ਤਲਵਾਡ਼ਾ,6 ਮਈ (ਦੀਪਕ ਠਾਕੁਰ)-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਥਿਤ ਕਬਜ਼ਿਆਂ ਨੂੰ ਛੁਡਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਬੀਡੀਪੀਓ ਤਲਵਾਡ਼ਾ ਨੇ ਪਿੰਡ ਮੈਰ੍ਹਾ ਜੱਟਾ ਵਿਖੇ 12 ਏਕਡ਼ ਤੋਂ ਵਧ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ। ਬੀਡੀਪੀਓ ਤਲਵਾਡ਼ਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਮੈਰ੍ਹਾ ਜੱਟਾ ‘ਚ 11 ਵਿਅਕਤੀਆਂ ਨੇ ਪਿਛਲੇ 15 ਸਾਲਾਂ ਤੋਂ ਪੰਚਾਇਤ ਦੀ ਜ਼ਮੀਨ ’ਤੇ ਕਥਿਤ ਕਬਜ਼ਾ ਕੀਤਾ ਹੋਇਆ ਸੀ, ਅੱਜ ਉਨ੍ਹਾਂ ਬੀਡੀਪੀਓ ਦਫ਼ਤਰ ਦੇ ਅਮਲੇ, ਪੁਲੀਸ ਪਾਰਟੀ ਅਤੇ ਨਾਇਬ ਤਹਿਸੀਲਦਾਰ ਤਲਵਾਡ਼ਾ ਗੁਰਸੇਵਕ ਚੰਦ ਦੇ ਸਹਿਯੋਗ ਨਾਲ 12 ਏਕਡ਼ 5 ਕਨਾਲਾਂ ਤੇ 8 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ। ਇਸ ਜ਼ਮੀਨ ਦੀ 13 ਤਾਰੀਕ ਨੂੰ ਖੁੱਲ੍ਹੀ ਬੋਲੀ ਕਰਵਾਕੇ ਠੇਕੇ ’ਤੇ ਦਿੱਤਾ ਜਾਵੇਗਾ। ਬੀਡੀਪੀਓ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਪੰਚਾਇਤ ਦੀਆਂ ਜ਼ਮੀਨਾਂ ’ਤੇ ਕਿਸੇ ਵੀ ਵਿਅਕਤੀ ਦਾ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਗੰਭੀਰ ਹੈ। ਉਨ੍ਹਾਂ ਪੰਚਾਇਤ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰੀ ਬੈਠੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਦੇਰੀ ਕੀਤਿਆਂ ਕਥਿਤ ਕਬਜ਼ੇ ਛੱਡ ਦੇਣ, ਕਬਜ਼ੇ ਨਾ ਛੱਡਣ ਦੀ ਸੂਰਤ ‘ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡਾਂ ਵਿੱਚ ਲਿੰਕ ਰੋਡ ਜਾਂ ਹੋਰ ਸਡ਼ਕਾਂ, ਰਸਤਿਆਂ ਦੇ ਆਲ਼ੇ ਦੁਆਲੇ ਜਾਂ ਸਡ਼ਕਾਂ ਦੇ ਬਰਮਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਆਵਾਜਾਈ ‘ਚ ਵਿਘਨ ਪਾਉਂਦੇ ਹਨ, ਆਮ ਜਨਤਾ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ।





