*ਸੁਖਜਿੰਦਰ ਰੰਧਾਵਾ ਅਤੇ ਤਿ੍ਰਪਤ ਬਾਜਵਾ ਨੇ ਬਟਾਲਾ ਨੂੰ ਜ਼ਿਲਾ ਦੀ ਮੰਗ ਤਾਂ ਹੁਣ ਕੀਤੀ ਪਰ ਸਾਡਾ ਪਲੈਨ ਪਹਿਲਾ ਹੀ ਸੀ-ਕੈਪਟਨ ਅਮਰਿੰਦਰ ਸਿੰਘ*

पंजाब पॉलिटिक्स
Spread the love

ਚੰਡੀਗੜ, 6 ਸਤੰਬਰ (ਦਾ ਮਿਰਰ ਪੰਜਾਬ )-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਬਟਾਲਾ ਨੂੰ ਜ਼ਿਲਾ ਐਲਾਨਣ ਦੀ ਮੰਗ ਪਹਿਲਾਂ ਹੀ ਵਿਚਾਰ ਅਧੀਨ ਹੈ ਅਤੇ ਇਸ ਬਾਰੇ ਅੰਤਿਮ ਫੈਸਲਾ ਸਬੰਧਤ ਵੱਖ-ਵੱਖ ਮਾਮਲਿਆਂ ਨੂੰ ਵਿਚਾਰਨ ਤੋਂ ਬਾਅਦ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਸ ਸਬੰਧੀ ਕੀਤੀ ਮੰਗ ਦੇ ਜਵਾਬ ਵਿਚ ਕਿਹਾ ਕਿ ਉਨਾਂ ਨੇ ਅਜਿਹਾ ਹੀ ਮੰਗ ਪੱਤਰ ਬੀਤੇ ਮਹੀਨੇ ਇਕ ਹੋਰ ਕਾਂਗਰਸੀ ਨੇਤਾ ਪਾਸੋਂ ਪ੍ਰਾਪਤ ਕੀਤਾ ਸੀ ਅਤੇ ਉਹ ਮਾਮਲੇ ਨੂੰ ਵਿਚਾਰ ਰਹੇ ਹਨ। ਉਨਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਮੀਡੀਆ ਵਿਚ ਕੁਝ ਰਿਪੋਰਟਾਂ ਵੀ ਇਹ ਦਰਸਾਉਂਦੀਆਂ ਹਨ ਕਿ ਬਟਾਲਾ ਦੇ ਵਾਸੀਆਂ ਨੇ ਵੀ ਜਨਤਕ ਤੌਰ ਉਤੇ ਆਪਣੇ ਖੇਤਰ ਨੂੰ ਨਵਾਂ ਜ਼ਿਲਾ ਬਣਾਉਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਨਾ ਤਾਂ ਤਿ੍ਰਪਤ ਬਾਜਵਾ ਤੇ ਨਾ ਹੀ ਸੁਖਜਿੰਦਰ ਰੰਧਾਵਾ ਨੇ ਜਨਤਕ ਤੌਰ ਉਤੇ ਉਠੀ ਇਸ ਮੰਗ ਬਾਰੇ ਰਿਪੋਰਟਾਂ ਨੂੰ ਦੇਖਿਆ ਅਤੇ ਅਜਿਹੇ ਢੰਗ ਨਾਲ ਸਾਂਝਾ ਪੱਤਰ ਲਿਖਣ ਤੋਂ ਪਹਿਲਾਂ ਉਨਾਂ ਨਾਲ ਇਸ ਮੁੱਦੇ ਨੂੰ ਵਿਚਾਰਨਾ ਮੁਨਾਸਬ ਸਮਝਿਆ। ਦੋਵਾਂ ਮੰਤਰੀਆਂ ਉਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਜੇਕਰ ਉਹ ਮੇਰੇ ਕੋਲ ਆਏ ਹੁੰਦੇ ਅਤੇ ਇਸ ਬਾਰੇ ਗੱਲ ਕੀਤੀ ਹੁੰਦੀ ਤਾਂ ਮੈਂ ਉਨਾਂ ਨੂੰ ਦੱਸ ਦੇਣਾ ਸੀ ਕਿ ਮੈਂ ਇਸ ਮਾਮਲੇ ਨੂੰ ਪਹਿਲਾਂ ਹੀ ਵਿਚਾਰ ਰਿਹਾ ਹਾਂ ਅਤੇ ਇਸ ਸਬੰਧ ਵਿਚ ਉਨਾਂ ਨਾਲ ਸਲਾਹ-ਮਸ਼ਵਰਾ ਵੀ ਕਰ ਲੈਂਦਾ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੇ 11 ਅਗਸਤ, 2021 ਦੇ ਆਪਣੇ ਪੱਤਰ ਵਿੱਚ ਬਟਾਲਾ ਦੀ ਇਤਿਹਾਸਕ ਮਹੱਤਤਾ ਦੱਸਦਿਆਂ ਅਤੇ ਸੰਨ 1487 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਥੇ ਮਾਤਾ ਸੁਲੱਖਣੀ ਜੀ ਨਾਲ ਹੋਏ ਵਿਆਹ ਦਾ ਹਵਾਲਾ ਦਿੰਦਿਆਂ ਪਹਿਲਾਂ ਹੀ ਬਟਾਲੇ ਨੂੰ ਜ਼ਿਲੇ ਦਾ ਦਰਜਾ ਦੇਣ ਦੀ ਮੰਗ ਕੀਤੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬਟਾਲਾ ਦੀ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਵਿਚ ਮਹੱਤਤਾ ਦੇ ਨਾਲ-ਨਾਲ ਲੋਕਾਂ ਦੀਆਂ ਭਾਵਨਾਵਾਂ ਬਾਰੇ ਜਾਣਦੇ ਹਨ। ਉਨਾਂ ਕਿਹਾ ਕਿ ਉਹ ਫੈਸਲਾ ਲੈਣ ਤੋਂ ਪਹਿਲਾਂ ਵੱਖ-ਵੱਖ ਭਾਈਵਾਲਾਂ ਨਾਲ ਇਸ ਮੁੱਦੇ ’ਤੇ ਚਰਚਾ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ 79 ਪਿੰਡਾਂ ਅਤੇ 24 ਕਸਬਿਆਂ ਵਿੱਚ 103 ਥਾਵਾਂ ਦੀ ਸ਼ਨਾਖ਼ਤ ਕੀਤੀ ਸੀ, ਜਿਨਾਂ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਨਾਂ ਲਈ ਫ਼ੰਡ ਅਲਾਟ ਕੀਤੇ ਗਏ ਸਨ ਅਤੇ ਇਨਾਂ ਸਭਨਾਂ ਥਾਵਾਂ ਨੂੰ ਨਿਵੇਕਲੇ ਢੰਗ ਨਾਲ ਵਿਕਸਤ ਕਰਨ ਨੂੰ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ਲਈ ਬਹੁਤ ਸੋਚ-ਵਿਚਾਰ ਅਤੇ ਸਲਾਹ-ਮਸ਼ਵਰੇ ਹੋ ਚੁੱਕੇ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿਚ ਸਾਰੇ ਇਤਿਹਾਸਕ ਸ਼ਹਿਰਾਂ ਅਤੇ ਥਾਵਾਂ ਖਾਸ ਕਰਕੇ ਜਿਹੜੀਆਂ ਕਿਸੇ ਵੀ ਤਰਾਂ ਗੁਰੂ ਸਾਹਿਬਾਨ ਨਾਲ ਸਬੰਧਤ ਹੋਣ, ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਸੰਭਾਵਨਾਵਾਂ ਤਲਾਸ਼ਣ ਵਾਸਤੇ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ। ਉਨਾਂ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਇਹ ਯਕੀਨੀ ਬਣਾਉਣ ਲਈ ਸਭ ਕੁਝ ਕਰਨਗੇ ਜਿਸ ਨਾਲ ਬਟਾਲੇ ਨੂੰ ਉਸ ਦਾ ਬਣਦਾ ਹੱਕ ਮਿਲ ਸਕੇ।

Leave a Reply

Your email address will not be published. Required fields are marked *