ਦੀਪਕ ਠਾਕੁਰ
ਤਲਵਾਡ਼ਾ,11 ਅਗਸਤ -ਬੀਤੀ ਰਾਤ ਪਏ ਭਾਰੀ ਮੀਂਹ ਨੇ ਕੰਢੀ ਖ਼ੇਤਰ ‘ਚ ਭਾਰੀ ਤਬਾਹੀ ਮਚਾਈ ਹੈ। ਨੀਮ ਪਹਾਡ਼ੀ ਪਿੰਡ ਭਵਨੌਰ ’ਚ ਇੱਕ ਕੱਚੇ ਘਰ ਦਾ ਬਰਾਂਡਾ ਡਿੱ
ਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਪਿੰਡ ਰਾਮਗਡ਼੍ਹ ਸੀਕਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਦੀਵਾਰ ਡਿੱਗ ਗਈ ਹੈ। ਉੱਥੇ ਸੀਕਰੀ, ਅਮਰੋਹ ਆਦਿ ਬਜ਼ਾਰਾਂ ’ਚ ਖੱਡਾਂ ਉਲਟਣ ਕਾਰਨ ਪਾਣੀ ਦੁਕਾਨਾਂ ਅਤੇ ਘਰਾਂ ’ਚ ਵਡ਼ ਗਿਆ ਹੈ। ਸਰਪੰਚ ਅਸ਼ਵਨੀ ਕੁਮਾਰ ਰਾਮਗਡ਼੍ਹ ਸੀਕਰੀ ਨੇ ਬਜ਼ਾਰ ‘ਚ ਆਏ ਪਾਣੀ ਲਈ ਰੇਲਵੇ ਵਿਭਾਗ ਨੂੰ ਦੋਸ਼ੀ ਠਹਿਰਾਉਂਦਿਆਂ ਦਸਿਆ ਕਿ ਰੇਲਵੇ ਵਿਭਾਗ ਵੱਲੋਂ ਨੀਰਮਾਣਅਧੀਨ ਦੌਲਤਪੁਰ ਤਲਵਾਡ਼ਾ ਰੇਲਵੇ ਲਾਈਨ ਲਈ ਖੱਡਾਂ ’ਚ ਪੁਟਾਈ ਕੀਤੀ ਗਈ ਹੈ।
ਭਾਰੀ ਮੀਂਹ ਕਾਰਨ ਖੱਡ ਬਜ਼ਾਰ ਵਾਲੇ ਪਾਸੇ ਨੂੰ ਉਲਟ ਗਈ। ਜਿਸ ਕਾਰਨ ਬਜ਼ਾਰ ’ਚ ਸਥਿਤ ਤਿੰਨ ਘਰਾਂ ਅਤੇ 8 ਦੁਕਾਨਾਂ ’ਚ ਕਰੀਬ ਢਾਈ ਫੁੱਟ ਪਾਣੀ ਭਰ ਗਿਆ। ਲੋਕਾਂ ਦਾ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਖ਼ਰਾਬ ਹੋ ਗਿਆ ਹੈ। ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗਡ਼੍ਹ ਸੀਕਰੀ ਦੀ ਕਰੀਬ 65 ਫੁੱਟ ਦੀਵਾਰ ਨੁਕਸਾਨੀ ਗਈ ਹੈ। ਪਿੰਡ ਭਵਨੌਰ ’ਚ ਕੱਚੇ ਘਰ ਦਾ ਬਰਾਂਡਾ ਰਾਤ ਹੋਈ ਭਾਰੀ ਬਰਸਾਤ ਕਾਰਨ ਡਿੱਗ ਗਿਆ ਹੈ, ਅਤੇ ਹੇਠਾਂ ਸੁੱਤਾ ਅਪਾਹਜ਼ ਭਜਨ ਸਿੰਘ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਪਿੰਡ ਵਾਸੀਆਂ ਨੇ ਭੋਲ ਸਥਿਤ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਹੈ। ਪਿੰਡ ਭਵਨੌਰ ਦੇ ਸਾਬਕਾ ਸਰਪੰਚ ਸ਼ਾਮ ਸਿੰਘ ਨੇ ਦਸਿਆ ਕਿ ਭਜਨ ਸਿੰਘ ਆਪਣੀ ਵਿਧਵਾ ਭਰਜਾਈ ਸ਼ੋਭਾ ਲਤਾ ਨਾਲ ਕੱਚੇ ਮਕਾਨ ’ਚ ਰਹਿੰਦਾ ਹੈ, ਭਰਜਾਈ ਬੋਲ ਅਤੇ ਸੁਣ ਨਹੀਂ ਸਕਦੀ, ਘਰ ’ਚ ਕਮਾਉਣ ਵਾਲਾ ਕੋਈ ਨਹੀਂ ਹੈ, ਅੱਜ ਸਵੇਰੇ ਕਰੀਬ 5 ਵਜੇ ਪਏ ਤੇਜ਼ ਮੀਂਹ ਕਾਰਨ ਬਰਾਂਡਾ ਡਿੱਗ ਪਿਆ, ਭਜਨ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਮਕਾਨ ਵੀ ਡਿੱਗਣ ਵਾਲਾ ਹੈ। ਸਾਬਕਾ ਸਰਪੰਚ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੀਡ਼੍ਹਤਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ। ਕਸਬਾ ਅਮਰੋਹ ’ਚ ਵੀ ਖੱਡ ਉਲਟਣ ਕਾਰਨ ਘਰਾਂ ਅਤੇ ਦੁਕਾਨਾਂ ਅੰਦਰ ਪਾਣੀ ਵਡ਼ ਗਿਆ ਹੈ।





