*ਚੋਰੀ ਦਾ ਕੱਪਡ਼ਾ, ਲਾਠੀਆਂ ਦੇ ਗਜ਼-ਗੁੰਡਾ ਟੈਕਸ ਦਿਓ, ਨਾਜਾਇਜ਼ ਮਾਈਨਿੰਗ ਭਾਵੇਂ ਕਰੋ ਰੱਜ ਰੱਜ ਰੇਤਾ ਬੱਜਰੀ ਦੇ ਭਾਅ ਅਸਮਾਨੀ ਚਡ਼੍ਹੇ, ਮਾਈਨਿੰਗ ਵਿਭਾਗ ਨੇ ਗੁੰਡਾ ਪਰਚੀ ਤੋਂ ਕੀਤਾ ਇਨਕਾਰ*

क्राइम
Spread the love

ਤਲਵਾਡ਼ਾ,28 ਜੂਨ (ਦੀਪਕ ਠਾਕੁਰ)-ਚੋਰੀ ਦਾ ਕੱਪਡ਼ਾ, ਲਾਠੀਆਂ ਦੇ ਗਜ਼। ਗੁੰਡਾ ਟੈਕਸ ਦਿਓ , ਨਾਜਾਇਜ਼ ਮਾਈਨਿੰਗ ਭਾਵੇਂ ਕਰੋ ਰੱਜ ਰੱਜ। ਪ੍ਰਸ਼ਾਸਨ ਦੀ ਐਨ ਨੱਕ ਹੇਠਾਂ ਬਲਾਕ ਹਾਜੀਪੁਰ ਤੇ ਤਲਵਾਡ਼ਾ ’ਚ ਨਾਜਾਇਜ਼ ਖਣਨ ਦਾ ਕਾਰੋਬਾਰ ਸਿਖਰਾਂ ’ਤੇ ਹੈ। ਹਾਲਾਂਕਿ ਸਰਕਾਰ ਵੱਲੋਂ ਕੱਚੇ ਮਾਲ ਦੀ ਪੂਰਤੀ ਲਈ ਬਲਾਕ ਹਾਜੀਪੁਰ ‘ਚ ਚਾਰ ਖੱਡਾਂ ਨਿਲਾਮ ਕੀਤੀਆਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿੰਨ੍ਹਾਂ ਦਾ ਠੇਕਾ ਨੋਇਡਾ ਦੀ ਪ੍ਰਾਇਮ ਵਿਜ਼ਨ ਨਾਮਕ ਕੰਪਨੀ ਨੇ ਲਿਆ ਹੋਇਆ ਹੈ। ਪਰ ਮਾਮਲਾ ਇੰਨ੍ਹਾਂ ਸਿੱਧਾ ਨਹੀਂ, ਜਿੰਨਾਂ ਲੱਗ ਰਿਹਾ ਦਰਅਸਲ ਖ਼ੇਤਰ ‘ਚ ਚੱਲਦੇ ਸਟੋਨ ਕਰੱਸ਼ਰ ਹਾਜੀਪੁਰ ‘ਚ ਵਾਹੀਯੋਗ ਜ਼ਮੀਨਾਂ, ਬਿਆਸ ਦਰਿਆ ਅਤੇ ਬਲਾਕ ਤਲਵਾਡ਼ਾ ‘ਚ ਸਵਾਂ ਦਰਿਆ ਚੋਂ ਨਾਜਾਇਜ਼ ਖਣਨ ਕਰਕੇ ਕੱਚੇ ਮਾਲ ਦੀ ਪੂਰਤੀ ਕਰ ਰਹੇ ਹਨ, ਪ੍ਰਾਇਮ ਵਿਜ਼ਨ ਨਾਮਕ ਕੰਪਨੀ ਦੇ ਕਰਿੰਦੇ ਚੋਰੀ ਦੇ ਇਸ ਮਾਲ ’ਤੇ ਵਾਧੂ ਪੈਸੇ ਵਸੂਲ ਕਰ ਰਹੇ ਹਨ, ਜਿਸਨੂੰ ਗੁੰਡਾ ਪਰਚੀ ਜਾਂ ਟੈਕਸ ਕਿਹਾ ਜਾਂਦਾ ਹੈ। ਕਿਉਂਕਿ ਮਾਲ ਚੋੋਰੀ ਦਾ ਹੋਣ ਕਾਰਨ ਕਰੱਸ਼ਰ ਮਾਲਕ ਵੀ ਮੂੰਹ ਖੋਲ੍ਹਣ ਤੋਂ ਡਰਦੇ ਹਨ। ਬਜ਼ਾਰ ‘ਚ ਰੇਤਾ ਬਜੱਰੀ ਆਦਿ ਦਾ ਭਾਅ ਲਗਾਤਾਰ ਵਧਣ ਕਾਰਨ ਗੁੰਡਾ ਪਰਚੀ ਦਾ ਭਾਰ ਆਮ ਲੋਕਾਂ ‘ਤੇ ਪੈ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰ ਕਰੱਸ਼ਰ ‘ਤੇ ਕੰਪਨੀ ਦੇ ਕਰਿੰਦੇ ਬੈਠੇ ਹੁੰਦੇ ਹਨ। ਜੋ ਕਰੱਸ਼ਰ ’ਤੇ ਮਾਈਨਿੰਗ ਮਟੀਰੀਅਲ ਲੈਣ ਆਉਂਦੀਆਂ ਗੱਡੀਆਂ ਨੋਟ ਕਰਦੇ ਹਨ। ਹਰੇਕ ਗੱਡੀ ਨੂੰ ਇੱਕ ਸਾਦੀ ਪਰਚੀ ਦਿੱਤੀ ਜਾਂਦੀ ਹੈ, ਜੋ ਚਾਲਕ ਕਰੱਸ਼ਰ ’ਤੇ ਦਿੰਦਾ ਹੈ, ਪਰਚੀ ਦੇ ਹਿਸਾਬ ਨਾਲ ਮਾਈਨਿੰਗ ਸਮੱਗਰੀ ‘ਤੇ ਪ੍ਰਤੀ ਸੈਕਡ਼ਾ ਟੈਕਸ ਵਸੂਲ ਕੀਤਾ ਜਾਂਦਾ ਹੈ।

ਸੂਤਰਾਂ ਅਨੁਸਾਰ ਕੰਪਨੀ ਵਾਲੇ ਰੇਤਾ, ਬੱਜਰੀ, ਗਟਕਾ ਅਤੇ ਬੈੱਡ ਮਿਕਚਰ ’ਤੇ ਪ੍ਰਤੀ ਸੈਂਕਡ਼ਾ ਛੇ ਸੌ, ਪੰਜ ਸੌ, ਚਾਰ ਸੌ ਅਤੇ ਤਿੰਨ ਸੌ ਰੁਪਏ ਪੈਸੇ ਵਸੂਲ ਕਰਦੇ ਹਨ। ਜਦਕਿ ਪੰਜ ਸੌ ਰੁਪਇਅ ਪ੍ਰਤੀ ਟਰੈਕਟਰ ਟਰਾਲੀ ਤੋਂ ਵਸੂਲ ਕੀਤਾ ਜਾਂਦਾ ਹੈ। ਸ਼ਾਮ ਨੂੰ ਇਨ੍ਹਾਂ ਪਰਚੀਆਂ ਦੇ ਆਧਾਰ ’ਤੇ ਹੀ ਕੰਪਨੀ ਦੇ ਕਰਿੰਦੇ ਕਰੱਸ਼ਰ ਮਾਲਕਾਂ ਤੋਂ ਪੈਸੇ ਇਕੱਤਰ ਕਰਦੇ ਹਨ। ਹਾਸਲ ਜਾਣਕਾਰੀ ਅਨੁਸਾਰ ਇਹ ਰਾਸ਼ੀ ਪ੍ਰਤੀ ਕਰੱਸ਼ਰ ਅੰਦਾਜ਼ਨ ਡੇਢ ਤੋਂ ਦੋ ਲੱਖ ਰੁਪਏ ਬਣਦੀ ਹੈ। ਜੇਕਰ ਕੋਈ ਕਰੱਸ਼ਰ ਮਾਲਕ ਗੁੰਡਾ ਪਰਚੀ ਦੇਣ ਤੋਂ ਆਨਾਕਾਨੀ ਕਰਦਾ ਹੈ ਤਾਂ ਕੰਪਨੀ ਦੇ ਕਰਿੰਦੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਕਰੱਸ਼ਰ ਸੀਲ ਕਰਵਾਉਣ ਦੀਆਂ ਧਮਕੀਆਂ ਦਿੰਦੇ ਹਨ। ਉਨ੍ਹਾਂ ਦੇ ਕਰੱਸ਼ਰਾਂ ’ਤੇ ਜਾਣ ਵਾਲੀਆਂ ਗੱਡੀਆਂ ਨੂੰ ਰੋਕ ਲੈਂਦੇ ਹਨ, ਅਤੇ ਮਾਈਨਿੰਗ ਐਕਟ ਤਹਿਤ ਪਰਚੇ ਕਟਵਾ ਦਿੱਤੇ ਜਾਂਦੇ ਹਨ।
ਇਸ ਮਾਮਲੇ ਸਬੰਧੀ ਮਾਈਨਿੰਗ ਵਿਭਾਗ ਦੇ ਕਰੱਸ਼ਰ ਇੰਚਾਰਜ ਗਗਨ ਦਾ ਪੱਖ ਜਾਨਣਾ ਚਾਹਿਆ, ਪਰ ਫੋਨ ਨਾ ਉਠਾਏ ਜਾਣ ਕਾਰਨ ਗੱਲ ਨਾ ਹੋ ਸਕੀ।


ਮਾਈਨਿੰਗ ਅਫ਼ਸਰ ਅਜੈ ਪਾਂਡੇ ਨੇ ਖ਼ੇਤਰ ‘ਚ ਕਿਸੇ ਵੀ ਤਰ੍ਹਾਂ ਦੀ ਗੁੰਡਾ ਪਰਚੀ ਵਸੂਲਣ ਤੋਂ ਇਨਕਾਰ ਕੀਤਾ। ਸਰਕਾਰ ਵੱਲੋਂ ਬਲਾਕ ਹਾਜੀਪੁਰ ‘ਚ ਪਿੰਡ ਜੀਵਨਵਾਲ, ਸੰਧਵਾਲ ਤੇ ਬੇਲਾ ਸਰਿਆਣਾ ‘ਚ ਕੁੱਲ ਚਾਰ ਖੱਡਾਂ ਨਿਲਾਮ ਕੀਤੀਆਂ ਗਈਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੀਆਂ ਖੱਡਾਂ ਦਾ ਠੇਕਾ ਨੋਇਡਾ ਦੀ ਪ੍ਰਾਇਮ ਵਿਜ਼ਨ ਨਾਮਕ ਕੰਪਨੀ ਨੇ 29.1 ਕਰੋਡ਼ ਰੁਪਏ ਨਾਲ ਸੱਤ ਫੀਸਦੀ ਪ੍ਰਤੀ ਸਾਲ ਵਾਧੇ ਨਾਲ ਲਿਆ ਹੈ। ਉੁਕਤ ਕੰਪਨੀ ਸਟੋਨ ਕਰੱਸ਼ਰਾਂ ਨੂੰ ਅਲਾਟ ਕੀਤੀਆਂ ਖੱਡਾਂ ‘ਚੋਂ ਕੱਚਾ ਮਾਲ ਸਪਲਾਈ ਕਰਦੀ ਹੈ, ਜੋ ਕਿ ਉਨ੍ਹਾਂ ਤੋਂ ਪ੍ਰਤੀ ਮਿਟਰਕ ਟਨ ਦੇ ਹਿਸਾਬ ਨਾਲ ਰਾਇਲਟੀ ਵਸੂਲ ਕਰਦੀ ਹੈ।

Leave a Reply

Your email address will not be published. Required fields are marked *