ਜਲੰਧਰ 27 ਮਾਰਚ (ਜਸਪਾਲ ਕੈਂਥ)-ਕੌਮੀ ਤੇ ਕੌਮਾਂਤਰੀ ਪੱਧਰ ਤੇ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਕਰਾਏ ਜਾ ਰਹੇ ਸੈਮੀਨਾਰ ਤੇ ਕਾਨਫ਼ਰੰਸਾਂ ਦੀ ਲੜੀ ਤਹਿਤ ਜਲੰਧਰ ਵਿਚ ਵੀ 5 ਅਪਰੈਲ ਨੂੰ ਇਕ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ ਕਰਾਇਆ ਜਾ ਰਿਹਾ ਹੈ, ਜਿਸ ਵਿਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ, ਜੀਵਨ ਨਾਲ ਸਬੰਧਿਤ ਖੋਜ ਭਰਪੂਰ ਪੇਪਰ ਪੜ੍ਹੇ ਜਾਣਗੇ। ਇਹ ਸੈਮੀਨਾਰ ਡਾ. ਭੀਮ ਰਾਓ ਅੰਬੇਡਕਰ ਭਵਨ ਨਕੋਦਰ ਰੋਡ ਜਲੰਧਰ ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਲਾਲ ਬਹਾਦਰ ਭਾਟੀਆ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਰਚੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਉਨ੍ਹਾਂ ਦੀ ਬਾਣੀ ਸਾਡੀ ਰਾਹ ਦਸੇਰੇ ਵਜੋਂ ਕੰਮ ਕਰਦੀ ਹੈ, ਬਾਣੀ ਨਾਲ ਤੇ ਸਤਿਗੁਰੂ ਰਵਿਦਾਸ ਜੀ ਦੇ ਜੀਵਨ, ਸਮਾਜ, ਵਿਚਾਰ ਅਤੇ ਸੰਵਾਦ ਦੇ ਵਿਸ਼ੇ ਤੇ ਪਰਚੇ ਪੜ੍ਹੇ ਜਾਣਗੇ।
ਪ੍ਰੋ. ਭਾਟੀਆ ਨੇ ਦੱਸਿਆ ਕਿ ਅਸੀਂ ਇਸ ਸੈਮੀਨਾਰ ਦੀਆਂ ਤਿਆਰੀਆਂ ਵਿਚ ਜੁਟੇ ਹਾਂ, ਕਿਉਂਕਿ ਇਸ ਸੈਮੀਨਾਰ ਵਿਚ ਪੰਜਾਬ ਭਰ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਵਿਦਵਾਨ ਸੱਜਣ ਆਕੇ ਆਪਣੇ ਵਿਚਾਰ ਪ੍ਰਗਟ ਕਰਨਗੇ। ਉਨ੍ਹਾਂ ਕਿਹਾ ਕਿ ਬਾਣੀ ਵਿਚਾਰ ਮੰਚ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ਵਿਚ ਤੇ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਦੀ ਰਹਿਨੁਮਾਈ ਵਿਚ ਹੋ ਰਹੇ ਇਸ ਸੈਮੀਨਾਰ ਵਿਚ ਤਿੰਨ ਪਰਚੇ ਪੜ੍ਹੇ ਜਾਣਗੇ, ਇਹ ਪਰਚੇ ਪ੍ਰਬੁੱਧ ਵਿਦਵਾਨ ਡਾ. ਸੀਤਲ ਸਿੰਘ, ਸ੍ਰੀ ਰੂਪ ਲਾਲ ਰੂਪ ਤੇ ਉਹ (ਪ੍ਰੋ. ਲਾਲ ਬਹਾਦਰ ਭਾਟੀਆ) ਪੜ੍ਹਨਗੇ, ਇਸ ਵਿਚ ਉਦਘਾਟਨੀ ਭਾਸ਼ਣ ਸ੍ਰੀ ਹਰਬਿਲਾਸ ਬੱਸੀ ਕੈਨੇਡਾ ਦੇਣਗੇ ਤੇ ਸਮਾਪਤੀ ਭਾਸ਼ਣ ਡਾ. ਗੁਰਮੀਤ ਸਿੰਘ ਕਲੱਰਮਾਜਰੀ ਦੇਣਗੇ। ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਿਦਵਾਨ, ਚਿੰਤਕ ਤੇ ਗੀਤਕਾਰ ਮਦਨ ਜਲੰਧਰੀ ਹੋਣਗੇ। ਪ੍ਰਧਾਨਗੀ ਬਲਵਿੰਦਰ ਸਿੰਘ ਜਾਤੀਵਾਲ ਪਟਿਆਲਾ ਕਰਨਗੇ। ਅੱਜ ਇਸ ਸੈਮੀਨਾਰ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਤੌਰ ਤੇ ਮੀਟਿੰਗ ਕਮਿਊਨਿਟੀ ਹਾਲ 120 ਫੁੱਟੀ ਰੋਡ ਤੇ ਕੀਤੀ ਗਈ। ਜ਼ਿਲ੍ਹਾ ਕੋਆਰਡੀਨੇਟਰ ਪ੍ਰੋ. ਲਾਲ ਬਹਾਦਰ ਭਾਟੀਆ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਉੱਘੇ ਸਮਾਜ ਸੇਵਕ ਤੇ ਰਿਟਾ. ਬੈਂਕ ਮੈਨੇਜਰ ਸ੍ਰੀ ਜਗਦੀਸ਼ ਕੁਮਾਰ ਡਾਲੀਆ, ਸ਼੍ਰੀ ਜੀ ਰਾਜ ਅੰਗਰਾਲ , ਸ਼੍ਰੀ ਭਜਨ ਲਾਲ, ਸ਼੍ਰੀ ਪ੍ਰਤਾਪ ਸਾਰੰਗਲ, ਸ੍ਰੀ ਓਮ ਪ੍ਰਕਾਸ਼ ਲੋਚ, ਕੈਪਟਨ ਦਇਆ ਰਾਮ ਤੇ ਲਾਲਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਗੁਰੂ ਰਵਿਦਾਸ ਮੰਦਰ ਦੇ ਸੇਵਾਦਾਰ ਸ੍ਰੀ ਵਿਕੀ ਖਿੰਦਰ , ਪ੍ਰਿੰਸ ਖਿੰਦਰ ਅਤੇ ਸ਼੍ਰੀ ਹਰਿਬਲਾਸ ਹਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।





