ਜਲੰਧਰ -ਡਾਕਟਰ ਅਨਮੋਲ ਸਿੰਘ ਰਾਏ ਐਮ.ਬੀ ਬੀ.ਐਸ ,ਐਮ. ਡੀ ਮੈਡੀਸਨ ,ਡੀ .ਐਮ ਨਿਊਰੋਲੌਜੀ ਲਖਨਊ ਦਿਮਾਗ ,ਰੀੜ ਦੀ ਹੱਡੀ ਤੇ ਨਸਾਂ ਦੇ ਮਾਹਿਰ ਹਨ।ਸ੍ਰੀਮਾਨ ਹਸਪਤਾਲ ਜਲੰਧਰ ਵਿਚ ਪ੍ਰੈਕਟਿਸ ਕਰ ਰਹੇ ਹਨ। ਉਹਨਾਂ ਦਾ ਸੰਪਰਕ ਨੰਬਰ 81451-81451 ਹੈ।ਬੀਤੇ ਦਿਨੀਂ ਉਹਨਾਂ ਨਾਲ ਮੁਲਾਕਾਤ ਕੀਤੀ ਗਈ ,ਜਿਸ ਦੇ ਪ੍ਰਮੁੱਖ ਅੰਸ਼ ਪਾਠਕਾਂ ਲਈ ਪੇਸ਼ ਕੀਤੇ ਜਾ ਰਹੇ ਹਨ।

ਸੁਆਲ: ਡਾਕਟਰ ਸਾਹਿਬ ਮਾਨਸਿਕ ਸਿਹਤ ਦੇ ਸਾਡੀ ਜ਼ਿੰਦਗੀ ਵਿਚ ਕੀ ਮਹੱਤਵ ਹੈ?
ਜੁਆਬ: ਮਾਨਸਿਕ ਸਿਹਤ ਸਾਡੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ ਅਸੀਂ ਕਿਵੇਂ ਸੋਚਦੇ ਹਾਂ, ਅਸੀਂ ਕਿਵੇਂ ਮਹਿਸੂਸ ਕਰਦੇ ਹਾਂ, ਜੀਵਨ ਕਿਵੇਂ ਜਿਉਣਾ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ ਜਾਂ ਕਿਵੇਂ ਉਨ੍ਹਾਂ ਦਾ ਸਾਹਮਣਾ ਕਰਨਾ ਹੈ, ਇਹ ਸਭ ਸਾਡੀ ਮਾਨਸਿਕ ਸਿਹਤ ਦੇ ਪੱਧਰ ਨੂੰ ਨਿਰਧਾਰਤ ਕਰਦੀਆਂ ਹਨ। ਸਾਡਾ ਭਾਵਨਾਤਮਕ ਸੰਤੁਲਨ, ਮਨੋਵਿਗਿਆਨਕ ਪੱਧਰ ਦੇ ਨਾਲ-ਨਾਲ ਸਮਾਜਿਕ ਤੰਦਰੁਸਤੀ ਵੀ ਸ਼ਾਮਲ ਹੁੰਦੀ ਹੈ ਸਾਡੀ ਮਾਨਸਿਕ ਸਿਹਤ ਇਹ ਨਿਰਧਾਰਿਤ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ ਕਿ ਅਸੀਂ ਦਿਮਾਗੀ ਦਬਾਅ-ਤਣਾਅ ਨਾਲ ਕਿਵੇਂ ਨਜਿੱਠਦੇ ਹਾਂ ਅਤੇ ਜੀਵਨ ਵਿੱਚ ਸੰਤੁਲਨ ਕਿਵੇਂ ਬਣਾਈ ਰੱਖਦੇ ਹਾਂ ।ਗੁਰੂ ਗਰੰਥ ਸਾਹਿਬ ਵਿਚ ਮਨੁੱਖ ਨੂੰ ਇਸੇ ਲਈ ਮਨ ਨੂੰ ਨਿਰੋਗ ਰੱਖਣ ਤੇ ਕੰਟਰੋਲ ਕਰਨ ਲਈ ਕਿਹਾ ਹੈ ਤਾਂ ਜੋ ਮਨੁੱਖ ਅਨੰਦ ਅਵਸਥਾ ਵਿਚ ਜੀਅ ਸਕੇ।
ਕੋਵਿਡ-19 ਮਹਾਮਾਰੀ ਨੇ ਪੁਸ਼ਟੀ ਕੀਤੀ ਹੈ ਕਿ ਸਾਡੀ ਸਰੀਰਕ ਸਿਹਤ ਅਤੇ ਸਾਡੀ ਮਾਨਸਿਕ ਸਿਹਤ ਵਿਚਕਾਰ ਨਜ਼ਦੀਕੀ ਸਬੰਧ ਹੈ। ਪਰ ਫਿਰ ਵੀ ਬਹੁਤੇ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ।ਕੋਵਿਡ-19 ਮਹਾਂਮਾਰੀ ਨੇ ਮਾਨਸਿਕ ਸਿਹਤ ਲਈ ਇੱਕ ਵਿਸ਼ਵਵਿਆਪੀ ਸੰਕਟ ਪੈਦਾ ਕਰ ਦਿੱਤਾ ਹੈ, ਥੋੜ੍ਹੇ ਅਤੇ ਲੰਬੇ ਸਮੇਂ ਦੇ ਤਣਾਅ ਨੂੰ ਵਧਾਇਆ ਹੈ ਅਤੇ ਲੱਖਾਂ ਲੋਕਾਂ ਦੀ ਮਾਨਸਿਕ ਸਿਹਤ ਨੂੰ ਕਮਜ਼ੋਰ ਕੀਤਾ ਹੈ।ਅਨੁਮਾਨ ਮੁਤਾਬਿਕ ਮਹਾਂਮਾਰੀ ਦੇ ਪਹਿਲੇ ਸਾਲ ਦੌਰਾਨ 25% ਤੋਂ ਵੱਧ ਚਿੰਤਾ ਅਤੇ ਉਦਾਸੀ ਸੰਬੰਧੀ ਮਰੀਜ਼ਾਂ ਵਿੱਚ ਵਾਧਾ ਪਾਇਆ ਗਿਆ ਸੀ। ਇਸ ਦੇ ਨਾਲ ਹੀ, ਮਾਨਸਿਕ ਸਿਹਤ ਸੇਵਾਵਾਂ ਤੇ ਬੁਰੀ ਤਰ੍ਹਾਂ ਵਿਘਨ ਪਿਆ ਹੈ । ਸਰੀਰਕ ਅਤੇ ਮਾਨਸਿਕ ਸਿਹਤ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਕਿਸੇ ਇੱਕ ਪਹਿਲੂ ਨੂੰ ਨਜ਼ਰਅੰਦਾਜ਼ ਕਰਨਾ ਦੂਜੇ ਪਹਿਲੂ ਨੂੰ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ।ਬਜ਼ੁਰਗਾਂ ਤੋਂ ਲੈ ਕੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸਥਿਤੀ ਹੋਰ ਵਿਗੜ ਸਕਦੀ ਹੈ। ਇਸ ਲਈ ਮਾਨਸਿਕ ਰੋਗਾਂ ਨੂੰ ਆਮ ਬਿਮਾਰੀ ਵਾਂਗ ਵੇਖਣ ਦੀ ਲੋੜ ਹੈ ਅਤੇ ਡਾਕਟਰ ਨਾਲ ਕੌਸਲਿੰਗ ਕਰਨ ਤੇ ਜੋਰ ਦੇਣਾ ਚਾਹੀਦਾ ਹੈ।
ਸੁਆਲ :ਕੀ ਮਾਨਸਿਕ ਰੋਗ ਦੀਆਂ ਕਿਸਮਾਂ ਵੀ ਹਨ?
ਜੁਆਬ -ਸੋਚ, ਮਹਿਸੂਸ ਕਰਨ ਅਤੇ ਵਿਵਹਾਰ ਵਿਚ ਬਦਲਾਅ ਕਰਨ ਵਾਲੇ ਵਿਕਾਰ ਨੂੰ ਮਾਨਸਿਕ ਰੋਗ ਕਹਿੰਦੇ ਹਨ। ਮਾਨਸਿਕ ਰੋਗ ਦੀਆਂ ਕਿਸਮਾਂ:-
ਰੋਗੀ ਅਸਲੀਅਤ ਅਤੇ ਕਲਪਨਾ ਵਿੱਚ ਫਰਕ ਨਹੀਂ ਕਰ ਪਾਉਂਦਾ ਅਤੇ ਜਿਸ ਤਰੀਕੇ ਨਾਲ ਵਿਹਾਰ ਕਰਦਾ ਹੈ ਜਿਵੇਂ ਇਕੱਲੇ ਗੱਲਾਂ ਕਰਨਾ, ਸ਼ੱਕ ਕਰਨਾ, ਆਪਣਾ ਖਿਆਲ ਨਾ ਰੱਖਣਾ ਅਤੇ ਯਭਲੀਆਂ ਮਾਰਨਾ।
ਰੋਗੀ ਇੱਕ ਜਾਂ ਇੱਕ ਤੋਂ ਵੱਧ ਪ੍ਰਕਾਰ ਦੇ ਸ਼ੱਕ ਦੇ ਰੋਗ ਵਿੱਚ ਘਿਰ ਜਾਂਦਾ ਹੈ, ਇਸ ਦੌਰਾਨ ਉਹ ਕਈ ਵਾਰ ਲੋਕਾਂ ਤੋਂ ਡਰਦਾ ਹੈ ਤੇ ਕਦੇ ਆਪਣੇ-ਆਪ ਨੂੰ ਬਹੁਤ ਵੱਡਾ ਸਮਝਦਾ ਹੈ ।
ਰੋਗੀ ਨੂੰ ਕਦੇ ਉਦਾਸੀ ਅਤੇ ਕਦੇ ਤੇਜ਼ੀ ਜਾਂ ਵਾਰ-ਵਾਰ ਤੇਜ਼ੀ ਦਾ ਮਨੋਰੋਗ ਹੋ ਸਕਦਾ ਹੈ।
ਮਨ ਦੀ ਉਦਾਸੀ, ਇੱਛਾ ਦਾ ਘਟਣਾ, ਮਨੋਵਿਸ਼ਵਾਸ ਦਾ ਘਟਣਾ, ਜਲਦੀ ਥਕਾਵਟ ਹੋਣਾ ਅਤੇ ਭੁੱਖ ਵਿੱਚ ਬਦਲਾਵ, ਪਛਤਾਵੇ ਦੇ ਵਿਚਾਰ ਅਤੇ ਆਤਮ-ਹੱਤਿਆ ਕਰਨ ਬਾਰੇ ਵਿਚਾਰ ਜਾਂ ਕੋਸ਼ਿਸ਼ ਕਰਨਾ ਆਦਿ। ਅਜਿਹੇ ਲੱਛਣ ਦੋ ਹਫਤੇ ਤੋਂ ਜ਼ਿਆਦਾ ਰਹਿਣ ਤਾਂ ਉਸ ਨੂੰ ਉਦਾਸੀ ਦਾ ਵਿਕਾਰ ਕਿਹਾ ਜਾਂਦਾ ਹੈ।
ਸੁਆਲ ਡਿਪ੍ਰੈਸ਼ਨ ਕਿਉਂ ਹੁੰਦਾ ਏ
ਜੁਆਬ -ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਦੁਨਿਆਂ ਭਰ ਵਿਚ 30 ਕਰੋੜ ਤੋਂ ਜ਼ਿਆਦਾ ਲੋਕ ਅਵਸਾਦ ਯਾਨੀ ਡਿਪ੍ਰੈਸ਼ਨ ਨਾਲ ਗ੍ਰਸਿਤ ਹਨ। ਤਣਾਅ ਆਤਮਹੱਤਿਆ ਲਈ ਮਜਬੂਰ ਕਰ ਦੇਣ ਦਾ ਇਕ ਮਹੱਤਵਪੂਰਣ ਕਾਰਕ ਹੈ ਜਿਸ ਨਾਲ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਹੁੰਦੀ ਹੈ। ਦੁਨਿਆਂਭਰ ਵਿਚ ਹੋਣ ਵਾਲੀਆਂ ਆਤਮ ਹਤਿਆਵਾਂ ਵਿਚੋਂ 21% ਭਾਰਤ ਵਿਚ ਹੁੰਦੀ ਹੈ।
ਡਿਪ੍ਰੈਸ਼ਨ ਦਾ ਬੁਰਾ ਪ੍ਰਭਾਵ ਕੇਵਲ ਦਿਮਾਗ ’ਤੇ ਹੀ ਨਹੀਂ ਬਲਕਿ ਪੂਰੇ ਸਰੀਰ ’ਤੇ ਹੁੰਦਾ ਹੈ। ਇਕ ਨਵੇਂ ਸ਼ੋਧ ਵਿਚ ਵਿਗਿਆਨੀਆਂ ਨੇ ਸਾਬਿਤ ਕੀਤਾ ਹੈ ਕਿ ਡਿਪ੍ਰੈਸ਼ਨ ਨਾਲ ਹੋਣ ਵਾਲੇ ਬਦਲਾਅ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਸਪੇਨ ਦੀ ਯੂਨੀਵਰਸਿਟੀ ਆਫ ਗ੍ਰੇਨੇਡਾ (ਯੂ.ਜੀ.ਆਰ) ਦੇ ਵਿਗਿਆਨੀਆਂ ਨੇ ਇਕ ਖੋਜ ਦੇ ਜ਼ਰੀਏ ਦੱਸਿਆ ਕਿ ਡਿਪ੍ਰੈਸ਼ਨ ਨੂੰ ਇਕ ਪ੍ਰਣਾਲੀਗਤ ਰੋਗ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਦੇ ਕਈ ਅੰਗਾਂ ਅਤੇ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ।ਖੋਜ ਵਿਚ ਪਤਾ ਚੱਲਿਆ ਹੈ ਕਿ ਡਿਪ੍ਰੈਸ਼ਨ ਨਾਲ ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਹਨ, ਨਾਲ ਹੀ ਡਿਪ੍ਰੈਸ਼ਨ ਪੀੜਿਤ ਲੋਕਾਂ ਦੀ ਮੌਤ ਵੀ ਜਲਦੀ ਹੋ ਜਾਂਦੀ ਹੈ।
ਸੁਆਲ -ਕੀ ਪੰਜਾਬੀਆਂ ਵਿਚ ਪ੍ਰਵਾਸ ਕਾਰਣ ਵੀ ਡਿਪ੍ਰੈਸ਼ਨ ਵਧਿਆ ਹੈ?
ਜੁਆਬ- ਬਿਲਕੁਲ ਅਜਿਹੇ ਮਰੀਜ਼ ਨੌਜਵਾਨਾਂ ਤੋਂ ਬਜ਼ੁਰਗਾਂ ਤਕ ਸਾਡੇ ਕੋਲ ਆ ਰਹੇ ਹਨ। ਜਿਹਨਾਂ ਵਿਦਿਆਰਥੀਆਂ ਦੇ ਵੀਜ਼ੇ ਲਗ ਜਾਂਦੇ ਹਨ ਉਹ ਵਿਦੇਸ਼ਾਂ ਵਿਚ ਕੰਮ ਦੇ ਬੋਝ ਤੇ ਚੰਗੇ ਰੁਜ਼ਗਾਰ ਦੀ ਪ੍ਰਾਪਤੀ ਲਈ ,ਕਰਜ਼ਿਆਂ ਦੇ ਬੋਝ ਕਾਰਣ ਸਟਰੈਸ ਵਿਚ ਹਨ।ਰਿਸ਼ਤੇਦਾਰੀ ਦੀ ਘਾਟ ਕਾਰਣ ਉਹ ਆਪਣੇ ਮਨ ਦਾ ਬੋਝ ਵੀ ਹਲਕਾ ਨਹੀਂ ਕਰ ਸਕਦੇ।ਕਈ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਹਨ।ਡਿਪ੍ਰੈਸ਼ਨ ਕਾਰਣ ਆਤਮ ਹੱਤਿਆ ਵੀ ਕਰ ਲੈਂਦੇ ਹਨ। ਜਿਹਨਾਂ ਦੇ ਬਚੇ ਵਿਦੇਸ਼ ਚਲੇ ਜਾਂਦੇ ਹਨ ਉਹ ਇਕਲਤਾ ਕਾਰਣ ਡਿਪ੍ਰੈਸ਼ਨ ਵਿਚ ਰਹਿੰਦੇ ਹਨ।ਜਿਹਨਾ ਦੇ ਬਚੇ ਵਿਦੇਸ਼ ਜਾਣ ਤੋਂ ਅਸਫਲ ਰਹਿੰਦੇ ਹਨ ਉਹ ਵੀ ਡਿਪ੍ਰੈਸ਼ਨ ਵਿਚ ਹਨ।ਇਹੋ ਜਿਹੇ ਕਈ ਮਰੀਜ਼ ਸਾਡੇ ਕੋਲ ਇਲਾਜ਼ ਲਈ ਆਉਂਦੇ ਹਨ।
ਸੁਆਲ- ਡਿਪ੍ਰੈਸ਼ਨ ਦੇ ਲੱਛਣ ਤੇ ਇਲਾਜ ਕੀ ਹੈ?
ਜੁਆਬ – ਡਿਪ੍ਰੈਸ਼ਨ ਨਾਲ ਗ੍ਰਸਿਤ ਵਿਅਕਤੀ ਦੇ ਕੋਲ ਬੈਠ ਕੇ ਉਸ ਨੂੰ ਆਪਣੇ ਵਿਸ਼ਵਾਸ ਵਿਚ ਲਓ, ਸਥਾਨਿਕ ਭਾਸ਼ਾ ਵਿਚ ਗੱਲ ਕਰੋ। ਇਸ ਤਰ੍ਹਾਂ ਡਿਪ੍ਰੈਸਡ ਵਿਅਕਤੀ ਹਰ ਗੱਲ ਖੁੱਲ ਕੇ ਕਰਦਾ ਹੈ। ਦੋ – ਚਾਰ ਮੁਲਾਕਾਤਾਂ ਵਿਚ ਹੀ ਉਸ ਦੇ ਅੰਦਰ ਸਮਾਇਆ ਡਿਪ੍ਰੈਸ਼ਨ, ਹਤਾਸ਼ਾ ਘੱਟ ਹੋਣ ਲੱਗਦੀ ਹੈ ਅਤੇ ਇਸ ਨਾਲ ਆਤਮ ਹੱਤਿਆ ਦੀ ਪ੍ਰਵਿਰਤੀ ਘਟਣ ਲੱਗਦੀ ਹੈ। ਇਸ ਤਰ੍ਹਾਂ ਦੇ ਵਿਅਕਤੀ ਨੂੰ ਪਰਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਣਾ ਚਾਹੀਦਾ ਹੈ।
ਬਹੁਤ ਜ਼ਿਆਦਾ ਖੁਸ਼ ਰਹਿਣਾ ਜਾਂ ਚਿੜਚਿੜਾਪਣ ਰਹਿਣਾ, ਲੋੜ ਤੋਂ ਜਿਆਦਾ ਗੱਲਾਂ ਕਰਨੀਆਂ, ਪੈਸਾ ਖਰਚਣਾ, ਨੀਂਦ ਦੀ ਘੱਟ ਲੋੜ ਮਹਿਸੂਸ ਕਰਨਾ, ਕੰਮ ਵਿੱਚ ਕਮੀ ਵਰਗੇ ਅਜਿਹੇ ਲੱਛਣ ਇੱਕ ਹਫਤੇ ਤੋਂ ਰਹਿਣ ਤਾਂ ਉਸ ਨੂੰ ਉਦਾਸੀ ਦਾ ਵਿਕਾਰ ਕਿਹਾ ਜਾਂਦਾ ਹੈ।
ਬਿਨਾਂ ਕਿਸੇ ਕਾਰਨ ਵਾਰ-ਵਾਰ ਦਿਲ ਦੀ ਧੜਕਣ ਵਧਣਾ, ਤ੍ਰੇੇਲੀਆਂ ਆਉਣਾ, ਸਾਹ ਘੁਟਣਾ, ਚੱਕਰ ਆਉਣੇ ਆਦਿ ਘਬਰਾਹਟ ਦੇ ਵਿਕਾਰ ਦੇ ਲੱਛਣ ਹਨ।
ਅਣਚਾਹੇ ਵਿਚਾਰ ਅਤੇ ਮਜ਼ਬੂਰਨ ਹਰਕਤਾਂ ਸਬੰਧੀ ਵਿਕਾਰ, ਕੰਮ ਪੂਰਾ ਨਾ ਹੋਣ ਦੇ ਭੁਲੇਖੇ ਆਦਿ ਸਬੰਧੀ ਮਨ ਵਿੱਚ ਅਣਚਾਹੇ ਵਿਚਾਰ ਆਉਣਾ ਅਤੇ ਉਸ ਨੂੰ ਪੂਰਾ ਕਰਨ ਲਈ ਮਜ਼ਬੂਰੀ, ਵੱਧ ਸਫਾਈ ਲਈ ਵਾਰ-ਵਾਰ ਹੱਥ ਧੋਣਾ ਜਾਂ ਹੋਰ ਚੀਜ਼ਾਂ, ਤਾਲੇ, ਗੈਸ-ਚੁੱਲ੍ਹਾ ਚੈੱਕ ਕਰਨਾ ਆਦਿ ਮਾਨਸਿਕ ਵਿਕਾਰ ਦੀਆਂ ਨਿਸ਼ਾਨੀਆਂ ਹਨ।
ਠੀਕ ਹੋਣ ਦੇ ਬਾਵਜੂਦ ਵੀ ਰੋਗੀ ਵਾਰ-ਵਾਰ ਲੰਮੇ ਸਮੇਂ ਤੋਂ ਸਰੀਰ ਦੇ ਵੱਖਰੇ-ਵੱਖਰੇ ਹਿੱਸੇ ਵਿਚ ਦਰਦਾਂ ਦੀ ਸ਼ਿਕਾਇਤ ਕਰਦਾ ਹੈ।
ਯਾਦਾਸ਼ਤ ਘਟਣਾ, ਸਰੀਰ ਦੇ ਕਿਸੇ ਅੰਗ ਦੇ ਸਹੀ ਤਰ੍ਹਾਂ ਕੰਮ ਨਾ ਕਰਨਾ ਅਤੇ ਘਬਰਾਹਟ ਤੋਂ ਉਤਪੰਨ ਦੌਰੇ ਆਦਿ ਸ਼ਾਮਿਲ ਹਨ।
ਬੁਢਾਪੇ ਦੌਰਾਨ ਲਗਾਤਾਰ ਘੱਟੋ-ਘੱਟ ਛੇ ਮਹੀਨੇ ਤੋਂ ਯਾਦਾਸ਼ਤ ਦਾ ਕਮਜ਼ੋਰ ਹੋਣਾ, ਖਾਣਾ ਖਾਣਾ, ਕੱਪੜੇ ਪਾਉਣਾ, ਨਹਾਉਣਾ, ਰੋਜ਼ਾਨਾ ਦੇ ਕੰਮ ਕਰਨਾ ਆਦਿ ਭੁੱਲਣਾ ਇਸ ਰੋਗ ਦੀਆਂ ਨਿਸ਼ਾਨੀਆਂ ਹਨ
ਅਚਾਨਕ ਦਿਮਾਗ ਵਿੱਚ ਕੁੱਝ ਗੜਬੜ ਹੋਣ ਨਾਲ ਦੌਰੇ ਪੈਣੇ, ਜਿਸ ਦੌਰਾਨ ਮਰੀਜ਼ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਜਾਂਦਾ ਹੈ ਅਤੇ ਮਰੀਜ਼ ਨੂੰ ਸੱਟ-ਫੇਟ ਲੱਗਣ ਦਾ ਵੀ ਖਤਰਾ ਰਹਿੰਦਾ ਹੈ, ਪੂਰਨ ਬੇਹੋਸ਼ੀ, ਅਚਾਨਕ ਡਿੱਗ ਜਾਣਾ ਅਤੇ ਝਟਕੇ ਲੱਗਣਾ ਆਦਿ ਮੁੱਖ ਲੱਛਣ ਹਨ।
ਡਿਪ੍ਰੈਸ਼ਨ ਦਾ ਇਲਾਜ਼ ਮਰੀਜ਼ ਦੀ ਮਾਨਸਿਕ ਅਵਸਥਾ ’ਤੇ ਨਿਰਭਰ ਕਰਦਾ ਹੈ। ਦਵਾਈਆਂ ਰਾਹੀਂ ਜਾਂ ਸਲਾਹ-ਮਸ਼ਵਰੇ, ਵਿਸਥਾਰ ਵਿੱਚ ਗੱਲਬਾਤ ਨਾਲ ਕੀਤੀ ਜਾ ਸਕਦੀ ਹੈ ਮਾਨਸਿਕ ਰੋਗਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਮਨੋਰੋਗ ਮਾਹਿਰ ਅਤੇ ਕੌਂਸਲਰ ਦੀ ਸੁਵਿਧਾ ਉਪਲੱਬਧ ਹੈ ਅਤੇ ਲੋੜ ਪੈਣ ’ਤੇ ਮਰੀਜਾਂ ਨੂੰ ਦਾਖਲ ਕਰਨ ਦਾ ਪ੍ਰਬੰਧ ਵੀ ਹੈ।
ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਦੀ ਸਹੀ ਸਥਿਤੀ ਦੱਸਦਿਆਂ ਉਸ ਦੀ ਮਾਨਸਿਕਤਾ ਨੂੰ ਸਮਝਣ ਤੇ ਉਸ ਅਨੁਸਾਰ ਸਹੀ ਵਿਹਾਰ ਕਰਨ ਦੇ ਤਰੀਕੇ ਵੀ ਸਿਖਾਏ ਜਾਂਦੇ ਹਨ।
ਸਕਾਰਾਤਮਕ ਰਵੱਈਆ ਅਪਣਾਉਣਾ ਮਹੱਤਵਪੂਰਨ ਹੈ ਕੁਝ ਤਰੀਕੇ, ਜਿਨ੍ਹਾਂ ਦੁਆਰਾ ਤੁਸੀਂ ਅਜਿਹਾ ਕਰਦੇ ਹੋ, ਉਨ੍ਹਾਂ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਭਾਵਨਾਵਾਂ ਦੇ ਵਿੱਚ ਸੰਤੁਲਨ ਬਣਾਉਣਾ ਸ਼ਾਮਲ ਹੈ ਨਕਾਰਾਤਮਕ ਭਾਵਨਾਵਾਂ ਜਿਵੇਂ ਨਿਰਾਸ਼ਾ, ਬੇਇੱਜਤੀ ਜਾਂ ਗੁੱਸੇ ਨੂੰ ਮਹਿਸੂਸ ਕਰਨਾ ਵੀ ਜਰੂਰੀ ਹੈ ਤਾਂ ਜੋ ਸਥਿਤੀ ਮੁਤਾਬਕ ਮੁਸ਼ਕਲ ਦਾ ਹੱਲ ਵੀ ਕੀਤਾ ਜਾ ਸਕੇ ।
ਸ਼ੁੱਭ ਇੱਛਾਵਾਂ, ਅਹਿਸਾਨ ਤੇ ਧੰਨਵਾਦ ਦੀ ਭਾਵਨਾ ਰੱਖੋ:- ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਅਤੇ ਮੱਦਦਗਾਰਾਂ, ਸਹਿਯੋਗੀਆਂ ਲਈ ਸ਼ੁੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਨਾਲ ਚੰਗੇ ਵਿਚਾਰ ਅਤੇ ਦੂਸਰਿਆਂ ਨਾਲ ਰਿਸ਼ਤੇ ਮਜ਼ਬੂਤ ਬਣਦੇ ਹਨ ਦੂਜਿਆਂ ਨਾਲ ਤਾਲਮੇਲ ਅਤੇ ਪਿਆਰ ਬਣਾਓ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਦੂਜਿਆਂ ਨਾਲ ਤਾਲਮੇਲ, ਨਿਰਭਰਤਾ ਅਤੇ ਸਹਿਯੋਗ ਦੀ ਭਾਵਨਾ ਨਾਲ ਭਾਈਚਾਰਕ ਸਾਂਝ, ਦੋਸਤੀ ਅਤੇ ਚੰਗੇ ਸਬੰਧ ਬਣੇ ਰਹਿੰਦੇ ਹਨ ਜਿਸ ਨਾਲ ਜ਼ਿੰਦਗੀ ਖੁਸ਼ਹਾਲ ਰਹਿੰਦੀ ਹੈ ਮਨ ਵਿੱਚ ਗੁੱਸਾ-ਗਿਲਾ ਅਤੇ ਕਿਸੇ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੁੰਦੀ ਅਤੇ ਨਤੀਜੇ ਵੱਜੋਂ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।
ਸੁਆਲ -ਮਾਨਸਿਕ ਸਿਹਤ ਨੂੰ ਤੰਦਰੁਸਤ ਕਿਵੇਂ ਰਖਿਆ ਜਾਵੇ?
ਜੁਆਬ -ਮਾਨਸਿਕ ਸਿਹਤ ਵੀ ਸਰੀਰਕ ਸਿਹਤ ਵਾਂਗ ਹੀ ਹੁੰਦੀ ਹੈ ਜਿਸ ਦਾ ਧਿਆਨ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ। ਸਰੀਰਕ ਅਤੇ ਮਾਨਸਿਕ ਸਿਹਤ ਆਪਸ ਵਿੱਚ ਜੁੜੀ ਹੋਈ ਹੈ ਅਤੇ ਦੋਵਾਂ ਦਾ ਧਿਆਨ ਰੱਖਣ ਦੇ ਕੁਝ ਤਰੀਕੇ ਹਨ:-
ਸਰੀਰਕ ਤੌਰ ’ਤੇ ਕਿਰਿਆਸ਼ੀਲ ਹੋਣਾ: ਕਸਰਤ ਮਾਨਸਿਕ ਪ੍ਰੇਸ਼ਾਨੀ, ਚਿੰਤਾ-ਤਣਾਅ ਅਤੇ ਉਦਾਸੀ ਦੀਆਂ ਭਾਵਨਾਵਾਂ ਨੂੰ ਕਾਫੀ ਹੱਦ ਤੱਕ ਘਟਾ ਸਕਦੀ ਹੈ ਅਤੇ ਤੁਹਾਡੇ ਮੂਡ ਵਿਚ ਸੁਧਾਰ ਹੋ ਸਕਦਾ ਹੈ,ਦਿਲ ਦੀ ਧੜਕਣ ਤੇਜ ਹੋ ਜਾਂਦੀ ਹੈ, ਸਰੀਰ ਨੂੰ ਪਸੀਨਾ ਆਉਂਦਾ ਹੈ, ਲਹੂ ਚੱਕਰ ਸਹੀ ਹੋ ਜਾਂਦਾ ਹੈ। ਵਾਧੂ ਕੈਲੋਰੀਆਂ ਸੜਦੀਆਂ ਹਨ, ਚਰਬੀ ਘਟਦੀ ਹੈ, ਜਿਸ ਨਾਲ ਕੋਲੈਸਟ੍ਰੋਲ ਦੀ ਕੋਈ ਸਮੱਸਿਆ ਨਹੀਂ ਹੁੰਦੀ, ਭਾਰ ਸੰਤੁਲਿਤ ਰਹਿੰਦਾ ਹੈ, ਸਰੀਰ ਅਤੇ ਦਿਮਾਗ ਨੂੰ ਤਰੋ-ਤਾਜ਼ਾ ਰੱਖਣ ਲਈ ਸਰੀਰਕ ਗਤੀਵਿਧੀਆਂ ਜਰੂਰੀ ਹਨ, ਦਿਲ ਅਤੇ ਦਿਮਾਗ ਤੰਦਰੁਸਤ ਰਹਿੰਦੇ ਹਨ, ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਸਰੀਰਕ ਇਮਿਊਨਿਟੀ ਮਜ਼ਬੂਤ ਬਣੀ ਰਹਿੰਦੀ ਹੈ, ਸਰੀਰ ਅਰੋਗ ਰਹਿੰਦਾ ਹੈ। ਬੱਚਿਆਂ ਨੂੰ ਮੋਬਾਇਲ ਤੋਂ ਦੂਰ ਕਰਨਾ ਅੱਜ ਦੀ ਬਹੁਤ ਹੀ ਗੰਭੀਰ ਸਮੱਸਿਆ ਹੈ, ਬੱਚਿਆਂ ਨੂੰ ਵੀ ਸਰੀਰਕ ਸਰਗਰਮੀਆਂ ’ਚ ਸ਼ਾਮਿਲ ਕਰਨਾ ਚਾਹੀਦਾ ਹੈ
ਨੀਂਦ ਤੁਹਾਡੇ ਮੂਡ ਨੂੰ ਪ੍ਰਭਾਵਿਤ ਕਰਦੀ ਹੈ ਜੇ ਚੰਗੀ ਨੀਂਦ ਨਹੀਂ ਆਉਂਦੀ, ਤਾਂ ਤੁਸੀਂ ਚਿੜਚਿੜੇ ਅਤੇ ਗੁੱਸੇ ਵਿੱਚ ਵਧੇਰੇ ਅਸਾਨੀ ਨਾਲ ਆ ਸਕਦੇ ਹੋ ਜੇ ਕਾਫੀ ਲੰਮੇ ਸਮੇਂ ਤੱਕ ਅਨੀਂਦਰਾ ਰਹੇ ਤਾਂ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਡਿਪਰੈਸ਼ਨ ਦਾ ਡਰ ਬਣ ਸਕਦਾ ਹੈ, ਇਸ ਲਈ ਇਹ ਕੋਸ਼ਿਸ਼ ਕਰੋ ਕਿ ਤੁਸੀਂ ਨਿਯਮਿਤ ਤੌਰ ’ਤੇ ਹਰ ਰੋਜ਼ ਰਾਤ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਲਓ।
ਸੰਤੁਲਿਤ ਭੋਜਨ:?ਤੁਹਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਤੋਂ ਇਲਾਵਾ, ਚੰਗਾ ਪੋਸ਼ਣ ਤੁਹਾਡੀ ਮਾਨਸਿਕ ਸਥਿਤੀ ਨੂੰ ਬਿਹਤਰ ਸਥਿਤੀ ਵਿੱਚ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ ਇੱਕ ਸੰਤੁਲਿਤ ਖੁਰਾਕ ਚਿੰਤਾ ਅਤੇ ਤਣਾਅ ਨੂੰ ਘਟਾ ਸਕਦੀ ਹੈ, ਇਸ ਤੋਂ ਇਲਾਵਾ ਕੁਝ ਖਾਸ ਪੌਸ਼ਟਿਕ ਤੱਤਾਂ ਦਾ ਸੇਵਨ ਕਰਨ ਨਾਲ ਕੁਝ ਮਾਨਸਿਕ ਵਿਗਾੜ ਤੋਂ ਦੂਰੀ ਬਣਾਈ ਜਾ ਸਕਦੀ ਹੈ।ਧਿਆਨ ਲਗਾਉ ,ਸੰਤੁਸ਼ਟ ਰਹੋ, ਖੁਸ਼ ਰਹੋ ਅਤੇ ਦੂਜਿਆਂ ਨੂੰ ਦੇਖ ਈਰਖਾ ਦੀ ਭਾਵਨਾ ਤੋਂ ਬਚੋ।
ਸੁਆਲ -ਮਾਈਗ੍ਰੇਨ ਦੇ ਕੀ ਲੱਛਣ ਹਨ?
ਜੁਆਬ- ਮਾਈਗ੍ਰੇਨ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਹਰ ਉਮਰ ਦੇ ਲੋਕ ਮਾਈਗ੍ਰੇਨ ਦੀ ਲਪੇਟ ‘ਚ ਆ ਰਹੇ ਹਨ। ਮਾਈਗਰੇਨ ਗੰਭੀਰ ਸਿਰ ਦਰਦ, ਉਲਟੀਆਂ ਅਤੇ ਚੱਕਰ ਆਉਣ ਦਾ ਕਾਰਨ ਬਣ ਸਕਦਾ ਹੈ। ਅਕਸਰ ਲੋਕ ਸਿਰ ਦਰਦ ਅਤੇ ਮਾਈਗਰੇਨ ਨੂੰ ਲੈ ਕੇ ਉਲਝਣ ਵਿਚ ਰਹਿੰਦੇ ਹਨ। ਵੱਡੀ ਗਿਣਤੀ ਲੋਕ ਮਾਈਗ੍ਰੇਨ ਦੇ ਸ਼ੁਰੂਆਤੀ ਲੱਛਣਾਂ ਨੂੰ ਨਹੀਂ ਪਛਾਣ ਪਾਉਂਦੇ, ਜਿਸ ਕਾਰਨ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ। ਮਾਈਗ੍ਰੇਨ ਇੱਕ ਕਿਸਮ ਦਾ ਸਿਰ ਦਰਦ ਹੈ, ਜਿਸ ਵਿੱਚ ਵਿਅਕਤੀ ਨੂੰ ਅਚਾਨਕ ਤੇਜ਼ ਸਿਰਦਰਦ, ਉਲਟੀਆਂ ਅਤੇ ਉੱਚੀ ਆਵਾਜ਼, ਚਮਕਦਾਰ ਰੌਸ਼ਨੀ ਨਾਲ ਪਰੇਸ਼ਾਨੀ ਹੁੰਦੀ ਹੈ। ਮਾਈਗ੍ਰੇਨ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਸ ਵਿਚ ਵੱਖ-ਵੱਖ ਲੱਛਣ ਅਤੇ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਕਈ ਵਾਰ ਮਾਈਗ੍ਰੇਨ ਤੋਂ ਪੀੜਤ ਵਿਅਕਤੀ ਗੰਭੀਰ ਸਿਰ ਦਰਦ ਦੇ ਨਾਲ-ਨਾਲ ਸਰੀਰ ਦੇ ਇੱਕ ਹਿੱਸੇ ਵਿੱਚ ਕਮਜ਼ੋਰੀ ਮਹਿਸੂਸ ਕਰਦਾ ਹੈ। ਹਾਲਾਂਕਿ ਕੁਝ ਘੰਟਿਆਂ ਬਾਅਦ ਸਰੀਰ ਦੀ ਸਥਿਤੀ ਆਮ ਵਾਂਗ ਹੋ ਜਾਂਦੀ ਹੈ। ਜੇਕਰ ਤੁਹਾਨੂੰ 2 ਹਫਤਿਆਂ ਤੋਂ ਜ਼ਿਆਦਾ ਸਮੇਂ ਤੱਕ ਇਸ ਤਰ੍ਹਾਂ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਮਾਈਗ੍ਰੇਨ ਹੋ ਸਕਦਾ ਹੈ। ਤੁਹਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਮੌਜੂਦਾ ਸਮੇਂ ਵਿਚ ਨੌਜਵਾਨਾਂ ਵਿਚ ਮਾਈਗ੍ਰੇਨ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ| 18 ਤੋਂ 30 ਸਾਲ ਦਰਮਿਆਨ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਇਸ ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਮਾਈਗ੍ਰੇਨ ਹੋਣ ਦਾ ਸਭ ਤੋਂ ਵੱਡਾ ਕਾਰਨ ਨੌਜਵਾਨਾਂ ਦੀ ਵਿਗੜੀ ਹੋਈ ਜੀਵਨ ਸ਼ੈਲੀ ਹੈ। ਕਈ ਲੋਕ ਦੇਰ ਰਾਤ ਤੱਕ ਜਾਗਦੇ ਹਨ ਅਤੇ ਸਮੇਂ ਸਿਰ ਖਾਣਾ ਵੀ ਨਹੀਂ ਖਾਂਦੇ। ਇਸ ਕਾਰਨ ਮਾਈਗ੍ਰੇਨ ਦੀ ਸਮੱਸਿਆ ਵੀ ਹੋ ਸਕਦੀ ਹੈ। ਕਰੋਨਾ ਕਾਲ ਦੇ ਵਿੱਚ ਘਰ ਤੋਂ ਕੰਮ ਕਰਨ ਦਾ ਰੁਝਾਨ ਵਧਿਆ ਹੈ। ਇਸ ਦੌਰਾਨ ਮਾਈਗ੍ਰੇਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਾਈਗ੍ਰੇਨ ਇੱਕ ਜੀਵਨ ਸ਼ੈਲੀ ਦੀ ਬਿਮਾਰੀ ਹੈ, ਜਿਸ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਹੋਵੇਗਾ। ਸੌਣ ਦਾ ਸਹੀ ਸਮਾਂ ਤੈਅ ਕਰਨ ਦੇ ਨਾਲ ਨਾਲ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤਣਾਅ ਤੋਂ ਬਚਣਾ ਚਾਹੀਦਾ ਹੈ। ਹਰ 3 ਤੋਂ 4 ਘੰਟਿਆਂ ਬਾਅਦ, ਖੂਨ ਵਿੱਚ ਗਲੂਕੋਜ਼ ਨੂੰ ਬਣਾਈ ਰੱਖਣ ਲਈ ਕੁਝ ਖਾਣਾ ਚਾਹੀਦਾ ਹੈ। ਲੰਬੇ ਸਮੇਂ ਤੱਕ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਤੁਹਾਨੂੰ ਯੋਗਾ ਕਰਨਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਨਾਲ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਬਚ ਸਕਦੇ ਹੋ। ਮਾਈਗ੍ਰੇਨ ਦਾ ਇਲਾਜ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ, ਪਰ ਹਰ ਮਰੀਜ਼ ਦੀ ਸਥਿਤੀ ਵੱਖਰੀ ਹੁੰਦੀ ਹੈ।





