ਪੈਰਿਸ 25 ਮਈ ( ਭੱਟੀ ਫਰਾਂਸ ) ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇ ਇਸ ਆਗਮਨ ਗੁਰਪੁਰਬ ‘ਚ ਹਾਜਰੀ ਭਰਨ ਵਾਸਤੇ ਯੂਰੋਪ ਤੋਂ ਇਲਾਵਾ ਇੰਗਲੈਂਡ ਦੀਆਂ ਸੰਗਤਾਂ ਵੀ ਬਹੁਤ ਵੱਡੀ ਤਦਾਦ ‘ਚ ਪਹੁੰਚੀਆ ਹੋਈਆਂ ਸਨ। ਮੀਡੀਏ ਦੀ ਜਾਣਕਾਰੀ ਮੁਤਾਬਿਕ ਇਹ ਸਮਾਗਮ ਹਰ ਸਾਲ ਯੂਰਪ ਦੇ ਅਲੱਗ ਅਲੱਗ ਮੁਲਕਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਉਪਰ ਬਣੀਆਂ ਸਭਾਵਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਜਦਕਿ ਇਸ ਵਾਰ ਪੈਰਿਸ ਦੀ ਸਭਾ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਜਿਸ ਕਾਰਨ ਇਸ ਵਾਰ ਸ਼੍ਰੀ ਗੁਰੂ ਰਵੀਦਾਸ ਸਭਾ ਪੈਰਿਸ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਕਾਰਨ ਇਹ ਧਾਰਮਿਕ ਸਮਾਗਮ ਹਰ ਪੱਖੋਂ ਸਫਲ ਰਿਹਾ । ਇਸ ਸਲਾਨਾ ਪ੍ਰੋਗਰਾਮ ਵਿੱਚ ਹਾਜਰੀ ਲਗਵਾਉਣ ਵਾਸਤੇ ਇੰਗਲੈਂਡ ਦੀਆਂ ਸੰਗਤਾਂ ਬੱਸ ਰਾਹੀਂ ਪੈਰਿਸ ਪੁੱਜੀਆ ਜਿਸ ਵਿੱਚ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਤੇ ਸੰਗਤਾਂ ਸ਼ਾਮਿਲ ਸਨ।
ਮਿਲੇ ਵੇਰਵੇ ਅਨੁਸਾਰ ਸ੍ਰੀ ਗੁਰੂ ਰਵਿਦਾਸ ਸਭਾ ਸਟਰੂਡ ਕੈਂਟ, ਲੈਸਟਰ, ਡਰਬੀ, ਈਰਥ ਕੈਂਟ, ਵੁਲਵਰਹਮਪਟਨ, ਗਰੇਵਜੈਂਡ, ਓਸਟੈਂਡ ਬੈਲਜੀਅਮ, ਐਮਸਟਰਡੈਮ , ਹਾਲੈਂਡ ਅਤੇ ਬੈਡਫੋਰਡ ਦੀਆਂ ਪ੍ਰਬੰਧਕ ਕਮੇਟੀਆਂ ਨੇ ਪੈਰਿਸ ਦੀ ਸੰਗਤ ਵੱਲੋਂ ਉਲੀਕੇ ਇਸ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਸਬੰਧ ਵਿੱਚ ਲੰਘੇ ਐਤਵਾਰ ਵਾਲੇ ਦਿਨ ਸਵੇਰੇ ਸਭ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਰੱਖੇ ਸ਼੍ਰੀ ਆਖੰਡਪਾਠ ਸਾਹਿਬ ਜੀ ਦੇ ਸਪੂਰਨ ਭੋਗ ਪਾਏ ਗਏ। ਸਰਬੱਤ ਦੇ ਭਲੇ ਦੀ ਅਰਦਾਸ ਹੋਣ ਮਗਰੋਂ ਹੁਕਮਨਾਮਾ ਲਿਆ ਗਿਆ, ਉਪਰੰਤ ਗੁਰੂ ਘਰ ਦੇ ਹਜੂਰੀ ਰਾਗੀ ਜਥੇ ਭਾਈ ਦਵਿੰਦਰ ਸਿੰਘ ਜੀ ਨੇ ਅੰਮ੍ਰਿਤਮਈ ਕੀਰਤਨ ਵਿਆਖਿਆ ਸਾਹਿਤ ਕਰਕੇ ਗੁਰੂ ਘਰ ਪਹੁੰਚੀਆ ਹੋਈਆ ਸੰਗਤਾਂ ਨੂੰ ਨਿਹਾਲ ਕੀਤਾ ਤੇ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੀ ਜੀਵਨੀ ਦਾ ਵੀ ਬ੍ਰਿਤਾਂਤ ਕੀਤਾ ।
ਬੁਲਾਰਿਆ ਦੇ ਬੋਲਣ ਤੋਂ ਪਹਿਲਾਂ ਬਾਹਰੋਂ ਆਈਆਂ ਮਹਾਨ ਸ਼ਖਸ਼ੀਅਤਾ ਨੂੰ ਪ੍ਰਬੰਧਕ ਕਮੇਟੀ ਪੈਰਿਸ ਵਲੋਂ ਭਾਈ ਜਸਪਾਲ ਸਿੰਘ ਜੀ ਨੇ ਜੀਅ ਆਇਆ ਕਿਹਾ ਅਤੇ ਪ੍ਰੋਗਰਾਮ ਵਿੱਚ ਪਹੁੰਚਣ ਦਾ ਧੰਨਵਾਦ ਵੀ ਕੀਤਾ । ਉਪਰੰਤ ਸ੍ਰੀ ਸੁਰਿੰਦਰ ਕੁਮਾਰ ਡਰਬੀ ਵਾਈਸ ਪ੍ਰਧਾਨ ਜੀ ਨੇ ਵੱਖ ਵੱਖ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨੂੰ ਜੀ ਆਇਆ ਕਿਹਾ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਪਾਈ ਭਾਈ ਸਾਹਿਬ ਸੰਦੀਪ, ਗੋਲਡੀ ਅਤੇ ਸਾਜਨ ਦੇ ਜੱਥੇ ਵਲੋਂ ਬਹੁਤ ਹੀ ਰਸਭਿਨਾ ਕੀਰਤਨ ਕੀਤਾ ਗਿਆ । ਇਸ ਤੋਂ ਇਲਾਵਾ ਭਾਰਤ ਤੋਂ ਵਿਸ਼ੇਸ਼ ਤੌਰ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪੁੱਜੇ ਮਿਸ਼ਨਰੀ ਕਲਾਕਾਰ ਕਮਲ ਤੱਲ੍ਹਣ ਜੀ ਨੇ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ । ਗੁਰੂ ਕੀਆਂ ਸੰਗਤਾਂ ਵਲੋਂ ਤੱਲਣ ਸਾਹਿਬ ਨੂੰ ਬੇਅੰਤ ਅਸ਼ੀਰਵਾਦ ਦਿੱਤਾ ਗਿਆ ।
ਵੱਖੋ ਵੱਖ ਬੁਲਾਰਿਆ ਨੇ ਆਪੋ ਆਪਣੀ ਸੋਚ ਮੁਤਾਬਿਕ ਗੁਰੂ ਜੀ ਦੇ ਜੀਵਨ ਸੰਘਰਸ਼ ਤੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਵਿੱਚ ਸ੍ਰੀ ਸ਼ਰਧਾ ਰਾਮ ਗਰੇਵਜੈਂਡ, ਸ੍ਰੀ ਜੀਵਨ ਲਾਲ ਬੈਲਜੀਅਮ, ਸ੍ਰੀ ਦੇਸ ਰਾਜ ਬੰਗੜ ਸਟਰੂਡਕੈਂਟ, ਜਨਰਲ ਸਕੱਤਰ ਸ੍ਰੀ ਜਸਵੀਰ ਹੀਰ, ਸ੍ਰੀ ਬੂਟਾ ਸਿੰਘ ਵੂਲਵਰਹਮਪਟਨ, ਨਿਰਮਲ ਸੋਂਧੀ, ਨਿਰਮਲ ਸਹੋਤਾ ਪੈਰਿਸ, ਸ੍ਰੀ ਸ਼ਿਗਾਰਾ ਰਾਮ ਯੂ ਕੇ ਦੇ ਨਾਮ ਵਰਨਣ ਯੋਗ ਹਨ ਜਿਨ੍ਹਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਵਡਮੁੱਲੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ।
ਇਸ ਸਮਾਗਮ ਵਿੱਚ ਹੋਰ ਵੀ ਬਹੁਤ ਸਾਰੀਆਂ ਸਭਾਵਾਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚੋਂ ਸ਼੍ਰੀ ਰੇਸ਼ਮ ਬੰਗੜ ਵਾਈਸ ਪ੍ਰਧਾਨ, ਸ੍ਰੀ ਸੱਤਪਾਲ ਬੈਡਫੋਰਡ, ਸਰਦਾਰ ਜਗਰੂਪ ਸਿੰਘ, ਸ੍ਰੀ ਜੀਤ ਰਾਮ ਹੌਂਲੈਂਡ ਸ੍ਰੀ ਚੰਨਾ ਬੰਗੜ, ਬੀਬੀ ਰੇਸ਼ਮ ਕੌਰ ਡਰਬੀ ਆਦਿ ਵੀ ਸਮਾਗਮ ਵਿੱਚ ਸ਼ਾਮਿਲ ਸਨ । ਗੁਰੂ ਕੇ ਲੰਗਰ ਵੀ ਤਿੰਨੋਂ ਦਿਨ ਅਟੁੱਟ ਵਰਤਾਏ ਗਏ । ਇਨ੍ਹਾਂ ਲੰਗਰਾ ਦੀ ਸੇਵਾ ਸ੍ਰੀ ਅਮਰਜੀਤ ਸਿੰਘ ਅਤੇ ਚਾਹ ਦੀ ਸੇਵਾ ਸ੍ਰੀ ਦਵਿੰਦਰ ਰੱਲ ਜੀ ਦੇ ਪਰਿਵਾਰ ਵਲੋਂ ਬਹੁਤ ਹੀ ਸ਼ਰਧਾ ਸਾਹਿਤ ਕਰਵਾਈ ਗਈ । ਸ਼੍ਰੀ ਅਖੰਡਪਾਠ ਸਾਹਿਬ ਜੀ ਦੀ ਸੇਵਾ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੀ ਸਮੂਚੀ ਟੀਮ ਵਲੋਂ ਕਰਵਾਈ ਗਈ । ਉਪਰੋਕਤ ਸੇਵਾਵਾਂ ਲਈ ਸਬੰਧਿਤ ਸੇਵਾਦਾਰਾ ਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ । ਮਿਸ਼ਨਰੀ ਕਲਾਕਾਰ ਕਮਲ ਤੱਲ੍ਹਣ ਜੀ ਨੂੰ ਮੋਮੈਂਟੋ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਦੇ ਜਨਰਲ ਸਕੱਤਰ ਸ੍ਰੀ ਜਸਵੀਰ ਹੀਰ ਜੀ ਵਲੋਂ ਪੈਰਿਸ ‘ਚ ਬਾਹਰੋਂ ਆਈਆਂ ਹੋਈਆਂ ਸਾਰੀਆਂ ਹੀ ਸਭਾਵਾਂ ਅਤੇ ਸੰਗਤ ਦਾ ਦਿਲ ਦੀਆਂ ਗਹਿਰਾਈਆ ਵਿੱਚੋਂ ਧੰਨਵਾਦ ਵੀ ਕੀਤਾ ਗਿਆ





