*ਪੌਂਗ ਡੈਮ ਨੱਕੋ ਨੱਕ ਭਰਿਆ, ਡੈਮ ਦੇ ਫਲੱਡ ਗੇਟ ਤੀਜੇ ਦਿਨ ਵੀ ਖੁੱਲ੍ਹੇ*

देश पंजाब
Spread the love

ਦੀਪਕ ਠਾਕੁਰ

ਤਲਵਾਡ਼ਾ, 16 ਅਗਸਤ- ਲੰਘੇ ਸ਼ਨਿਚਰਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਪਏ ਮੋਹਲੇਧਾਰ ਮੀਂਹ ਕਾਰਨ ਪੌਂਗ ਡੈਮ ਨੱਕੋ ਨੱਕ ਭਰ ਗਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ ਅਚਾਨਕ ਵਧ ਗਈ। ਡੈਮ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਟੱਪ ਗਿਆ। ਭਾਖਡ਼ਾ ਬਿਆਸ ਪ੍ਰਬੰਧਕ ਬੋਰਡ ਬੀਬੀਐਮਬੀ ਨੂੰ ਮੁਡ਼ 14 ਤਾਰੀਕ ਨੂੰ ਡੈਮ ਦੇ ਫਲੱਡ ਗੇਟ ਖੋਲ੍ਹਣੇ ਪਏ। ਜਿਸ ਕਾਰਨ ਹੇਠਲੇ ਇਲਾਕਿਆਂ ’ਚ ਹਡ਼੍ਹ ਆ ਗਏ ਹਨ।

ਬਿਆਸ ਦਰਿਆ ਦੇ ਦੋਵੇਂ ਪਾਸੇ ਲੱਗਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਦਰਜਨਾਂ ਪਿੰਡ ਪਾਣੀ ’ਚ ਡੁੱਬ ਗਏ ਹਨ, ਪ੍ਰਸ਼ਾਸਨ ਨੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਸ਼ਟਰੀ ਆਪਦਾ ਪ੍ਰਬੰਧਕਾਂ ਬਲ (ਐਨਡੀਆਰਐਫ਼), ਭਾਰਤੀ ਫੌਜ਼ ਅਤੇ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ। ਬੀਬੀਐਮਬੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਤੇ13 ਤਾਰੀਕ ਨੂੰ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਪਿਆ, ਜਿਸ ਕਾਰਨ ਡੈਮ ’ਚ ਅਚਾਨਕ ਪਾਣੀ ਦਾ ਪੱਧਰ ਵਧਿਆ, ਇਹਤਿਆਤ ਵਜੋਂ ਬੀਬੀਐਮਬੀ ਪ੍ਰਸ਼ਾਸਨ ਨੇ 14 ਤਾਰੀਕ ਨੂੰ ਸਵੇਰੇ 8 ਵਜੇ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ, ਬਾਅਦ ਦੁਪਹਿਰ ਡੈਮ ਦੀ ਝੀਲ ’ਚ ਸਾਢੇ ਸੱਤ ਲੱਖ ਤੋਂ ਵਧ ਪਾਣੀ ਆ ਗਿਆ, ਅਤੇ ਡੈਮ ’ਚ ਪਾਣੀ ਦਾ ਪੱਧਰ 1396 ਫੁੱਟ ਤੋਂ ਵੀ ਉਪਰੱ ਟੱਪ ਗਿਆ ਸੀ ।

ਸ਼ਾਮ ਤੱਕ ਪਾਣੀ ਦਾ ਪੱਧਰ 1399 ਫੁੱਟ ਦੇ ਕਰੀਬ ਪਹੁੰਚ ਗਿਆ ਸੀ, ਡੈਮ ’ਚ ਪਾਣੀ ਦੀ ਲਗਾਤਾਰ ਵਧਦੀ ਆਮਦ ਨੂੰ ਦੇਖਦਿਆਂ ਇੱਕ ਲੱਖ ਕਿਊਸਕ ਤੋਂ ਜ਼ਿਆਦਾ ਪਾਣੀ ਫਲੱਡ ਗੇਟਾਂ ਰਾਹੀਂ ਛੱਡਣ ਕਾਰਨ ਹੇਠਲੇ ਇਲਾਕਿਆਂ ’ਚ ਹਡ਼੍ਹ ਵਾਲੇ ਹਾਲਾਤ ਪੈਦਾ ਹੋ ਗਏ ਹਨ। ਵਾਧੂ ਪਾਣੀ ਛੱਡਣ ਤੋਂ ਪਹਿਲਾਂ ਹੇਠਲੇ ਇਲਾਕਿਆਂ ’ਚ ਸਬੰਧਤ ਰਾਜ ਸਰਕਾਰਾਂ, ਵਿਭਾਗਾਂ ਅਤੇ ਪ੍ਰਭਾਵਿਤ ਇਲਾਕਿਆਂ ’ਚ ਐਡਵਾਇਜ਼ਰੀ ਜ਼ਾਰੀ ਕੀਤੀ ਗਈ ਸੀ। ਬੀਤੇ ਸੋਮਵਾਰ ਫਲੱਡ ਗੇਟਾਂ ‘ਚੋਂ ਸ਼ਾਹ ਨਹਿਰ ਬੈਰਾਜ ਰਾਹੀਂ ਛੱਡੇ ਇੱਕ ਲੱਖ ਕਿਊਸਕ ਪਾਣੀ ਤੋਂ ਵਧ ਪਾਣੀ ਕਾਰਨ ਦਰਿਆ ਦੇ ਦੋਵੇਂ ਪਾਸੇ ਵਸੇ ਪੰਜਾਬ ਹਿਮਾਚਲ ਪ੍ਰਦੇਸ਼ ਦੇ ਦਰਜਨਾਂ ਪਿੰਡਾਂ ’ਚ ਪਾਣੀ ਦਾਖ਼ਲ ਹੋ ਗਿਆ, ਕਈ ਪਿੰਡ ਪਾਣੀ ’ਚ ਡੁੱਬ ਗਏ। ਪਾਣੀ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੂੰ 15 ਤਾਰੀਕ ਨੂੰ ਰਾਸ਼ਟਰੀ ਆਪਦਾ ਪ੍ਰਬੰਧਕ ਬਲ (ਐਨਡੀਆਰਐਫ਼), ਭਾਰਤੀ ਫੌਜ਼ ਅਤੇ ਹੈਲੀਕਾਪਟਰ ਬੁਲਾਉਣਾ ਪਿਆ। ਦੂਜੇ ਦਿਨ ਵੀ ਰਾਹਤ ਕਾਰਜ ਜ਼ਾਰੀ ਸਨ।

ਬੀਬੀਐਮਬੀ ਚੀਫ਼ ਇੰਜੀਨਿਅਰ ਏ ਕੇ ਸਿਡਾਨਾ ਨੇ ਦਸਿਆ ਸ਼ਾਮ ਪੰਜ ਵਜੇ ਪੌਂਗ ਡੈਮ ’ਚ ਪਾਣੀ ਦਾ ਪੱਧਰ 1397.57 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ 1395 ਤੋਂ ਮਹਿਜ਼ 2.57 ਫੁੱਟ ਵਧ ਹੈ। ਝੀਲ ’ਚ ਪਾਣੀ ਦੀ ਆਮਦ 55367 ਕਿਊਸਕ ਹੈ, ਜਦਕਿ ਫਲੱਡ ਗੇਟਾਂ ਅਤੇ ਟਰਬਾਈਨ ਰਾਹੀਂ ਕੁੱਲ 138223 ਕਿਊਸਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾ ਰਿਹਾ ਹੈ।

ਮੁਕੇਰੀਆਂ ਹਾਈਡਲ ਨਹਿਰ ਰਾਹੀਂ 11500 ਕਿਊਸਕ ਅਤੇ ਸ਼ਾਹ ਨਹਿਰ ਬੈਰਾਜ ਦੇ 47 ਗੇਟਾਂ ਰਾਹੀਂ ਕਰੀਬ 126723 ਕਿਊਸਕ ਪਾਣੀ ਬਿਆਸ ਦਰਿਆ ’ਚ ਰੀਲਿਜ਼ ਕੀਤਾ ਜਾ ਰਿਹਾ ਹੈ।

ਪਿੰਡਾਂ ’ਚ ਪਾਣੀ ਵਡ਼ਨ ਲਈ ਬਿਆਸ ਦਰਿਆ ’ਚ ਚੱਲਦੀ ਮਾਈਨਿੰਗ ਜਿੰਮੇਵਾਰ – 

ਬਿਆਸ ਦਰਿਆ ਦੇ ਪਾਣੀ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਦਰਜਨਾਂ ਪਿੰਡਾਂ ’ਚ ਭਾਰੀ ਤਬਾਹੀ ਮਚਾਈ ਹੈ। ਕਈ ਜਗ੍ਹਾ ’ਤੇ ਦਰਿਆ ਦਾ ਰੁੱਖ ਬਦਲ ਗਿਆ ਹੈ, ਜਿਸ ਕਾਰਨ ਪਿੰਡ ਪਾਣੀ ’ਚ ਡੁੱਬ ਗਏ ਹਨ। ਪੀਡ਼੍ਹਤ ਲੋਕਾਂ ਨੇ ਇਸ ਲਈ ਬਿਆਸ ਦਰਿਆ ‘ਚ ਲੱਗੇ ਸਟੋਨ ਕਰੱਸ਼ਰਾਂ ਅਤੇ ਮਾਈਨਿੰਗ ਨੂੰ ਜਿੰਮੇਵਾਰ ਠਹਿਰਾਇਆ ਹੈ। ਪਿੰਡ ਬੇਲਾ ਠਾਕਰਾਂ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਅਤੇ ਮੰਡ ਸਨੌਰ ਦੇ ਮਾਸਟਰ ਹੰਸਰਾਜ ਨੇ ਕਿਹਾ ਕਿ ਦਰਿਆ ’ਚ ਮਾਈਨਿੰਗ ਗਤੀਵਿਧੀਆਂ ਕਾਰਨ ਕਈ ਜਗ੍ਹਾ ਧੁੱਸੀ ਬੰਨ੍ਹ ਟੁੱਟ ਗਏ ਅਤੇ ਪਾਣੀ ਪਿੰਡਾਂ ‘ਚ ਦਾਖ਼ਲ ਹੋ ਗਿਆ ਹੈ। ਸਰਕਾਰ, ਪ੍ਰਸ਼ਾਸਨ ਅਤੇ ਕਰੱਸ਼ਰ ਮਾਫੀਆ ਦੀ ਮਿਲੀਭੁਗਤ ਕਾਰਨ ਚੱਲਦੇ ਕਥਿਤ ਕਾਰੋਬਾਰ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ। ਸੈਂਕਡ਼ੇ ਏਕਡ਼ ’ਚ ਦਰਿਆ ਦੇ ਦੋਵੇਂ ਪਾਸੇ ਲੱਗੀ ਝੋਨੇ, ਮੱਕੀ, ਬਾਜਰਾ ਅਤੇ ਗੰਨੇ ਦੀ ਫਸਲ ਤਬਾਹ ਹੋ ਗਈ ਹੈ। ਗੁੱਜਰ ਸ਼ੇਰ ਅਲੀ ਨੇ ਦਸਿਆ ਕਿ ਦਰਿਆ ਕੰਢੇ ਪੈਂਦੇ ਪਿੰਡ ਬੇਲਾ ਲੁਧਿਆਡ਼ਚਾਂ, ਹਲੇਡ਼੍ਹ, ਪਰਾਲ, ਰਿਆਲੀ, ਮੰਡ ਬਾਧਪੁਰ ਆਦਿ ’ਚ ਕਈ ਪਰਿਵਾਰਾਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ ਹੈ। ਲੋਕ ਸਰਕਾਰੀ ਸਕੂਲਾਂ, ਸਤਸੰਗ ਘਰਾਂ, ਜਾਂ ਖੁੱਲ੍ਹੇ ਵਿੱਚ ਠਹਿਰੇ ਹੋਏ ਹਨ। ਉਸ ਦੇ ਭਰਾ ਦੀਆਂ ਮੱਝਾਂ ਨਹੀਂ ਬਚ ਸਕੀਆਂ ਅਤੇ ਦਰਿਆ ਦੀ ਭੇਂਟ ਚਡ਼੍ਹ ਗਈਆਂ ਹਨ, ਹੁਣ ਉਨ੍ਹਾਂ ਸਾਹਮਣੇ ਆਪਣੇ ਪਸ਼ੂਆਂ ਲਈ ਚਾਰੇ ਦੀ ਵੱਡੀ ਸਮਸਿਆ ਖਡ਼੍ਹੀ ਹੈ।

Leave a Reply

Your email address will not be published. Required fields are marked *