*ਅਕਾਲੀ ਦਲ-ਬਸਪਾ ਗਠਜੋੜ ਹਮੇਸ਼ਾ ਕਾਇਮ ਰਹੇਗਾ: ਵਲਟੋਹਾ, ਐਡਵੋਕੇਟ ਬਲਵਿੰਦਰ ਕੁਮਾਰ*

देश पंजाब
Spread the love

ਜਲੰਧਰ, 30 ਅਪ੍ਰੈਲ (ਦਾ ਮਿਰਰ ਪੰਜਾਬ): ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਅੱਜ ਸਪਸ਼ਟ ਕੀਤਾ ਕਿ ਇਹ ਗਠਜੋੜ ਹਮੇਸ਼ਾ ਕਾਇਮ ਰਹੇਗਾ ਤੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੇ ਦੁਬਾਰਾ ਭਾਜਪਾ ਨਾਲ ਗਠਜੋੜ ਕਾਇਮ ਕਰਨ ਦੀਆਂ ਅਫਵਾਹਾਂ ਉਡਾ ਕੇ ਇਸ ਗਠਜੋੜ ਨੂੰ ਲੀਹੋਂ ਲਾਹੁਣ ਦੇ ਯਤਨ ਕੀਤੇ ਜਾ ਰਹੇ ਹਨ।

ਇਥੇ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਤੇ ਬਸਪਾ ਦੇ ਜਨਰਲ ਸਕੱਤਰ ਸ੍ਰੀ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਨ ਨਾਲ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਅਕਾਲੀ ਦਲ ਤੇ ਭਾਜਪਾ ਦਾ ਪੁਰਾਣਾ ਗਠਜੋੜ ਦੁਬਾਰਾ ਹੋ ਸਕਦਾ ਹੈ।ਇਹਨਾਂ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਇਕੱਠਿਆਂ ਤਾਂ ਅੱਜ ਸਾਹਮਣੇ ਆਏ ਹਾਂ ਤਾਂ ਕਿਆਸ ਅਰਾਈਆਂ ਦਾ ਅੰਤ ਹੋ ਸਕੇ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਹਮੇਸ਼ਾ ਵਾਂਗ ਮਜ਼ਬੂਤ ਹੈ ਤੇ ਮੌਜੂਦਾ ਸਰੂਪ ਵਿਚ ਇਹ ਜਾਰੀ ਰਹੇਗਾ।

ਵੇਰਵੇ ਸਾਂਝੇ ਕਰਦਿਆਂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਸਮੇਂ ਦੀ ਕਸਵੱਟੀ ’ਤੇ ਖਰ੍ਹਾ ਉਤਰਿਆ ਹੈ ਤੇ ਇਸਨੇ ਹਮੇਸ਼ਾ ਦੋਵਾਂ ਪਾਰਟੀਆਂ ਨੂੰ ਵੱਡਾ ਲਾਭ ਦਿੱਤਾ ਹੈ। ਉਹਨਾਂ ਕਿਹਾ ਕਿ 1995 ਦੀ ਇਤਿਹਾਸਕ ਗਿੱਦੜਬਾਹਾ ਜ਼ਿਮਨੀ ਚੋਣ ਕੇ ਅਕਾਲੀ ਦਲ ਤੇ ਬਸਪਾ ਗਠਜੋੜ ਨੇ ਇਤਿਹਾਸ ਸਿਰਜਿਆ ਸੀ ਤੇ ਫਿਰ 1996 ਦੀਆਂ ਲੋਕ ਸਭਾ ਚੋਣਾਂ ਵਿਚ 13 ਵਿਚੋਂ 11 ਸੀਟਾਂ ਜਿੱਤ ਕੇ ਇਹ ਇਤਿਹਾਸ ਦੁਹਰਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਕਿਸਾਨਾਂ, ਕਮਜ਼ੋਰ ਵਰਗਾਂ, ਮਜ਼ਦੂਰਾਂ, ਵਪਾਰੀਆਂ ਤੇ ਉਦਯੋਗਪਤੀਆਂ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਇਸਦਾ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਵਾਸਤੇ ਕੰਮ ਕਰਨ ਦਾ ਰਿਕਾਰਡ ਹੈ।

ਸਰਦਾਰ ਵਲਟੋਹਾ ਨੇ ਆਪ ਤੇ ਕਾਂਗਰਸ ਦੇ ਉਮੀਦਵਾਰਾਂ ’ਤੇ ਵਰ੍ਹਦਿਆਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਹਮੇਸ਼ਾ ਸਮਾਜ ਸੇਵਾ ਦਾ ਕੰਮ ਕੀਤਾ ਹੈ ਤੇ ਇਕ ਵਿਧਾਇਕ ਵਜੋਂ ਹਮੇਸ਼ਾ ਵਿਧਾਨ ਸਭਾ ਵਿਚ ਲੋਕਾਂ ਦੇ ਮਸਲੇ ਚੁੱਕੇ ਹਨ। ਉਹਨਾਂ ਕਿਹਾ ਕਿ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਸਿਰਫ ਇਕ ਮਹੀਨਾ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਇਹ ਆਖਿਆ ਸੀ ਕਿ ਜੇਕਰ ਉਹ ਲੋਕਾਂ ਤੋਂ ਵੋਟਾਂ ਚਾਹੁੰਦੀਹੈ ਤਾਂ ਉਹ ਔਰਤਾਂ ਨੂੰ 1ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਕੀਤੇ ਵਾਅਦੇ ਅਨੁਸਾਰ ਹਰ ਔਰਤ ਦੇ ਖਾਤੇ ਵਿਚ 14-14 ਹਜ਼ਾਰ ਰੁਪਏ ਜਮ੍ਹਾਂ ਕਰਵਾਏ।

ਸਰਦਾਰ ਵਲਟੋਹਾ ਨੇ ਕਿਹਾ ਕਿ ਚੌਧਰੀ ਪਰਿਵਾਰ ਪਿਛਲੇ ਤਕਰੀਬਨ 30 ਸਾਲਾਂ ਤੋਂ ਜਲੰਧਰ ਪਾਰਲੀਮਾਨੀ ਹਲਕੇ ਦੀ ਪ੍ਰਤੀਨਿਧਤਾ ਕਰਦਾ ਆ ਰਿਹਾ ਹੈ ਪਰ ਉਸ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ। ਉਹਨਾਂ ਕਿਹਾਕਿ ਉਹ ਚੌਧਰੀ ਪਰਿਵਾਰ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਜਲੰਧਰ ਪਾਰਲੀਮਾਨੀ ਹਲਕੇ ਵਾਸਤੇ ਕੀਤਾ ਇਕ ਕੰਮ ਗਿਣਾਵੇ ਅਤੇ ਕਿਹਾ ਕਿ ਇਹ ਇਕ ਦੁੱਖਭਰੀ ਸੱਚਾਈ ਹੈ ਕਿ ਇਸ ਪਰਿਵਾਰ ਨੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ ਤੇ ਸਿਰਫ ਆਪਣਾ ਘਰ ਹੀ ਭਰਿਆ ਹੈ।

Leave a Reply

Your email address will not be published. Required fields are marked *