ਜਲੰਧਰ (ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਰਾਜਸਥਾਨ ’ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਬੀਬੀ ਗੁਰਪ੍ਰੀਤ ਕੌਰ ਨੂੰ ਪੰਜ ਕਕਾਰਾਂ ਦੀ ਪਵਿੱਤਰਤਾ ਕਾਰਨ ਪ੍ਰੀਖਿਆ ’ਚੋਂ ਬਾਹਰ ਕਰਨ ਦੀ ਦੁਖਦਾਈ ਘਟਨਾ ਨੇ ਸਿੱਖ ਜਗਤ ਦੇ ਦਿਲਾਂ ਨੂੰ ਠੇਸ ਪਹੁੰਚਾਈ ਸੀ। ਉਨ੍ਹਾਂ ਕਿਹਾ ਕਿ ਸਿਖ ਪੰਥ ਦੇ ਰੋਸ, ਘੱਟ ਗਿਣਤੀ ਕਮਿਸ਼ਨ ਦੀ ਸਰਗਰਮ ਦਖਲਅੰਦਾਜ਼ੀ ਨੇ ਰਾਜਸਥਾਨ ਸਰਕਾਰ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ। ਹੁਣ ਸਿੱਖ ਉਮੀਦਵਾਰਾਂ ਨੂੰ ਪੰਜ ਕਕਾਰਾਂ ਸਮੇਤ ਪ੍ਰੀਖਿਆ ’ਚ ਸ਼ਾਮਲ ਹੋਣ ਦੀ ਖੁੱਲ੍ਹ ਮਿਲੀ ਹੈ, ਜੋ ਸਿੱਖ ਪਛਾਣ ਦੀ ਵੱਡੀ ਜਿੱਤ ਹੈ।ਇਹ ਖੁਲ ਸਮੁਚੇ ਇੰਡੀਆ ਵਿਚ ਮਿਲੇ ਜੋ ਕਿ ਸਿਖ ਪੰਥ ਦਾ ਸੰਵਿਧਾਨਕ ਅਧਿਕਾਰ ਹੈ।
ਉਨ੍ਹਾਂ ਨੇ ਦੁੱਖ ਜ਼ਾਹਰ ਕੀਤਾ ਕਿ ਰਾਜਿਸਥਾਨ ਸਰਕਾਰ ਨੂੰ ਇਹ ਕਦਮ ਪਹਿਲਾਂ ਹੀ ਚੁੱਕ ਲੈਣਾ ਚਾਹੀਦਾ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਬੀਬੀ ਗੁਰਪ੍ਰੀਤ ਕੌਰ, ਜਿਸ ਨੂੰ ਅਧਿਕਾਰੀਆਂ ਦੀ ਜ਼ਿਆਦਤੀ ਨੇ ਮੌਕੇ ਤੋਂ ਵੰਚਿਤ ਕੀਤਾ, ਉਸ ਦੇ ਲਈ ਦੁਬਾਰਾ ਇਮਤਿਹਾਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਇਹ ਸਿਰਫ਼ ਇੱਕ ਸਿਖ ਵਿਦਿਆਰਥਣ ਦਾ ਮਸਲਾ ਨਹੀਂ, ਸਗੋਂ ਸਿੱਖ ਮਰਯਾਦਾ ਤੇ ਪੰਥ ਦੇ ਵਾਜੂਦ ,ਸੰਵਿਧਾਨਕ ਹੱਕਾਂ ਦਾ ਸਵਾਲ ਹੈ। ਸ. ਖਾਲਸਾ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਉਣ।
ਸ. ਪਰਮਿੰਦਰ ਪਾਲ ਸਿੰਘ ਖਾਲਸਾ ਨੇ ਤਲਖ਼ ਸ਼ਬਦਾਂ ’ਚ ਕਿਹਾ ਕਿ ਭਾਰਤੀ ਸੰਵਿਧਾਨ ਸਿੱਖਾਂ ਨੂੰ ਪੰਜ ਕਕਾਰ, ਖਾਸ ਕਰਕੇ ਕਿਰਪਾਨ,ਕੜਾ ਪਹਿਨਣ ਦਾ ਪੂਰਾ ਹੱਕ ਦਿੰਦਾ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤਧਾਰੀ ਸਿੱਖ ਇਨ੍ਹਾਂ ਨੂੰ ਵੱਖ ਨਹੀਂ ਕਰ ਸਕਦਾ। ਇਹ ਸਿਰਫ਼ ਧਾਰਮਿਕ ਪ੍ਰਤੀਕ ਨਹੀਂ, ਸਗੋਂ ਸਿੱਖ ਜੀਵਨ ਦਾ ਅਟੁੱਟ ਅੰਗ ਹਨ। ਉਨ੍ਹਾਂ ਅਫਸੋਸ ਜਤਾਇਆ ਕਿ ਇਸ ਦੇ ਬਾਵਜੂਦ ਸਿੱਖ ਵਿਦਿਆਰਥੀਆਂ ਨੂੰ ਕਕਾਰ ਲਾਹੁਣ ਲਈ ਮਜਬੂਰ ਕੀਤਾ ਜਾਂਦਾ ਹੈ, ਜੋ ਸੰਵਿਧਾਨ ਦੀ ਤੌਹੀਨ ਹੈ। ਉਨ੍ਹਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਇਸ ਮਸਲੇ ’ਚ ਦਖਲ ਦੇ ਕੇ ਸਿੱਖ ਹੱਕਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।ਸ. ਖਾਲਸਾ ਨੇ ਮੰਗ ਕੀਤੀ ਕਿ ਸੰਵਿਧਾਨ ਵਿਰੁੱਧ ਜਾ ਕੇ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ ’ਤੇ ਸਖਤ ਕਾਰਵਾਈ ਹੋਵੇ, ਤਾਂ ਜੋ ਅਜਿਹੀਆਂ ਘਟਨਾਵਾਂ ਦੀ ਪੁਨਰਾਵ੍ਰਿਤੀ ਨੂੰ ਰੋਕਿਆ ਜਾ ਸਕੇ।
ਜਥੇਦਾਰ ਖਾਲਸਾ ਨੇ ਮੋਦੀ ਸਰਕਾਰ ਨੂੰ ਸੁਝਾਅ ਦਿੱਤਾ ਕਿ ਕਾਨੂੰਨ ਮੰਤਰੀ ਅਤੇ ਘੱਟ ਗਿਣਤੀ ਕਮਿਸ਼ਨ ਦੀ ਅਗਵਾਈ ’ਚ 21 ਮੈਂਬਰੀ ਕਮੇਟੀ ਬਣਾਈ ਜਾਵੇ, ਜਿਸ ’ਚ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਮਿਸ਼ਨਰੀ ਕਾਲਜ, ਅਖੰਡ ਕੀਰਤਨੀ ਜਥਾ ਅਤੇ ਪ੍ਰਵਾਸੀ ਸਿੱਖ ਜਥੇਬੰਦੀਆਂ ,ਸਿਖ ਬੁਧੀਜੀਵੀ ਆਦਿ ਸ਼ਾਮਲ ਹੋਣ। ਇਹ ਕਮੇਟੀ ਸਿੱਖ ਮਸਲਿਆਂ ਵਿਚ ਅੜਿਕਾ ਬਣੀ ਅਫਸਰਸ਼ਾਹੀ ਦੀ ਬੇਲੋੜੀ ਦਖਲਅੰਦਾਜ਼ੀ ਰੋਕਕੇ ਸਰਕਾਰ ਦੇ ਸਹਿਯੋਗ ਨਾਲ ਮਸਲੇ ਹਲ ਕਰ ਸਕਦੀ ਹੈ। ਉਨ੍ਹਾਂ ਸੂਬਾ ਸਰਕਾਰਾਂ ਨੂੰ ਸਖਤ ਹੁਕਮ ਜਾਰੀ ਕਰਨ ਦੀ ਮੰਗ ਕੀਤੀ, ਤਾਂ ਜੋ ਸਿੱਖ ਵਿਦਿਆਰਥੀਆਂ ਨਾਲ ਹੋਣ ਵਾਲੀਆਂ ਜ਼ਿਆਦਤੀਆਂ ’ਤੇ ਲਗਾਮ ਲੱਗੇ।
ਸ. ਖਾਲਸਾ ਨੇ ਸਮੁੱਚੇ ਪੰਥਕ ਧਿਰਾਂ, ਸਿਆਸੀ ਸਿੱਖ ਜਥੇਬੰਦੀਆਂ, ਕਿਸਾਨ ਆਗੂਆਂ ਅਤੇ ਸਮਾਜਿਕ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਬੀਬੀ ਗੁਰਪ੍ਰੀਤ ਕੌਰ ਨੂੰ ਤਰਨਤਾਰਨ ਜਿਮਨੀ ਚੋਣ ਲਈ ਸਾਂਝੇ ਉਮੀਦਵਾਰ ਵਜੋਂ ਜ਼ਿਮਨੀ ਵਿਧਾਨ ਸਭਾ ਚੋਣ ਲਈ ਉਮੀਦਵਾਰ ਐਲਾਨਿਆ ਜਾਵੇ। ਇਹ ਉਹ ਸਿਖ ਬੇਟੀ ਹੈ, ਜਿਸ ਨੇ ਸੰਸਾਰਕ ਇੱਛਾਵਾਂ ਨੂੰ ਠੁਕਰਾ ਕੇ ਸਿੱਖ ਮਰਯਾਦਾ ਦਾ ਮਾਣ ਰੱਖਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਅਜਿਹੀ ਨੌਜਵਾਨ, ਬੁੱਧੀਜੀਵੀ ਅਤੇ ਪੰਥਕ ਸੋਚ ਵਾਲੀ ਲੀਡਰਸ਼ਿਪ ਦੀ ਲੋੜ ਹੈ, ਜੋ ਪੰਜਾਬ ਦੇ ਮਸਲਿਆਂ ’ਤੇ ਬੇਬਾਕ ਅਵਾਜ਼ ਬੁਲੰਦ ਕਰ ਸਕੇ। ਸਿਖ ਮਸਲਿਆਂ ਬਾਰੇ ਸੰਘਰਸ਼ ਕਰਨ ਦੀ ਥਾਂ ਐਕਸ ਵਿਚ ਸਟੇਟਸ ਪਾਕੇ ਆਪਣੀ ਕੌਮ ਤੇ ਪੰਜਾਬ ਪ੍ਰਤੀ ਜਿੰਮੇਵਾਰੀ ਸਮਝਣ ਵਾਲੀ ਪੁਰਾਣੀ ਬੁਢੀ ਕਾਰਪੋਰੇਟ ,ਜਗੀਰੂ ਸਿਖ ਲੀਡਰਸ਼ਿਪ ’ਚ ਵਿਜ਼ਨ ਦੀ ਘਾਟ ਹੈ ਜਿਸ ਕਾਰਣ ਪੰਜਾਬ ਤੇ ਸਿਖ ਪੰਥ ਨੂੰ ਨੁਕਸਾਨ ਹੋਇਆ ਹੈ ਤੇ ਪਛੜਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਲੀਡਰਸ਼ਿਪ ਦੇ ਉਭਾਰ ਦੀ ਲੋੜ ਹੈ।
਼





