ਤਲਵਾਡ਼ਾ,1 ਫਰਵਰੀ (ਦੀਪਕ ਠਾਕੁਰ)-ਹਲ਼ਕਾ ਮੁਕੇਰੀਆਂ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੰਤਿਮ ਦਿਨ ਵੀ ਕਾਗਜ਼ ਨਾ ਭਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੋਰਚੇ ਦੇ ਫੈਸਲੇ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 20 ਤਾਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਸੰਯੁਕਤ ਸਮਾਜ ਮੋਰਚੇ ਵੱਲੋਂ ਹਲ਼ਕਾ ਮੁਕੇਰੀਆਂ ਤੋਂ ਕਾਂਗਰਸ ਦੇ ਬਾਗੀ ਧਡ਼ੇ ਦੇ ਆਗੂ ਜਸਵੰਤ ਸਿੰਘ ਰੰਧਾਵਾ ਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਬਣਾਇਆ ਗਿਆ ਸੀ। ਜਿਸ ਦਾ ਸਥਾਨਕ ਹਰਸਾ ਮਾਨਸਰ ਟੋਲ ਪਲਾਜ਼ਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਭਾਰੀ ਵਿਰੋਧ ਕੀਤਾ ਜਾ ਰਿਹਾ ਸੀ। ਜਸਵੰਤ ਸਿੰਘ ਰੰਧਾਵਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰਨਾ, ਹਲ਼ਕੇ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਹੀ ਟਿਕਟਾਂ ਦੀ ਵੰਡ ਨੂੰ ਲੈ ਕੇ ਮੋਰਚੇ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖਡ਼੍ਹੇ ਹੋਏ ਹਨ।
ਇਸ ਸਬੰਧੀ ਜਸਵੰਤ ਸਿੰਘ ਰੰਧਾਵਾ ਨੇ ਕਿਹਾ ਸੰਯੁਕਤ ਸਮਾਜ ਮੋਰਚੇ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਰਜ਼ਿਸਟਰ ਨਹੀਂ ਕੀਤਾ ਗਿਆ, ਚੋਣਾਂ ‘ਚ ਨਿਸ਼ਾਨ ਨਹੀਂ ਮਿਲਿਆ। ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਮੋਰਚੇ ਦੇ ਆਗੂਆਂ ਨੇ ਦਿੰਦਿਆਂ ਆਪਣੀ ਇੱਛਾ ਅਨੁਸਾਰ ਅਜ਼ਾਦ ਤੌਰਤੇ ਚੋਣ ਲਡ਼ਨ ਦੀ ਸਲਾਹ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਚੋਣ ਨਾ ਲਡ਼ਨ ਦਾ ਫੈਸਲਾ ਕੀਤਾ ਹੈ।
ਹਲ਼ਕਾ ਮੁਕੇਰੀਆਂ ਤੋਂ ਕੁੱਲ ਗਿਆਰਿਆਂ ਜਣਿਆਂ ਨੇ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਅਕਾਲੀ ਬਸਪਾ ਗਠਜੋਡ਼ ਤੋਂ ਸਰਬਜੋਤ ਸਾਬੀ, ਕਾਂਗਰਸ ਪਾਰਟੀ ਤੋਂ ਮੌਜ਼ੂਦਾ ਵਿਧਾਇਕਾ ਇੰਦੂ ਬਾਲਾ, ਭਾਜਪਾ ਤੋਂ ਜੰਗੀ ਲਾਲ ਮਹਾਜਨ, ਆਪ ਤੋਂ ਗੁਰਧਿਆਨ ਸਿੰਘ, ਸ਼੍ਰੋਮਣੀ ਅਕਾਲੀ ਦਲ ਮਾਨ ਤੋਂ ਪਰਿਮੰਦਰ ਸਿੰਘ ਅਤੇ ਅਜ਼ਾਦ ਉਮੀਦਵਾਰ ਵਜੋਂ ਗੁਰਵਤਨ ਸਿੰਘ, ਕਰਮਜੀਤ ਸਿੰਘ ਤੇ ਅਸ਼ੋਕ ਕੁਮਾਰ ਨੇ ਕਾਗਜ਼ ਦਾਖ਼ਲ ਕੀਤੇ ਹਨ।





