*ਕਿਸਾਨਾਂ ਮਜਦੂਰਾਂ ਦੀ ਜਥੇਬੰਦੀ ਦਾ ਵੱਡਾ ਐਕਸ਼ਨ, ਇੱਕ ਮਹੀਨੇ ਲਈ ਸੜਕਾਂ ਕਰਵਾਈਆਂ ਟੋਲ ਮੁਕਤ,ਨਹੀਂ ਕੱਟਣ ਦਿੱਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ, ਨਹੀਂ ਵਧਣ ਦੇਣਗੇ ਟੋਲ ਫੀਸ*

देश पंजाब
Spread the love

ਜੰਡਿਆਲਾ ਗੁਰੂ15 ਦਸੰਬਰ (ਵਰੁਣ ਸੋਨੀ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਡੀਸੀ ਦਫਤਰਾਂ ਤੇ ਲੱਗੇ ਮੋਰਚੇ ਦੇ ਅੱਜ 20ਵੇਂ ਦਿਨ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਵੱਡੇ ਐਕਸ਼ਨ ਤਹਿਤ 10 ਜਿਲ੍ਹਿਆਂ ਵਿਚ 18 ਜਗ੍ਹਾ ਸੜਕਾਂ ਨੂੰ ਟੋਲ ਫ੍ਰੀ ਕਰਵਾ ਦਿੱਤਾ ਗਿਆ | ਇਸ ਐਕਸ਼ਨ ਤਹਿਤ ਜਿਲ੍ਹਾ ਅੰਮ੍ਰਿਤਸਰ ਵਿਚ, ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਹੀ ਵਿਚ ਅੰਮ੍ਰਿਤਸਰ – ਦਿੱਲੀ ਹਾਈਵੇ ਟੋਲ ਪਲਾਜ਼ਾ ਮਾਨਾਂਵਾਲਾ, ਅੰਮ੍ਰਿਤਸਰ – ਪਠਾਨਕੋਟ ਹਾਈਵੇ ਟੋਲ ਪਲਾਜ਼ਾ ਕੱਥੂਨੰਗਲ, ਅੰਮ੍ਰਿਤਸਰ -ਅਟਾਰੀ ਹਾਈਵੇ ਟੋਲ ਪਲਾਜ਼ਾ ਛਿਡਣ ਤੋਂ ਟੋਲ ਪਲਾਜ਼ੇ ਬੰਦ ਕਰਵਾ ਕੇ ਆਮ ਜਨਤਾ ਦਾ ਲਾਂਘਾ ਟੋਲ ਮੁਕਤ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਸਰਕਾਰਾਂ ਨੇ ਹਮੇਸ਼ਾ ਵੱਡੇ ਵਪਾਰੀ ਘਰਾਣਿਆਂ ਦੇ ਹੱਥਾਂ ਦੀਆ ਕਠਪੁਤਲੀਆਂ ਬਣਕੇ ਆਮ ਜਨਤਾ ਦੇ ਹਿੱਤਾਂ ਦਾ ਘਾਣ ਕਰਕੇ ਲੋਕਤੰਤਰ ਨੂੰ ਕਲੰਕਿਤ ਕੀਤਾ ਹੈ ਪਰ ਤਤਕਾਲੀਨ ਸਰਕਾਰਾਂ ਨੇ ਨਿੱਜੀਕਰਨ ਕਰਨ ਵਾਲੀਆ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ, ਹਰ ਜਨਤਕ ਅਦਾਰੇ ਨੂੰ ਨਿੱਜੀ ਹੱਥਾਂ ਵਿਚ ਵੇਚ ਦਿੱਤਾ ਗਿਆ ਹੈ ਜਿਸ ਦੀ ਸਿੱਧੀ ਮਾਰ ਆਮ ਨਾਗਰਿਕ ਨੂੰ ਪੈ ਰਹੀ ਹੈ | ਓਹਨਾ ਕਿਹਾ ਕਿ 26 ਨਵੰਬਰ ਤੋਂ ਲਗਤਾਰ ਜਾਰੀ ਮੋਰਚੇ ਦੀਆਂ ਮੰਗਾਂ ਤੇ ਕੋਈ ਗੌਰ ਨਹੀਂ ਕੀਤਾ ਗਿਆ ਕਿਉਂਕਿ ਇਹ ਆਮ ਲੋਕਾਂ ਦੇ ਹਿੱਤ ਵਿਚ ਹਨ ਅਤੇ ਇਸ ਅਣਗੌਲੇਪਨ ਦੇ ਖਿਲਾਫ ਜਥੇਬੰਦੀ ਨੇ ਇੱਕ ਮਹੀਨੇ ਲਈ ਕਾਰਪੋਰੇਟ ਜਗਤ ਨੂੰ ਫਾਇਦਾ ਪਹੁੰਚਾਉਣ ਵਾਲੇ ਟੋਲ ਪਲਾਜ਼ੇ ਬੰਦ ਕਰਵਾਉਣ ਦਾ ਐਕਸ਼ਨ ਕੀਤਾ ਹੈ | ਓਹਨਾ ਕਿਹਾ ਕਿ ਅਸੀਂ ਇਸ ਗੱਲ ਦਾ ਵੀ ਪੂਰੇ ਤਰੀਕੇ ਨਾਲ ਨੋਟਿਸ ਲਵਾਂਗੇ ਕਿ ਕੰਪਨੀਆਂ ਵੱਲੋਂ ਟੋਲ ਪਲਾਜ਼ਿਆ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਕੱਟੀਆਂ ਜਾਣ, ਅਗਰ ਕੋਈ ਕੰਪਨੀ ਅਜਿਹਾ ਕਰਦੀ ਹੈ ਤਾਂ ਉਸ ਕੰਪਨੀ ਦੇ ਟੋਲ ਪਲਾਜ਼ੇ ਤੇ ਅਗਲਾ ਐਕਸ਼ਨ ਕਿ ਹੋਵੇਗਾ ਇਹ ਫੈਸਲਾ ਜਥੇਬੰਦੀ ਕਰੇਗੀ , ਓਹਨਾ ਕਿਹਾ ਕਿ ਇਹ ਵੀ ਗਰੰਟੀ ਕੀਤਾ ਜਾਵੇਗਾ ਕਿ ਕੋਈ ਵੀ ਕੰਪਨੀ ਇੱਕ ਮਹੀਨੇ ਬਾਅਦ ਟੋਲ ਫੀਸ ਨਾ ਵਧਾਵੇ | ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਜਿਲ੍ਹਾ ਸੀ. ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਵਾਲੇ ਇਹ ਟੋਲ ਪਲਾਜ਼ੇ ਪੱਕੇ ਤੋਰ ਤੇ ਬੰਦ ਹੋਣੇ ਚਾਹੀਦੇ ਹਨ ਅਤੇ ਜਥੇਬੰਦੀ ਦੀ ਮੰਗ ਹੈ ਕਿ ਕੋਈ ਵੀ ਗੱਡੀ ਦੀ ਆਰ.ਸੀ. ਤੇ ਲੱਗਣ ਵਾਲਾ ਰੋਡ ਟੈਕਸ ਬੰਦ ਕੀਤਾ ਜਾਵੇ ਅਤੇ ਫਿਰ ਟੋਲ ਪਲਾਜ਼ਿਆ ਨੂੰ ਜਨਤਕ ਅਦਾਰੇ ਘੋਸ਼ਿਤ ਕੀਤਾ ਜਾਵੇ ਅਤੇ ਸਾਰੇ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ | ਜਿਸ ਦਾ ਫਾਇਦਾ ਜਨਤਾ ਨੂੰ ਹੋਵੇ ਨਾ ਕਿ ਚੰਦ ਕਾਰਪੋਰੇਟ ਘਰਾਣਿਆਂ ਨੂੰ | ਓਹਨਾ ਕਿਹਾ ਕਿ ਡੀਸੀ ਦਫਤਰਾਂ ਤੇ ਲੱਗੇ ਮੋਰਚਾ ਚੜ੍ਹਦੀ ਕਲਾ ਵਿਚ ਜਾਰੀ ਹਨ ਤੇ ਇਹਨਾਂ ਐਕਸ਼ਨਾਂ ਤੇ ਬਰਾਬਰ ਚਲਦੇ ਰਹਿਣਗੇ | ਓਹਨਾ ਕਿਹਾ ਕਿ ਸਰਕਾਰ ਸਾਡੀ ਮੰਗ ਹੈ ਕਿ ਸਰਕਾਰ ਪੰਜਾਬ ਵਿਚ ਬੇਲਗਾਮ ਨਸ਼ੇ ਅਤੇ ਕਨੂੰਨ ਵਿਵਸਥਾ ਤੇ ਤੁਰੰਤ ਕਾਬੂ ਪਾਵੇ, ਕੇਰਲ ਸਰਕਾਰ ਦੀ ਤਰਜ਼ ਤੇ ਫਸਲਾਂ ਤੇ ਐੱਮ ਐਸ ਪੀ ਦਾ ਗਰੰਟੀ ਕਨੂੰਨ ਲੈ ਕੇ ਆਵੇ, ਮਨਰੇਗਾ ਤਹਿਤ ਮਜਦੂਰਾਂ ਲਈ 365 ਦਿਨ ਦਾ ਰੁਜ਼ਗਾਰ ਅਤੇ ਦਿਹਾੜੀ ਦੁਗਣੀ ਕੀਤੀ ਜਾਵੇ, ਪੰਜਾਬ ਦੇ ਪ੍ਰਦੂਸ਼ਿਤ ਅਤੇ ਖਤਮ ਹੋ ਰਹੇ ਪਾਣੀਆਂ ਨੂੰ ਬਚਾਉਣ ਲਈ ਠੋਸ ਨੀਤੀ ਬਣਾਈ ਜਾਵੇ , ਝੋਨੇ ਦੀਆਂ ਬਦਲਵੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਿੱਤੀ ਜਾਵੇ, ਦਿੱਲੀ ਮੋਰਚੇ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਸਟੇਟਾਂ ਦੇ ਹੱਕ ਖੋਹਣ ਵਾਲੇ ਫੈਸਲੇ ਵਾਪਿਸ ਲਏ ਜਾਣ, ਲਾਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਬੇਹਬਲ ਕਲਾਂ ਅਤੇ ਬੇਅਦਬੀਆਂ ਦੇ ਦੋਸ਼ੀਆਂ ਤੇ ਮਿਸਾਲੀ ਕਾਰਵਾਈ ਕੀਤੀ ਜਾਵੇ ਅਤੇ ਮੰਗ ਪਾਤਰ ਵਿਚਲੀਆਂ ਸਾਰੀਆਂ ਮੰਗਾ ਤੇ ਕਾਰਵਾਈ ਕੀਤੀ ਜਾਵੇ | ਇਸ ਮੌਕੇ ਜਿਲ੍ਹਾ ਆਗੂ ਕੰਵਰਦਲੀਪ ਸੈਦੋਲੇਹਲ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਬਲਵਿੰਦਰ ਸਿੰਘ ਬਿੰਦੂ, ਲਖਵਿੰਦਰ ਸਿੰਘ ਡਾਲ਼ਾ, ਬਾਜ਼ ਸਿੰਘ ਸਾਰੰਗੜਾ, ਕੁਲਜੀਤ ਸਿੰਘ ਕਾਲੇ ਘਣੁਪੁਰ, ਅਮਰਦੀਪ ਗੋਪੀ ਹਾਜ਼ਿਰ ਰਹੇ |

Leave a Reply

Your email address will not be published. Required fields are marked *