*ਬਸਪਾ ਦੇ ਸੂਬਾ ਪ੍ਰਧਾਨ ਡਾ. ਕਰੀਮਪੁਰੀ ਦੀ ਗੱਡੀ ਨੂੰ ਮਾਰੀ ਟੱਕਰ, ਮੁਸ਼ਕਿਲ ਨਾਲ ਬਚੀ ਜਾਨ*

देश पंजाब
Spread the love

ਜਲੰਧਰ/ਹੁਸ਼ਿਆਰਪੁਰ( ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਇਨੋਵਾ ਗੱਡੀ ਨੂੰ ਮੇਹਟੀਆਣਾ ਕੋਲ ਇੱਕ ਐਸਯੂਵੀ ਗੱਡੀ ਨੇ ਟੱਕਰ ਮਾਰ ਦਿੱਤੀ। ਇਹ ਘਟਨਾ ਨਹਿਰ ਦੇ ਕੰਢੇ ਹੋਈ, ਜਿਸ ਦੌਰਾਨ ਬਹੁਤ ਮੁਸ਼ਕਿਲ ਨਾਲ ਡਾ. ਕਰੀਮਪੁਰੀ ਦੀ ਜਾਨ ਬਚੀ। ਬਸਪਾ ਸੂਬਾ ਪ੍ਰਧਾਨ ਦੀ ਗੱਡੀ ਨੂੰ ਟੱਕਰ ਮਾਰਨ ਵਾਲਾ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਬਸਪਾ ਆਗੂਆਂ ਨੇ ਇਸ ਘਟਨਾ ਪਿੱਛੇ ਕਿਸੇ ਸਾਜ਼ਿਸ਼ ਦਾ ਖਦਸ਼ਾ ਪ੍ਰਗਟ ਕੀਤਾ ਹੈ।

ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸੰਵਿਧਾਨ ਦਿਵਸ ’ਤੇ 26 ਨਵੰਬਰ ਨੂੰ ਫਿਲੌਰ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਕਰਕੇ ਸੋਮਵਾਰ ਨੂੰ ਆਦਮਪੁਰ ਤੋਂ ਮੇਹਟੀਆਣਾ ਨਹਿਰ ਦੇ ਨਾਲ-ਨਾਲ ਰੋਡ ਤੇ ਜਾ ਰਹੇ ਸਨ। ਇਸ ਦੌਰਾਨ ਮੇਹਟੀਆਣਾ ਤੋਂ ਕਰੀਬ 4 ਕਿਲੋਮੀਟਰ ਪਿੱਛੇ ਇੱਕ ਐਸਯੂਵੀ ਗੱਡੀ ਤੇਜ ਰਫਤਾਰ ਨਾਲ ਆਈ ਤੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਇਨੋਵਾ ਗੱਡੀ ਨੂੰ ਇੱਕ ਪਾਸਿਓਂ ਟੱਕਰ ਮਾਰ ਕੇ ਫਰਾਰ ਹੋ ਗਈ। ਇਸ ਦੌਰਾਨ ਬਹੁਤ ਮੁਸ਼ਕਿਲ ਨਾਲ ਇਨੋਵਾ ਗੱਡੀ ਨਹਿਰ ਵਿੱਚ ਡਿਗਣ ਤੋਂ ਬਚੀ। ਜੇਕਰ ਇਨੋਵਾ ’ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਨਹਿਰ ਵਿੱਚ ਡਿਗਣ ਕਰਕੇ ਕੋਈ ਗੰਭੀਰ ਘਟਨਾ ਵਾਪਰ ਸਕਦੀ ਸੀ। ਇਹ ਸਾਰਾ ਮਸਲਾ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਐਸਐਸਪੀ ਹੁਸ਼ਿਆਰਪੁਰ ਦੇ ਧਿਆਨ ਵਿੱਚ ਵੀ ਲਿਆਂਦਾ। ਇਸ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਬਸਪਾ ਦੇ ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ, ਮੁੱਖ ਜ਼ੋਨ ਕੋਆਰਡੀਨੇਟਰ ਐਡਵੋਕੇਟ ਨਵਰਾਜ ਸਿੰਘ ਤੇ ਰਛਪਾਲ ਸਿੰਘ, ਜ਼ੋਨ ਕੋਆਰਡੀਨੇਟਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਤੀਰਥ ਰਾਜਪੁਰਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਹ ਘਟਨਾ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ। ਜੇਕਰ ਸਮੇਂ ਰਹਿੰਦੇ ਸਥਿਤੀ ਨੂੰ ਨਾ ਸਾਂਭਿਆ ਜਾਂਦਾ ਤਾਂ ਬਸਪਾ ਦੇ ਸੂਬਾ ਪ੍ਰਧਾਨ ਡਾ. ਕਰੀਮਪੁਰੀ ਦੀ ਜਾਨ ਜੋਖਿਮ ਵਿੱਚ ਪੈ ਸਕਦੀ ਸੀ। ਉਕਤ ਆਗੂਆਂ ਨੇ ਕਿਹਾ ਕਿ ਡੀਜੀਪੀ ਪੰਜਾਬ ਨੂੰ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਸਦੀ ਉੱਚ ਪੱਧਰੀ ਜਾਂਚ ਕਰਾਉਣੀ ਚਾਹੀਦੀ ਹੈ। ਇਸਦੇ ਨਾਲ ਹੀ ਬਸਪਾ ਸੂਬਾ ਪ੍ਰਧਾਨ ਡਾ. ਕਰੀਮਪੁਰੀ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *