੱਤਾ। ਜਦਕਿ ਇਸ ਸਬੰਧੀ ਵੀਡੀਓ ਫੁਟੇਜ ਵੀ ਹੈ, ਜਿਸ ਵਿੱਚ ਅਸ਼ੀਸ ਕੁਮਾਰ ਕਿਰਪਾਨ ਲੈ ਕੇ ਰੋਸ਼ਨ ਲਾਲ ਨਾਲ ਸਾਡੇ ’ਤੇ ਹਮਲਾ ਕਰਨ ਆ ਰਿਹਾ ਹੈ, ਜਦਕਿ ਅਸ਼ੀਸ਼ ਨੇ ਝੂਠੇ ਬਿਆਨ ਕਰਵਾਏ ਕਿ ਸਾਡੇ (ਦੀਪੀ) ਵੱਲੋਂ ਪਹਿਲਾਂ ਬੂਟਾ ਪਿੰਡ ਜਾ ਕੇ ਉਨ੍ਹਾਂ (ਅਸ਼ੀਸ਼) ’ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਅਸ਼ੀਸ਼ ਦੇ ਸੱਟਾਂ ਲੱਗੀਆਂ। ਜੇਕਰ ਅਸੀਂ ਅਸ਼ੀਸ਼ ’ਤੇ ਹਮਲਾ ਕੀਤਾ ਹੁੰਦਾ ਤਾਂ ਫਿਰ ਅਸ਼ੀਸ਼ ਸਹੀ ਸਲਾਮਤ ਕਿਰਪਾਨ ਲੈ ਕੇ ਸਾਡੇ ’ਤੇ ਹਮਲਾ ਕਰਨ ਕਿਵੇਂ ਆ ਗਿਆ, ਜੋ ਕਿ ਵੀਡੀਓ ਫੁਟੇਜ ਵਿੱਚ ਵੀ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਪੁਲਿਸ ਨੂੰ ਵੀ ਦਿੱਤੀ ਗਈ ਹੈ, ਪਰ ਇਸਦੇ ਬਾਵਜੂਦ ਸਾਨੂੰ ਇਨਸਾਫ ਨਹੀਂ ਦਿੱੱਤਾ ਜਾ ਰਿਹਾ ਹੈ। ਇਹ ਝੂਠਾ ਪਰਚਾ ਪਿਛਲੀ ਕਾਂਗਰਸ ਸਰਕਾਰ ਸਮੇਂ ਕੀਤਾ ਗਿਆ ਸੀ, ਪਰ ਪੁਲਿਸ ਹੁਣ ਵੀ ਇਸਨੂੰ ਰੱਦ ਕਰਨ ਦੇ ਲਈ ਤਿਆਰ ਨਹੀਂ ਹੈ।
ਇਸੇ ਤਰ੍ਹਾਂ ਵਿਸ਼ਾਲ ਕੁਮਾਰ ਵਾਸੀ ਸ਼ਿਵ ਨਗਰ, ਨੇੜੇ ਪਿੰਡ ਨਾਗਰਾ ਨੇ ਦੱਸਿਆ ਕਿ-ਮੇਰੇ ਪਿਤਾ ਗਰੀਬ ਨਾਥ ’ਤੇ 5 ਫਰਵਰੀ 2021 ਨੂੰ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਸਬੰਧ ਵਿੱਚ ਥਾਣਾ ਇੱਕ ਦੀ ਪੁਲਿਸ ਵੱਲੋਂ ਅਭਿਸ਼ੇਕ ਨਿਵਾਸੀ ਪੱਕਾ ਬਾਗ ਤੇ ਉਸਦੇ ਤਿੰਨ ਹੋਰ ਸਾਥੀਆਂ ਖਿਲਾਫ ਪਹਿਲਾਂ 323, 324 ਤਹਿਤ ਪਰਚਾ (ਐਫਆਈਆਰ 11/2021) ਦਰਜ ਕੀਤਾ ਗਿਆ ਸੀ। ਮੇਰੇ ਪਿਤਾ ਦੇ ਸੱਤ ਸ਼ਾਰਪ ਸੱਟਾਂ ਲੱਗੀਆਂ ਸਨ ਤੇ ਉਹ ਕਈ ਦਿਨ ਆਈਸੀਯੂ ਵਿੱਚ ਰਹੇ। ਉਸ ਸਮੇਂ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਮੈਡੀਕਲ ਬੋਰਡ ਬਿਠਾਇਆ ਗਿਆ ਸੀ ਤੇ ਬੋਰਡ ਦੀ ਰਿਪੋਰਟ ਦੇ ਆਧਾਰ ’ਤੇ ਡੀਸੀਪੀ ਗੁਰਮੀਤ ਸਿੰਘ ਦੀ ਜਾਂਚ ਦੇ ਆਧਾਰ ਤੇ 326 ਦਾ ਵਾਧਾ ਕੀਤਾ ਗਿਆ ਸੀ। ਪਰ ਫਰਵਰੀ ਵਿੱਚ ਵੋਟਾਂ ਦੌਰਾਨ ਸਾਨੂੰ ਪਤਾ ਲੱਗਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਸਿਆਸੀ ਦਬਾਅ ਹੇਠ ਇਸਨੂੰ ਐਕਸੀਡੇਂਟ ਕੇਸ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਸ ਸਬੰਧੀ ਅਸੀਂ ਪੁਲਿਸ ਕਮਿਸ਼ਨਰ ਸ. ਗੁਰਸ਼ਰਨ ਸਿੰਘ ਸੰਧੂ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਕਿਹਾ ਕਿ ਏਡੀਸੀਪੀ ਵਨ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਪਰ ਜਦੋਂ ਪਹਿਲਾਂ ਹੀ ਡੀਸੀਪੀ ਰੈਂਕ ਦੇ ਅਫਸਰ ਵੱਲੋਂ ਇਸ ਮਾਮਲੇ ਦੀ ਜਾਂਚ ਹੋ ਚੁੱਕੀ ਹੈ ਤਾਂ ਫਿਰ ਉਨ੍ਹਾਂ ਤੋਂ ਹੇਠਲੇ ਏਡੀਸੀਪੀ ਰੈਂਕ ਦੇ ਅਫਸਰ ਤੋਂ ਕਿਉਂ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਸਾਨੂੰ ਕੁਝ ਕਲੀਅਰ ਨਹੀਂ ਕਰ ਰਹੀ ਤੇ ਨਾ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਰਹੀ ਅਤੇ ਨਾ ਹੀ ਚਾਲਾਨ ਪੇਸ਼ ਕਰ ਰਹੀ ਹੈ। ਜਦਕਿ ਉਨ੍ਹਾਂ ਦੀ ਜ਼ਮਾਨਤ ਸੈਸ਼ਨ ਕੋਰਟ ਤੋਂ ਰਿਜੈਕਟ ਵੀ ਹੋ ਚੁੱਕੀ ਹੈ। ਇੱਕ ਤਰ੍ਹਾਂ ਦੇ ਨਾਲ ਪੁਲਿਸ ਆਰੋਪੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਆਰੋਪੀਆਂ ਨੂੰ ਜਲਦ ਗਿ੍ਰਫਤਾਰ ਕਰਕੇ 326 ਦੇ ਤਹਿਤ ਚਾਲਾਨ ਪੇਸ਼ ਕੀਤਾ ਜਾਵੇ।
ਇੱਕ ਹੋਰ ਮਾਮਲੇ ’ਚ ਦੀਪਕ ਵਿਰਦੀ ਵਾਸੀ ਗੁਰੂ ਰਵਿਦਾਸ ਨਗਰ, ਮਕਸੂਦਾਂ ਨੇ ਦੱਸਿਆ ਕਿ-ਮੇਰੇ ਅਤੇ ਮੇਰੇ ਭਰਾ, ਮਾਤਾ ’ਤੇ ਸਾਡੇ ਗੁਆਂਢੀਆਂ ਨੇ ਕਿਰਪਾਨਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਇਸ ਸਬੰਧ ਵਿੱਚ ਵੀਡੀਓ ਫੁਟੇਜ ਵੀ ਮੌਜੂਦ ਹੈ। ਇਸ ਸਬੰਧ ਵਿੱਚ ਥਾਣਾ ਇੱਕ ਦੀ ਪੁਲਿਸ ਨੇ ਮੇਰੇ (ਦੀਪਕ) ਬਿਆਨਾਂ ’ਤੇ ਹਮਲਾ ਕਰਨ ਦੇ ਆਰੋਪੀ ਅਮਰੀਕ ਸਿੰਘ ਤੇ ਛੇ ਹੋਰਾਂ ’ਤੇ ਧਾਰਾ 323, 324, 427 ਤਹਿਤ ਪਰਚਾ ਨੰਬਰ 101/22 ਦਰਜ ਕਰ ਦਿੱਤਾ ਸੀ, ਪਰ ਨਾਲ ਹੀ ਮੇਰੇ ਤੇ ਮੇਰੇ ਭਰਾ ਖਿਲਾਫ ਆਰੋਪੀਆਂ ਵੱਲੋਂ ਦਿੱਤੇ ਝੂਠੇ ਬਿਆਨਾਂ ਦੇ ਆਧਾਰ ’ਤੇ 323, 324 ਤਹਿਤ ਝੂਠਾ ਕਰਾਸ ਕੇਸ ਦਰਜ ਕਰ ਦਿੱਤਾ ਗਿਆ। ਆਰੋਪੀਆਂ ਨੇ ਝੂਠੇ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ (ਦੀਪਕ) ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ, ਜਦਕਿ ਸੱਚ ਇਹ ਹੈ ਕਿ ਉਨ੍ਹਾਂ ਆਰੋਪੀਆਂ ਵੱਲੋਂ ਸਾਡੇ ’ਤੇ ਹਥਿਆਰਾਂ ਸਮੇਤ ਹਮਲਾ ਕੀਤਾ ਗਿਆ ਤੇ ਅਸੀਂ ਬਿਲਕੁਲ ਨਿਹੱਥੇ ਸੀ। ਇਸ ਦੀ ਵੀਡੀਓ ਵੀ ਹੈ। ਇਸ ਮਾਮਲੇ ਵਿੱਚ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਝੂਠਾ ਕਰਾਸ ਕੇਸ ਰੱਦ ਕੀਤਾ ਜਾਵੇ। ਇਸ ਮੌਕੇ ਬਸਪਾ ਆਗੂ ਵਿਜੇ ਯਾਦਵ, ਹਰਮੇਸ਼ ਖੁਰਲਾ ਕਿੰਗਰਾ, ਸ਼ਾਮ ਕਟਾਰੀਆ ਆਦਿ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *