ਪੈਰਿਸ 10 ਦਸੰਬਰ ( ਭੱਟੀ ਫਰਾਂਸ ) ਘਲਹਿ ਆਵਹਿ ਨਾਨਕਾ ਸਦਹਿ ਉਠੀ ਜਾਹਿ ਦੇ ਮਹਾਵਾਕਿ ਅਨੁਸਾਰ ਫਰਾਂਸ ਦੇ ਉੱਘੇ ਸਮਾਜ ਸੇਵਕ ਅਤੇ ਬੇਗਮ ਪੁਰਾ ਏਡ ਇੰਟਰਨੈਸ਼ਨਲ ਸੰਸਥਾ ਦੇ ਮੁੱਖ ਪ੍ਰਬੰਧਕ ਰਾਮ ਸਿੰਘ ਮੈਗੜਾ ਅਤੇ ਉਸਦੇ ਸਮੂਹ ਪ੍ਰੀਵਾਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਉਨਾਂ ਦੇ ਛੋਟੇ ਭਰਾਤਾ ਸੰਤੋਖ ਸਿੰਘ ਮੈਗੜਾ (50) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਸਦਾ ਲਈ ਰੁਖਸਤ ਹੋ ਗਏ ਹਨ । ਬੀਤੇ ਕੱਲ ਮਤਲਬ ਨੌਂ ਦਸੰਬਰ ਸਵੇਰੇ ਸਵੇਰੇ ਹੀ ਸੰਤੋਖ ਸਿੰਘ ਮੈਗੜਾ ( ਜਿਹੜੇ ਕਿ ਖਾੜਕੂਵਾਦ ਦੇ ਦੌਰ ਵੇਲੇ ਪੰਜਾਬ ਪੁਲਿਸ ਵੱਲੋਂ ਜਰੂਰਤ ਤੋਂ ਜਿਆਦਾ ਟੌਰਚਰ ਕੀਤੇ ਗਏ ਸਨ ਦੀ ਵਜਾਹ ਕਾਰਨ ਉਹ ਹਮੇਸ਼ਾ ਸਰੀਰਕ ਤੌਰ ਤੇ ਪ੍ਰੇਸ਼ਾਨ ਰਹਿਣ ਦੇ ਨਾਲ ਨਾਲ ਬਿਮਾਰ ਵੀ ਰਹਿੰਦੇ ਸਨ ) ਨੇ ਆਖਰੀ ਸਾਹ ਲਏ ਸਨ। ਪ੍ਰੀਵਾਰਿਕ ਮੈਬਰਾਂ ਨੇ ਆਪਸੀ ਸਲਾਹ ਮਸ਼ਵਰੇ ਉਪਰੰਤ ਨੌਂ ਦਸੰਬਰ ਨੂੰ ਹੀ ਦੁਪਹਿਰੋ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਹੈ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਰਾਮ ਸਿੰਘ ਮੈਗੜਾ ਹੁਰੀ ਚਾਰ ਭਰਾ ਸਨ ਜਿਨ੍ਹਾਂ ਵਿੱਚੋਂ ਦੋ ਵੱਡੇ ਭਰਾ ਪਹਿਲਾਂ ਹੀ ਸਵਰਗਵਾਸ ਹੋ ਚੁੱਕੇ ਹਨ ਜਦਕਿ ਤੀਸਰੇ ਦੀ ਹੁਣ ਮੌਤ ਹੋਈ ਹੈ । ਵਿਦੇਸ਼ਾ ਦੀਆਂ ਮਜਬੂਰੀਆ ਕਾਰਨ ਰਾਮ ਸਿੰਘ ਜੀ ਆਪਣੇ ਭਰਾ ਦੇ ਆਖਰੀ ਦਰਸ਼ਨ ਵੀ ਨਹੀਂ ਕਰ ਸਕੇ ਸਿਰਫ ਵੀਡੀਉ ਕਾਨਫਰੰਸ ਰਾਹੀਂ ਹੀ ਸਸਕਾਰ ਹੁੰਦਾ ਦੇਖਦੇ ਰਹੇ, ਜੋ ਕਿ ਬਹੁਤ ਵੱਡਾ ਸਦਮਾ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਫਰਾਂਸ ਤੋਂ ਪ੍ਰਬੰਧਕ ਭਾਈ ਸ਼ਿੰਗਾਰਾ ਸਿੰਘ ਮਾਨ , ਪ੍ਰਿਥੀਪਾਲ ਸਿੰਘ ਵਰਿਆਣਾ , ਹਰਜੀਤ ਸਿੰਘ ਹੋਲੈਡ , ਸਤਨਾਮ ਸਿੰਘ ਖਾਲਸਾ , ਸਤਨਾਮ ਸਿੰਘ ਦੋਆਬਾ ਆਦਿ ਨੇ ਮੈਗੜਾ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ । ਭਾਈ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਅਸੀ ਸਾਰੇ ਜਣੇ ਉਸ ਪਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਦੇ ਹਾ ਕਿ ਪ੍ਰਮਾਤਮਾ ਵਿਛੁੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਮੈਗੜਾ ਪ੍ਰੀਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ। ਰਾਮ ਸਿੰਘ ਮੈਗੜਾ ਜੀ ਦੀ ਮਾਂ ਰੂਪੀ ਭਰਜਾਈ ਵੀ ਪਿਛਲੇ ਸਾਲ ਆਪਣੇ ਸੁਆਸਾ ਦੀ ਪੂੰਝੀ ਨੂੰ ਖਤਮ ਕਰਦੇ ਹੋਏ ਪ੍ਰਲੋਕ ਜਾ ਬਿਰਾਜੇ ਸਨ । ਰਾਮ ਸਿੰਘ ਮੈਗੜਾ ਜੀ ਆਪਣੇ ਤਿੰਨ ਭਰਾਵਾਂ ਅਤੇ ਭਰਜਾਈ ਦੀ ਅਣਿਆਈ ਮੌਤਾ ਦਾ ਦੁੱਖ ਸਹਾਰ ਰਹੇ ਹਨ, ਜੋ ਕਿ ਅਕਹਿ ਅਤੇ ਅਸਿਹ ਹੈ । ਰੱਬ ਕਦੇ ਵੀ ਕਿਸੇ ਨੂੰ ਰਾਮ ਸਿੰਘ ਵਾਂਗ ਇਕੱਲਾ ਨਾ ਛੱਡੇ , ਕਿਉਕਿ ਇਕੱਲੇ ਦਾ ਦੁੱਖ ਕੀ ਹੁੰਦਾ ਹੈ , ਇਹ ਹੁਣ ਰਾਮ ਸਿੰਘ ਹੀ ਜਾਣਦਾ ਹੈ।





