ਚੰਡੀਗੜ੍ਹ/ਜਲੰਧਰ (ਜਸਪਾਲ ਕੈਂਥ)-: ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੀ ਮੌਜ਼ੂਦਾ ਆਪ ਸਰਕਾਰ ਵੱਲੋਂ ਮਹਿਜ਼ ਇੱਕ ਮਹੀਨੇ ਦੇ ਅੰਦਰ ਦੋ ਵਾਰ (1500 ਕਰੋੜ ਅਤੇ 1300 ਕਰੋੜ ਰੁਪਏ) ਦਾ ਨਵਾਂ ਕਰਜ਼ਾ ਚੁੱਕਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਲਏ ਜਾ ਰਹੇ ਕਰਜ਼ੇ ਪੰਜਾਬ ਨੂੰ ਆਰਥਿਕ ਤਬਾਹੀ ਵੱਲ ਧੱਕ ਰਹੇ ਹਨ ਅਤੇ ਸੂਬੇ ਦੇ ਭਵਿੱਖ ਨੂੰ ਗਿਰਵੀ ਰੱਖਿਆ ਜਾ ਰਿਹਾ ਹੈ।
ਡਾ. ਕਰੀਮਪੁਰੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਮਹੀਨੇ ਵਿੱਚ ਹੀ 2800 ਕਰੋੜ ਰੁਪਏ ਦਾ ਹੋਰ ਬੋਝ ਪੰਜਾਬੀਆਂ ਸਿਰ ਮੜ੍ਹ ਦਿੱਤਾ ਹੈ। ਇਹ ਸਰਕਾਰ ਦੀ ਵਿੱਤੀ ਨਾਕਾਮੀ ਦਾ ਪ੍ਰਤੀਕ ਹੈ। ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਤੋਰਨ ਦੇ ਦਾਅਵੇ ਕਰਨ ਵਾਲੇ ਅੱਜ ਸੂਬੇ ਨੂੰ ‘ਕਰਜਾਈ ਪੰਜਾਬ’ ਬਣਾ ਚੁੱਕੇ ਹਨ, ਜਿਸ ਦਾ ਸਿੱਧਾ ਅਸਰ ਆਉਣ ਵਾਲੀਆਂ ਪੀੜ੍ਹੀਆਂ ‘ਤੇ ਪਵੇਗਾ। ਡਾ. ਕਰੀਮਪੁਰੀ ਨੇ ਦੱਸਿਆ ਕਿ ਬਸਪਾ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸੰਭਾਲੋ’ ਮੁਹਿੰਮ ਦਾ ਮੁੱਖ ਮਕਸਦ ਸੂਬੇ ਨੂੰ ਇਸ ਆਰਥਿਕ ਮੰਦਹਾਲੀ ਅਤੇ ਕਰਜ਼ੇ ਦੇ ਬੋਝ ਵਿੱਚੋਂ ਬਾਹਰ ਕੱਢਣਾ ਹੈ। ਪਿਛਲੇ 78 ਸਾਲਾਂ ਦੇ ਹੁਕਮਰਾਨਾਂ ਨੇ ਵਾਰੀ-ਵਾਰੀ ਪੰਜਾਬ ਨੂੰ ਲੁੱਟਿਆ ਅਤੇ ਕੰਗਾਲੀ ਦੇ ਕੰਢੇ ‘ਤੇ ਲਿਆ ਖੜ੍ਹਾ ਕੀਤਾ ਹੈ।
ਬਸਪਾ ਦੇ ਸੂਬਾ ਪ੍ਰਧਾਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਬਚਾਉਣ ਲਈ ਬਸਪਾ ਦੀ ਮੁਹਿੰਮ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਲੋਕ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਆਪਣਾ ਅਸ਼ੀਰਵਾਦ ਅਤੇ ਸਹਿਯੋਗ ਦੇਣ ਤਾਂ ਜੋ 78 ਸਾਲਾਂ ਦੀ ਬਦਇੰਤਜ਼ਾਮੀ ਨੂੰ ਖ਼ਤਮ ਕਰਕੇ ਪੰਜਾਬ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾ ਸਕੇ।
ਡਾ. ਅਵਤਾਰ ਸਿੰਘ ਕਰੀਮਪੁਰੀ ਕਰੀਮਪੁਰੀ ਨੇ ਸਪੱਸ਼ਟ ਕੀਤਾ ਕਿ ਬਸਪਾ ਪੰਜਾਬ ਦੇ ਅਸਲ ਮੁੱਦਿਆਂ ਜਿਵੇਂ ਕਿ ਵਧਦਾ ਕਰਜ਼ਾ, ਨਸ਼ਿਆਂ ਦੀ ਹੋਮ ਡਿਲੀਵਰੀ, ਬੇਰੁਜ਼ਗਾਰੀ, ਫੇਲ੍ਹ ਹੋ ਚੁੱਕੇ ਪ੍ਰਸ਼ਾਸਨਿਕ ਢਾਂਚੇ ਦੇ ਨਾਲ-ਨਾਲ ਕਿਰਤੀਆਂ ਕਿਸਾਨਾਂ, ਕਰਮਚਾਰੀਆਂ ਤੇ ਕਾਰੋਬਾਰੀਆਂ ਦੇ ਮਾਮਲਿਆਂ ਨੂੰ ਲੈ ਕੇ ਜਨਤਾ ਦੀ ਕਚਹਿਰੀ ਵਿੱਚ ਜਾ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ, ਭਾਜਪਾ,ਆਪ ਦੀਆਂ ਗਲਤ ਨੀਤੀਆਂ ਨੂੰ ਨਕਾਰ ਕੇ ਸੂਬੇ ਦੇ ਸੁਨਹਿਰੀ ਭਵਿੱਖ ਲਈ ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਨਾਲ ਜੁੜਨ, ਤਾਂ ਕਿ ਪੰਜਾਬ ਨੂੰ ਬਦਹਾਲੀ ਵਿੱਚੋਂ ਕੱਢ ਕੇ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ।





