ਜੀਰਾ/ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਐਤਵਾਰ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜੀਰਾ ਦੀ ਦਾਣਾ ਮੰਡੀ ਵਿੱਚ ਸ਼ਰਧਾ ਪੂਰਵਕ ਮਨਾਇਆ ਗਿਆ। ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਪਾਰਟੀ ਦੇ ਮੁੱਖ ਸੈਕਟਰ ਪ੍ਰਭਾਰੀ ਇੰਜ. ਰਾਮਜੀ ਗੌਤਮ ਮੁੱਖ ਮਹਿਮਾਨ ਅਤੇ ਕੇਂਦਰੀ ਇੰਚਾਰਜ ਐਡਵੋਕੇਟ ਸੁਰੇਸ਼ ਰਾਓ ਤੇ ਰਣਧੀਰ ਸਿੰਘ ਬੈਣੀਵਾਲ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਇਸ ਦੌਰਾਨ ਲੋਕਾਂ ਦੇ ਵੱਡੇ ਇਕੱਠ ਵਿਚਕਾਰ 2027 ’ਚ ਬਸਪਾ ਦੀ ਸਰਕਾਰ ਬਣਾ ਕੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ ਦਿੱਤਾ ਗਿਆ।

ਵਿਸ਼ਾਲ ਸਮਾਗਮ ਵਿੱਚ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਨਮਨ ਕਰਦਿਆਂ ਇੰਜ. ਰਾਮਜੀ ਗੌਤਮ ਨੇ ਕਿਹਾ ਕਿ ਸਿਰਫ ਬਸਪਾ ਹੀ ਹੈ, ਜੋ ਕਿ ਮਹਾਪੁਰਖਾਂ ਵੱਲੋਂ ਦਿਖਾਏ ਹੋਏ ਰਾਹ ’ਤੇ ਚੱਲਦੇ ਹੋਏ ਸਰਬੱਤ ਦੇ ਭਲੇ ਵਾਲਾ ਰਾਜ ਸਥਾਪਿਤ ਕਰ ਸਕਦੀ ਹੈ। ਦਿੱਲੀ ਵਿੱਚ ਸੀਵਰੇਜ ਦੀ ਗੈਸ ਕਾਰਨ ਤਿੰਨ ਸਫਾਈ ਕਰਮਚਾਰੀਆਂ ਦੀ ਮੌਤ ਦਾ ਮਾਮਲਾ ਚੁੱਕਦੇ ਹੋਏ ਉਨ੍ਹਾਂ ਕਿਹਾ ਕਿ ਬਸਪਾ ਦੇ ਸੰਘਰਸ਼ ਸਦਕਾ ਇਨ੍ਹਾਂ ਮੁਲਾਜ਼ਮਾਂ ਦੇ ਪੀੜਤ ਪਰਿਵਾਰਾਂ ਨੂੰ 30-30 ਲੱਖ ਰੁਪਏ ਦੀ ਸਰਕਾਰੀ ਆਰਥਿਕ ਮਦਦ ਦੁਆਈ ਗਈ। ਇੰਜ. ਰਾਮਜੀ ਗੌਤਮ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵੱਲੋਂ ਲੈ ਕੇ ਦਿੱਤੇ ਗਏ ਵੋਟ ਦੇ ਅਧਿਕਾਰ ਦਾ ਲੋਕ ਸਹੀ ਇਸਤੇਮਾਲ ਕਰਨ ਅਤੇ ਅਨਿਆਂਪੂਰਨ ਵਿਵਸਥਾ ਨੂੰ ਉਖਾੜ ਕੇ ਬਸਪਾ ਰਾਹੀਂ ਲੋਕ ਪੱਖੀ ਪ੍ਰਬੰਧ ਸਿਰਜਣ। ਇਸ ਦੌਰਾਨ ਬਸਪਾ ਦੇ ਕੇਂਦਰੀ ਇੰਚਾਰਜ ਐਡਵੋਕੇਟ ਸੁਰੇਸ਼ ਰਾਓ ਤੇ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬਣੀਆਂ ਸਰਕਾਰਾਂ ਨੇ ਸੂਬੇ ਨੂੰ ਤਰੱਕੀ ਦੇ ਰਾਹ ਵੱਲ ਲੈ ਜਾਣ ਦੀ ਜਗ੍ਹਾ ਬਰਬਾਦੀ ਵੱਲ ਧੱਕ ਦਿੱਤਾ ਹੈ। ਮਹਾਪੁਰਖਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਤੇ ਖੁਸ਼ਹਾਲੀ ਲਈ ਲੋਕਾਂ ਨੂੰ ਬਸਪਾ ਦੇ ਨਾਲ ਇਕੱਠੇ ਹੋਣ ਦੀ ਲੋੜ ਹੈ।
ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਾਨੂੰ ਅਨਿਆਂ ਖਿਲਾਫ ਲੜਨ ਦਾ ਸੁਨੇਹਾ ਦਿੰਦੇ ਹਨ। ਮੌਜ਼ੂਦਾ ਸਮੇਂ ਵਿੱਚ ਆਪ ਸਰਕਾਰ ਦੌਰਾਨ ਵੀ ਇਸੇ ਤਰ੍ਹਾਂ ਦਾ ਅਨਿਆਂਕਾਰੀ ਵਤੀਰਾ ਅਪਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਨਸ਼ੇ ਦਾ ਵਿਰੋਧ ਕਰਨ ’ਤੇ ਮਜ਼ਦੂਰ ਗੁਲਜ਼ਾਰ ਸਿੰਘ ਨੂੰ ਮਰਨ ਲਈ ਮਜਬੂਰ ਕੀਤਾ ਗਿਆ, ਜਦਕਿ ਮੋਹਨਜੀਤ ਸਿੰਘ ਸ਼ੇਰੋਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਨਸ਼ੇ ਦੇ ਖਾਤਮੇ ਦੀ ਬਜਾਏ ਇਸਦੀ ਹੋਮ ਡਿਲੀਵਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ, ਭਾਜਪਾ ਤੇ ਆਪ ਸਰਕਾਰਾਂ ਦੌਰਾਨ ਕਰੀਬ 2 ਲੱਖ ਲੋਕਾਂ ਦੀ ਨਸ਼ਿਆਂ ਕਰਕੇ ਮੌਤ ਹੋ ਚੁੱਕੀ ਹੈ। ਇਨ੍ਹਾਂ ਸਰਕਾਰਾਂ ਦੌਰਾਨ ਸਿਹਤ ਤੇ ਸਿੱਖਿਆ ਵਿਵਸਥਾ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਵਿੱਚ ਬਸਪਾ ਸਰਕਾਰ ਬਣਨ ’ਤੇ ਨਸ਼ੇ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁਫਤ ਸਿੱਖਿਆ ਕਾਨੂੰਨ ਲਾਗੂ ਕਰਕੇ ਤੇ 100 ਫੀਸਦੀ ਪੋਸਟਾਂ ’ਤੇ ਅਧਿਆਪਕਾਂ ਦੀਆਂ ਭਰਤੀਆਂ ਕਰਕੇ ਸਿੱਖਿਆ ਵਿਵਸਥਾ ਨੂੰ ਸੁਧਾਰਿਆ ਜਾਵੇਗਾ। ਲੋਕਾਂ ਨੂੰ ਉਚ ਪੱਧਰੀ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਨੌਜਵਾਨਾਂ ਨੂੰ ਬੇਰੁਜ਼ਗਾਰੀ ’ਚੋਂ ਕੱਢ ਕੇ ਰੁਜ਼ਗਾਰ ਦੇਣ ਲਈ ਕਦਮ ਚੁੱਕੇ ਜਾਣਗੇ।
ਸਮਾਗਮ ਦੌਰਾਨ ਬਸਪਾ ਦੇ ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ, ਕੁਲਦੀਪ ਸਿੰਘ ਸਰਦੂਲਗੜ੍ਹ, ਵਿਧਾਇਕ ਡਾ. ਨਛੱਤਰ ਪਾਲ, ਸੂਬਾ ਜਨਰਲ ਸਕੱਤਰ ਲਾਲ ਸਿੰਘ ਸੁਲਹਾਣੀ, ਸੁਖਦੇਵ ਸਿੰਘ ਸ਼ੀਰਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਸਪਾ ਆਗੂ ਹਰਭਜਨ ਸਿੰਘ ਬਜਹੇੜੀ, ਚੌਧਰੀ ਗੁਰਨਾਮ ਸਿੰਘ, ਤਰਸੇਮ ਥਾਪਰ, ਸੰਤ ਰਾਮ ਮੱਲੀਆਂ, ਗੁਰਬਖਸ਼ ਸਿੰਘ ਚੌਹਾਨ, ਬਲਵਿੰਦਰ ਕੁਮਾਰ ਐਡਵੋਕੇਟ, ਇੰਜ. ਜਸਵੰਤ ਰਾਏ, ਦੌਲਤ ਰਾਮ, ਜੋਗਾ ਸਿੰਘ ਪਨੌਧੀਆ, ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਅਸ਼ੋਕ ਕਪਤਾਨ, ਐਡਵੋਕੇਟ ਮਲਕੀਤ ਸਿੰਘ ਖੋਖਰ ਜ਼ਿਲ੍ਹਾ ਮੀਤ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਭੱਟੀ, ਨੱਥਾ ਸਿੰਘ ਗਾਦੜੀ ਵਾਲਾ, ਮੁਖਤਿਆਰ ਸਿੰਘ ਮੱਲਾਂ ਵਾਲਾ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ।


