*ਪੰਚਾਇਤ ਸਕੱਤਰਾਂ ਦਾ ਧਰਨਾ 17ਵੇਂ ਦਿਨ ’ਚ ਪ੍ਰਵੇਸ਼, ਪੰਚਾਇਤ ਯੂਨੀਅਨ ਤਲਵਾਡ਼ਾ ਸਮਰਥਨ ’ਚ ਨਿੱਤਰੀ*

Uncategorized
Spread the love

ਦੀਪਕ ਠਾਕੁਰ

ਤਲਵਾਡ਼ਾ,12 ਦਸੰਬਰ-ਪੰਚਾਇਤ ਸਕੱਤਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋਡ਼ ਹਡ਼ਤਾਲ ਅੱਜ 17ਵੇਂ ਦਿਨ ’ਚ ਪ੍ਰਵੇਸ਼ ਕਰ ਗਈ। ਪੰਚਾਇਤ ਯੂਨੀਅਨ ਤਲਵਾਡ਼ਾ ਨੇ ਪੰਚਾਇਤ ਸਕੱਤਰਾਂ ਦੀ ਹਡ਼ਤਾਲ ਦਾ ਸਮਰਥਨ ਕੀਤਾ ਹੈ। ਇੱਥੇ ਬੀਡੀਪੀਓ ਕੰਪਲੈਕਸ ਵਿਖੇ ਦਿੱਤੇ ਧਰਨੇ ’ਚ ਬੋਲਦਿਆਂ ਪੰਚਾਇਤ ਯੂਨੀਅਨ ਬਲਾਕ ਤਲਵਾਡ਼ਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਸੂਬਾ ਸਰਕਾਰ ਤੋਂ ਹਡ਼ਤਾਲੀ ਕਰਮਚਾਰੀਆਂ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਮੰਨਣ ਦੀ ਮੰਗ ਕੀਤੀ। ਪਿੰਡਾਂ ’ਚ ਵਿਕਾਸ ਕਾਰਜ ਠੱਪ ਹੋ ਗਏ ਹਨ, ਮਗਨਰੇਗਾ ਕਾਮੇ ਰੁਜ਼ਗਾਰ ਨਾ ਮਿਲਣ ਕਾਰਨ ਫਾਕੇ ਕੱਟਣ ਲਈ ਮਜ਼ਬੂਰ ਹਨ। ਪੰਚਾਇਤਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਪੈਮਾਇਸ਼, ਅਦਾਇਗਹੀਆਂ ਤੇ ਹੋਰ ਕੰਮ ਰੁਕ ਗਏ ਹਨ। ਸਰਪੰਚ ਅਸ਼ਵਨੀ ਕੁਮਾਰ ਰਾਮਗਡ਼੍ਹ ਸੀਕਰੀ ਨੇ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ ’ਚ ਆਈ ਆਪ ਸਰਕਾਰ ਨੇ ਪੇਂਡੂ ਵਿਕਾਸ ਲਈ ਧੇਲਾ ਨਹੀਂ ਦਿੱਤਾ, ਪਰ ਸਕੱਤਰਾਂ ਦੇ ਹਡ਼ਤਾਲ ’ਤੇ ਜਾਣ ਨਾਲ ਪਹਿਲਾਂ ਚੱਲਦੇ ਕੰਮ ਵੀ ਬੰਦ ਹੋ ਗਏ ਹਨ। ਪੰਚਾਇਤਾਂ ਨੇ ਆਪਣੇ ਰਸੂਖ ’ਤੇ ਲੱਖਾਂ ਰੁਪਏ ਦੇ ਕੰਮ ਮਗਨਰੇਗਾ ’ਚ ਕਰਵਾਏ, ਪਰ ਚਾਰ ਸਾਲ ਦਾ ਅਰਸਾ ਬੀਤ ਜਾਣ ਬਾਅਦ ਵੀ ਮਟੀਰੀਅਲ ਅਤੇ ਮਿਸਤਰੀਆਂ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ। ਸਰਪੰਚ ਕੁਲਦੀਪ ਭੰਬੋਤਾਡ਼ ਨੇ ਪੰਚਾਂ/ਸਰਪੰਚਾਂ ਨੂੰ ਬੰਦ ਕੀਤਾ ਮਾਣ ਭੱਤਾ ਮੁਡ਼ ਬਹਾਲ ਕਰਨ, ਕੇਂਦਰ ਦੀ ਤਰਜ਼ ’ਤੇ ਰਾਜ ਵਿੱਤ ਕਮਿਸ਼ਨ ਦਾ ਗਠਨ ਕਰ ਪੰਚਾਇਤਾਂ ਨੂੰ ਬਿਨ੍ਹਾਂ ਭੇਦ ਭਾਵ ਗ੍ਰਾਂਟਾਂ ਦੇਣ, ਕੇਂਦਰ ਸਰਕਾਰ ਵੱਲੋਂ ਆਰਡੀਐਫ ’ਤੇ ਇੱਕ ਫੀਸਦੀ ਕੱਟ ਲਾਉਣ ਦੀ ਤਜਵੀਜ਼ ਰੱਦ ਕਰਨ ਦੀ ਮੰਗ ਕੀਤੀ। ਸਰਪੰਚ ਰਜਨੀਸ਼ ਸਿੰਘ ਨੇ ਇੱਕ ਸਕੱਤਰ ਇੱਕ ਸਰਕਲ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਅਤੇ ਬਲਾਕ ’ਚ ਜੇਈ ਸਮੇਤ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ। ਪੰਚਾਇਤ ਸਕੱਤਰ ਯੂਨੀਅਨ ਦੇ ਬਲਾਕ ਤਲਵਾਡ਼ਾ ਪ੍ਰਧਾਨ ਮਦਨ ਲਾਲ ਨੇ ਪੰਚਾਇਤ ਯੂਨੀਅਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨ ’ਤੇ ਧਨਵਾਦ ਕੀਤਾ। ਉੱਥੇ ਸਕੱਤਰਾਂ ਦੀ ਤਨਖ਼ਾਹ ਸਿੱਧੀ ਖ਼ਜ਼ਾਨੇ ’ਚੋਂ ਦੇਣ ਦੀ ਵਿਵਸਥਾ ਕਰਨ, ਬਾਹਰੀ ਵਿਭਾਗਾਂ ਦੇ ਕੰਮ ’ਤੇ ਰੋਕ ਲਗਾਉਣ, ਸਿਆਸੀ ਰੰਜਿਸ਼ ਤਹਿਤ ਆਡਿਟ ਦੇ ਨਾ ’ਤੇ ਪੰਚਾਇਤਾਂ ਅਤੇ ਸਕੱਤਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ, ਵਿਕਾਸ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਚਾਇਤਾਂ ਨੂੰ ਡਿਟੇਲ ਐਸਟੀਮੇਟ ਆਦਿ ਦੇਣ ਦੀ ਮੰਗ ਕੀਤੀ। ਉਕਤ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜ਼ਾਰੀ ਰੱਖਣ ਅਤੇ ਭਲਕੇ ਮੁਹਾਲੀ ਵਿਖੇ ਹੋਣ ਜਾ ਰਹੇ ਸੂਬਾ ਪੱਧਰੀ ਰੋਸ ਮੁਜ਼ਾਹਰੇ ’ਚ ਬਲਾਕ ਤੋਂ ਵੱਡੀ ਗਿਣਤੀ ਸਰਪੰਚਾਂ ਤੇ ਸਕੱਤਰਾਂ ਵੱਲੋਂ ਸ਼ਾਮਲ ਹੋਣ ਦੀ ਗੱਲ ਕਹੀ।

ਇਸ ਮੌਕੇ ਵਿਸ਼ੇਸ਼ ਦੌਰ੍ਹੇ ’ਤੇ ਬੀਡੀਪੀਓ ਦਫ਼ਤਰ ਤਲਵਾਡ਼ਾ ਪਹੁੰਚੇ ਹਲ਼ਕਾ ਦਸੂਹਾ ਵਿਧਾਇਕ ਐਡ ਕਰਮਵੀਰ ਘੁੰਮਣ ਨੂੰ ਪੰਚਾਇਤ ਸਕੱਤਰਾਂ ਤੇ ਸਰਪੰਚਾਂ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਚਾਇਤ ਸਕੱਤਰ ਨਰੇਸ਼ ਕੁਮਾਰ, ਅਮਰੀਕ ਸਿੰਘ ਤੇ ਲੱਖਪਾਲ ਸਿੰਘ, ਗ੍ਰਾਮ ਸੇਵਕ ਰਣਜੀਤ ਸਿੰਘ, ਪੰਚਾਇਤ ਯੂਨੀਅਨ ਤਲਵਾਡ਼ਾ ਤੋਂ ਸਰਪੰਚ ਕਰਨੈਲ ਸਿੰਘ, ਸ਼ਾਮ ਸੁੰਦਰ, ਸਰਪੰਚ ਸਤਨਾਮ ਸਿੰਘ, ਸਰਪੰਚ ਜਤਿੰਦਰ ਕੁਮਾਰ, ਸਰਪੰਚ ਊਸ਼ਾ ਰਾਣੀ, ਸਰਪੰਚ ਸੁਮਨ , ਸਰਪੰਚ ਨਿਰਮਲਾ ਦੇਵੀ, ਸਰਪੰਚ ਬਲਜਿੰਦਰ ਕੌਰ, ਸਰਪੰਚ ਨੀਸ਼ਾ, ਜ਼ਿਲ੍ਹਾ ਪਰਿਸ਼ਦ ਮੈਂਬਰ ਰਾਮ ਕ੍ਰਿਸ਼ਨ ਅਮਰੋਹੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *