*ਐੱਮ.ਈ.ਐੱਸ. ਵਰਕਰਜ਼ ਯੂਨੀਅਨ ਦੀ ਦੋ ਰੋਜ਼ਾ ਕਾਨਫਰੰਸ ਸਫ਼ਲਤਾਪੂਰਵਕ ਸੰਪੰਨ*

Uncategorized
Spread the love

ਜਲੰਧਰ (ਜਸਪਾਲ ਕੈਂਥ): ਐੱਮ.ਈ.ਐੱਸ. ਵਰਕਰਜ਼ ਯੂਨੀਅਨ ਏਰੀਆ ਕਮੇਟੀ ਅੰਬਾਲਾ ਦੀ ਦੋ ਰੋਜ਼ਾ ਸਾਲਾਨਾ ਕਾਨਫਰੰਸ ਬੜੀ ਧਰਮਸ਼ਾਲਾ, ਜਲੰਧਰ ਛਾਉਣੀ ਵਿਖੇ ਸਫ਼ਲਤਾਪੂਰਵਕ ਸੰਪੰਨ ਹੋਈ। ਕਾਨਫਰੰਸ ਦੀ ਪ੍ਰਧਾਨਗੀ ਕਾਮਰੇਡ ਸੀ. ਸ੍ਰੀਕੁਮਾਰ ਨੇ ਕੀਤੀ। ਇਸ ਮੌਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ।

ਕਾਨਫਰੰਸ ਦੌਰਾਨ ਯੂਨੀਅਨ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸਤਿਅਨ ਨੇ ਜਥੇਬੰਦੀ ਦੀਆਂ ਪਿਛਲੇ ਸਮੇਂ ਦੌਰਾਨ ਕੀਤੀਆਂ ਸਰਗਰਮੀਆਂ ਸਬੰਧੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ, ਜਦਕਿ ਵਿੱਤ ਸਕੱਤਰ ਗੁਰਬਖਸ਼ ਰਾਏ ਪ੍ਰਭਾਕਰ ਨੇ ਆਮਦਨ ਅਤੇ ਖਰਚਿਆਂ ਦਾ ਲੇਖਾ-ਜੋਖਾ ਪੇਸ਼ ਕੀਤਾ।

ਕਾਨਫਰੰਸ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਕਿਰਤ ਕੋਡਾਂ ਬਾਰੇ ਵੀ ਗੰਭੀਰ ਚਰਚਾ ਹੋਈ। ਬੁਲਾਰਿਆਂ ਨੇ ਕਿਰਤ ਕੋਡਾਂ ਦੀਆਂ ਕਮੀਆਂ ਅਤੇ ਇਨ੍ਹਾਂ ਦੇ ਕਰਮਚਾਰੀਆਂ ਤੇ ਮਜ਼ਦੂਰਾਂ ਦੇ ਹੱਕਾਂ ਅਤੇ ਸਮਾਜਿਕ ਸੁਰੱਖਿਆ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਹੱਕ ਪ੍ਰਭਾਵਿਤ ਹੋ ਸਕਦੇ ਹਨ। ਇਸ ਮੌਕੇ ਕਿਰਤ ਕੋਡਾਂ ਸਬੰਧੀ ਜਨਤਕ ਜਾਗਰੂਕਤਾ ਪੈਦਾ ਕਰਨ ਅਤੇ ਕਰਮਚਾਰੀ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ ਗਿਆ।

ਅੱਠਵੇਂ ਤਨਖਾਹ ਕਮਿਸ਼ਨ ਦੇ ਮੁੱਦੇ ’ਤੇ ਵੀ ਡੈਲੀਗੇਟਾਂ ਵੱਲੋਂ ਵਿਸਥਾਰ ਨਾਲ ਚਰਚਾ ਕੀਤੀ ਗਈ। ਕਾਨਫਰੰਸ ਦੌਰਾਨ ਮੰਗ ਕੀਤੀ ਗਈ ਕਿ ਅੱਠਵੇਂ ਤਨਖਾਹ ਕਮਿਸ਼ਨ ਦੇ ਨਾਲ ਪੁਰਾਣੀ ਪੈਨਸ਼ਨ ਸਕੀਮ ਨੂੰ ਵੀ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਕਰਮਚਾਰੀਆਂ ਦੀ ਘੱਟੋ-ਘੱਟ ਮੁੱਢਲੀ ਤਨਖਾਹ 69,000 ਰੁਪਏ ਨਿਰਧਾਰਤ ਕਰਨ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚ ਢੁਕਵੀਂ ਤੇ ਨਿਆਂਸੰਗਤ ਸੋਧ ਕਰਨ ਦੀ ਮੰਗ ਵੀ ਉਠਾਈ ਗਈ।

ਕਾਨਫਰੰਸ ਨੂੰ ਏਟਕ ਦੇ ਕੌਮੀ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਚਾਰ ਕਿਰਤ ਕੋਡਾਂ, ਨਿੱਜੀਕਰਨ ਅਤੇ ਹੋਰ ਨੀਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਕੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ

ਕਾਨਫਰੰਸ ਦੌਰਾਨ ਐੱਮ.ਈ.ਐੱਸ. ਵਰਕਰਜ਼ ਯੂਨੀਅਨ ਦੀ ਨਵੀਂ ਕਾਰਜਕਾਰਨੀ ਅਤੇ ਹੋਰ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕਾਮਰੇਡ ਸੀ. ਸ੍ਰੀਕੁਮਾਰ ਨੂੰ ਪ੍ਰਧਾਨ, ਕਾਮਰੇਡ ਓ.ਪੀ. ਵਸ਼ਿਸ਼ਟ ਅਤੇ ਕਾਮਰੇਡ ਸੱਤਿਅਨ ਨੂੰ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਮਨੋਜ ਕੁਮਾਰ ਨੂੰ ਜਨਰਲ ਸਕੱਤਰ ਅਤੇ ਕਾਮਰੇਡ ਗੁਰਬਖਸ਼ ਰਾਏ ਨੂੰ ਖਜ਼ਾਨਚੀ ਚੁਣਿਆ ਗਿਆ।

ਕਾਨਫਰੰਸ ਦੇ ਅੰਤ ਵਿੱਚ ਐੱਮ.ਈ.ਐੱਸ. ਵਰਕਰਜ਼ ਯੂਨੀਅਨ ਏਰੀਆ ਕਮੇਟੀ ਅੰਬਾਲਾ ਵੱਲੋਂ ਜਲੰਧਰ ਸ਼ਾਖਾ ਦੇ ਸਮੂਹ ਸਾਥੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਕਾਮਰੇਡ ਰਣਜੀਤ ਸਿੰਘ ਔਲਖ, ਕਾਮਰੇਡ ਹੇਮੰਤ ਬੱਬਰ, ਨੀਰਜ ਕੁਮਾਰ, ਕਾਮਰੇਡ ਪਰਮਜੀਤ ਸਿੰਘ, ਕਾਂਤੀ, ਅਸ਼ਵਨੀ ਕੁਮਾਰ, ਕ੍ਰਿਸ਼ਨ ਕੁਮਾਰ, ਕੁਲਦੀਪ ਚੰਦ, ਸੱਤਪਾਲ ਸਿੰਘ, ਬਲਵੀਰ ਸਿੰਘ, ਕੁਲਵਿੰਦਰ ਸਿੰਘ, ਰਾਜੇਸ਼ ਕੁਮਾਰ, ਗੁਰਨਾਮ ਸਿੰਘ, ਦਰਸ਼ਨ ਲਾਲ, ਰੋਸ਼ਨ ਲਾਲ, ਬਲਵਿੰਦਰ ਕੁਮਾਰ, ਗੁਲਸ਼ਨ ਕੁਮਾਰ, ਭਵਨੀਸ਼ ਜੈਸਵਾਲ, ਸੁਖਰਾਜ ਸਹੋਤਾ, ਦਰਸ਼ਨ ਲਾਲ ਸ਼ਰਮਾ, ਮੋਹਿੰਦਰ ਸਿੰਘ, ਰਾਮ ਆਸਰਾ ਅਤੇ ਸੁਖਨੰਦਨ ਜੈਸਵਾਲ ਸਮੇਤ ਹੋਰ ਸਾਥੀ ਹਾਜ਼ਰ ਸਨ।

 

Leave a Reply

Your email address will not be published. Required fields are marked *