ਪੈਰਿਸ 24 ਦਸੰਬਰ ( ਪੱਤਰ ਪ੍ਰੇਰਕ ) ਪੈਰਿਸ ਤੋਂ ਮਨੁਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਫਰਾਂਸ ( ਰਜਿ.) ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਜੋ ਖਬਰਾਂ ਭਾਰਤ ਤੋਂ ਆ ਰਹੀਆਂ ਹਨ ਕਿ ( ਅਜਾਦੀ ਦਾ ਤਿਉਹਾਰ ) ਮਤਲਬ ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਦੋ ਹਜਾਰ ਤੇਈ ਨੂੰ ਕੇਂਦਰ ਸਰਕਾਰ ਨੇ ਭਾਰਤ ਦੀਆਂ ਰਾਜ ਸਰਕਾਰਾਂ ਨੂੰ ਇੱਕ ਆਰਡੀਨੈਸ ਭੇਜਿਆ ਹੈ ਕਿ ਜਿਹੜੇ ਜਿਹੜੇ ਕੈਦੀ ਦਾ ਆਚਰਣ ਜੇਲ ਵਿੱਚ ਬਹੁਤ ਚੰਗਾ ਹੈ ਜਾਂ ਪੰਜਾਹ ਸਾਲ ਤੋਂ ਉਪਰ ਉਮਰ ਵਾਲੇ ਕੈਦੀਆਂ ਨੇ ਆਪਣੀ ਕੈਦ ਦਾ ਅੱਧਾ ਸਮਾਂ ਜੇਲ ਵਿੱਚ ਗੁਜਾਰ ਲਿਆ ਹੈ ਉਸਨੂੰ ਛੱਡਿਆ ਜਾਵੇ । ਸਾਨੂੰ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਇੱਥੇ ਬਾਹਰਲੇ ਦੇਸ਼ਾਂ ਵਿੱਚ ਸਰਕਾਰਾਂ ਕੈਦੀਆਂ ਨੂੰ ਗਾਹੇ ਬਗਾਹੇ ਬਹੁਤ ਸਾਰੀਆਂ ਰਿਆਇਤਾ ਦੇ ਕੇ ਛੱਡਦੀਆ ਹੀ ਰਹਿੰਦੀਆ ਹਨ ।

ਹੁਣ ਸੁਆਲ ਉੱਠਦਾ ਹੈ ਕਿ ਜੇਕਰ ਮੌਕੇ ਦੀ ਕੇਂਦਰ ਸਰਕਾਰ ਚੰਗੇ ਆਚਰਣ ਦੀ ਆੜ ਹੇਠ ਕੁਝ ਨਿਯਮ ਬਣਾ ਕੇ ਬਹੁਤ ਸਾਰੇ ਕੈਦੀਆਂ ਨੁੰ ( ਅਜਾਦੀ ਦਾ ਤਿਉਹਾਰ ਦੇ ਤਹਿਤ ) ਰਿਹਾ ਕਰਨ ਦਾ ਸੋਚ ਰਹੀ ਹੈ ਅਤੇ ਦੂਸਰੇ ਪਾਸੇ ਹਰਿਆਣੇ ਦੀ ਸਰਕਾਰ ਬਾਬੇ ਰਾਮ ਰਹੀਮ ਨੂੰ ਤਿੰਨ ਵਾਰ ਇਸੇ ਨਿਯਮ ਦੇ ਤਹਿਤ ਪਾਰੋਲ ਦੇ ਚੁੱਕੀ ਹੈ , ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਿਹਾ ਕਰ ਰਹੀ , ਜਦਕਿ ਉਨਾ ਨੇ ਆਪਣੀਆ ਬਣਦੀਆਂ ਸਜਾਵਾ ਤੋਂ ਕਿਧਰੇ ਵੱਧ ਸਜਾ ਕੱਟ ਲਈ ਹੋਈ ਹੈ ।
ਪੰਜਾਬ ਅਤੇ ਬਾਹਰਲੇ ਦੇਸ਼ਾ ਦੀਆਂ ਜਥੇਬੱਦੀਆ , ਸਿੱਖ ਬੁੱਧੀਜੀਵੀਆਂ , ਸਿੱਖ ਵਿਦਵਾਨਾ ਸਾਹਿਤ ਬਹੁਤ ਸਾਰੇ ਉਹ ਹਿੰਦੂ ਵੀਰ ਵੀ ਜਿਹੜੇ ਹਾਅ ਦਾ ਨਾਹਰਾ ਮਾਰਨਾ ਜਾਣਦੇ ਹਨ , ਚੰਦ ਸਿੱਖ ਰਾਜਨੀਤਿਕ ਨੇਤਾਵਾਂ ਨੇ ਵੀ ਹਰ ਤਰੀਕੇ ਪੋਟੀਸ਼ਨਾ ਪਾ ਪਾ ਕੇ ,ਧਰਨੇ ਦੇ ਦੇ ਕੇ , ਭੁੱਖ ਹੜਤਾਲਾ ਰੱਖ ਰੱਖ ਕੇ ਜਾਂ ਮੁਜਾਹਰਿਆ ਰਾਹੀਂ ਅਪੀਲਾ ਬੇਨਤੀਆਂ ਕਰਕੇ ਦੇਖ ਲਈਆਂ ਹਨ , ਐਪਰ ਕਿਧਰੇ ਵੀ ਸੁਣਵਾਈ ਨਹੀ ਹੋਈ। ਵੈਸੇ ਦੇਖਿਆ ਜਾਵੇ ਤਾ ਸਿੱਧੇ ਰੂਪ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਮੌਕਾਪ੍ਰਸਤ ਲੀਡਰ ਅਤੇ ਕੱਟੜਤਾ ਰੱਖਣ ਵਾਲੇ ਲੋਕ ਅੜਿੱਕਾ ਬਣੇ ਹੋਏ ਹਨ । ਅਦਾਲਤਾਂ ਦਾ ਕੰਮ ਹੁੰਦਾ ਹੈ ਸਜਾ ਦੇਣਾ ਦੋਸ਼ੀ ਨੂੰ ਸੁਧਾਰਨ ਵਾਸਤੇ ਅਤੇ ਸਰਕਾਰ ਦਾ ਫਰਜ ਹੁੰਦਾ ਹੈ ਸਜਾ ਖਤਮ ਹੋਣ ਤੋਂ ਬਾਅਦ ਕੈਦੀ ਨੂੰ ਰਿਹਾ ਕਰਨਾ , ਇਸ ਵਕਤ ਇਹੋ ਪੋਜੀਸ਼ਨ ਸਿੱਖਾਂ ਪ੍ਰਤੀ ਨਫਰਤ ਰੱਖਣ ਵਾਲਿਆਂ ਕਰਕੇ ਬਣੀ ਹੋਈ ਹੈ ਵਰਨਾ ਕਾਨੂੰਨੀ ਕਾਰਵਾਈ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਕੋਈ ਰੋੜਾ ਨਹੀਂ ਹੈ ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਿੱਖ ਉਹ ਹੀ ਹਨ ਜਿਨ੍ਹਾਂ ਨੇ ਭਾਰਤ ਦੀ ਅਜਾਦੀ ਵਾਸਤੇ ਕੁਰਬਾਨੀਆਂ ਦੇਣ ਤੋਂ ਕੰਨੀ ਤੱਕ ਨਹੀ ਸੀ ਕਤਰਾਈ , ਜਦਕਿ ਹੁਣ ਜਿਨ੍ਹਾਂ ਖਾਤਿਰ ਕੁਰਬਾਨੀਆਂ ਕੀਤੀਆਂ ਅੱਜ ਉਹ ਬਹੁਗਿਣਤੀ ਲੋਕ ਹੀ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਸ਼ਾਤੀ ਭੰਗ ਹੋਣ ਦਾ ਬਹਾਨਾ ਲਾ ਕੇ ਰੁਕਾਵਟਾਂ ਪਾ ਰਹੇ ਹਨ , ਬੰਦਾ ਇਨ੍ਹਾਂ ਨੂੰ ਪੁੱਛੇ ਕਿ ਵਈ ਜੇਕਰ ਇਨ੍ਹਾਂ ਨੇ ਕੋਈ ਜੁਰਮ ਕੀਤਾ ਹੈ ਤਾਂ ਉਸਦੀ ਸਜਾ ਦੁੱਗਣੀ ਤੋਂ ਵੀ ਵੱਧ ਭੁਗਤ ਚੁੱਕੇ ਹਨ , ਦੂਸਰਾ ਇਹ ਕਿ ਇਨ੍ਹਾਂ ਨੇ ਆਪਣੀ ਕੌਮ ਉੱਪਰ ਹੁੰਦਾ ਹੋਇਆ ਜੁਲਮ ਨਹੀਂ ਸਹਾਰਿਆ , ਸਿਰਫ ਉਨ੍ਹਾਂ ਗੁਨਾਹਗਾਰਾ ਨੂੰ ਹੀ ਸੋਧਿਆ ਹੈ ਜਿਨਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਦੀ ਗਲਤੀ ਕੀਤੀ ਸੀ ਨਾ ਕਿ ਕਿਸੇ ਬੇਗੁਨਾਹ ਨੂੰ ਪ੍ਰੇਸ਼ਾਨ ਕੀਤਾ ਸੀ । ਜੇਕਰ ਇਹੋ ਸਿੱਖ ਅੱਗਰੇਜਾ ਨੂੰ ਭਾਰਤ ਤੋਂ ਬਾਹਰ ਕੱਡਣ ਵਾਸਤੇ ਉਨਾਂ ਨਾਲ ਲੜ ਕੇ ਉਨਾਂ ਨੂੰ ਮਾਰਦੇ ਰਹੇ ਤਾਂ ਅਜਾਦੀ ਦੇ ਪ੍ਰਵਾਨੇ , ਐਪਰ ਜਦ ਖੁੱਦ ਆਪਣੀ ਹੀ ਕੌਮ ਦੇ ਗਦਾਰਾ ਨੂੰ ਸੋਧਿਆ ਤਾ ਅੱਤਵਾਦੀ । ਇਸ ‘ਚ ਹੋਰਨਾ ਦਾ ਇਤਨਾ ਜਿਆਦਾ ਕਸੂਰ ਨਹੀ ਜਿਤਨਾ ਬਿੱਟੇ , ਬਿੱਟੂ ਅਤੇ ਸਿੱਖ ਵਿਰੋਧੀ ਨੇਤਾਵਾਂ ਦਾ ਹੈ , ਬਲਕਿ ਇਨ੍ਹਾਂ ਚੰਦ ਬੰਦਿਆ ਵੱਲੋਂ ਇਹ ਕਹਿਣਾ ਕਿ ਜੇਕਰ ਇਨ੍ਹਾਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਗਿਆ ਤਾਂ ਫਿਰ ਦੁਬਾਰਾ ਅਸ਼ਾਤੀ ਫੈਲਣ ਦਾ ਡਰ ਪੈਦਾ ਹੋ ਸਕਦਾ ਹੈ ਪੰਜਾਬ ਫਿਰ ਅੱਤਵਾਦ ਦੀ ਮਾਰ ਹੇਠ ਆ ਜਾਵੇਗਾ , ਜਦਕਿ ਸਰਕਾਰ ਨੂੰ ਵੀ ਪਤਾ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋ ਸਕਦੀ ਪਰ ਸਰਕਾਰੀ ਰੋਟੀਆਂ ਕੌਣ ਸੇਕੇਗਾ ਦੇ ਨਾਲ ਨਾਲ ਮੁਫਤ ਦੀਆਂ ਸਰਕਾਰੀ ਸਹੂਲਤਾਂ ਵੀ ਜਾਂਦੀਆਂ ਰਹਿਣਗੀਆ । ਸਿਰਫ਼ ਇਹੋ ਹੀ ਵੱਡੀ ਰੁਕਾਵਟ ਸਾਡੇ ਬੰਦੀ ਸਿੰਘਾ ਦੀ ਰਿਹਾਈ ਵਿੱਚ ਰੋੜਾ ਬਣੀ ਹੋਈ ਹੈ ।
ਦੂਸਰਾ ਹਿੰਦੂਤਵ ਦੀ ਲੜਾਈ ਲੜਨ ਵਾਲਿਆ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣੀ ਕੌਮ ਦੀ ਹੋਦ ਵਾਸਤੇ ਨਿੱਤ ਲੜੋ ਤੁਹਾਡਾ ਕਾਨੂੰਨੀ ਅਧਿਕਾਰ ਹੈ ਆਪਣੇ ਹੱਕਾਂ ਅਤੇ ਕੌਮ ਦੀ ਅਜਾਦੀ ਦੀ ਗੱਲ ਕਰਨੀ ਕੋਈ ਬੁਰੀ ਗੱਲ ਨਹੀਂ , ਐਪਰ ਦੂਜਿਆਂ ਦੇ ਹੱਕ ਵੀ ਨਾ ਮਾਰੋ ਅਸੀਂ ਖੁਸ਼ ਹਾਂ ਕਿ ਤੁਸੀਂ ਆਪਣੀ ਕੌਮ ਦੇ ਹੱਕ ਵਾਸਤੇ ਆਪਣੇ ਹੀ ਦੇਸ਼ ਦੀਆਂ ਹਿੰਦੂ ਵਿਰੋਧੀ ਤਾਕਤਾਂ ਨਾਲ ਭਿੜ ਰਹੇ ਹੋ , ਜਦਕਿ ਸਿੱਖ ਕੌਮ ਦੇ ਯੋਧੇ ਵੀ ਸਿੱਖ ਵਿਰੋਧੀ ਲੋਕਾਂ ਨਾਲ ਹੀ ਮੱਥਾਪੋਚੀ ਕਰ ਰਹੇ ਹਨ । ਜੇਕਰ ਦੋਵੇਂ ਕੌਮਾਂ ਆਪਣੀ ਹੋਦ ਅਤੇ ਅਜਾਦੀ ਵਾਸਤੇ ਲੜ ਰਹੀਆਂ ਹਨ ਤਾ ਫਿਰ ਇਕੱਲੇ ਸਿੱਖਾਂ ਨਾਲ ਵਿਤਕਰਾ ਕਿਉਂ ?? । ਇਸ ਲਈ ਸਾਡੀ ਸੰਸਥਾ ਵੱਲੋਂ ਉਨਾਂ ਸਾਰੀਆਂ ਧਿਰਾਂ ਨੂੰ ਪੁਰਜੋਰ ਬੇਨਤੀ ਹੈ ਜਿਹੜੀਆ ਅਜਾਦੀ ਦੀ ਗੱਲ ਕਰਦੀਆ ਹਨ ਕਿ ਤੁਸੀ ਜਿੱਥੇ ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਨੂੰ ਅਜਾਦੀ ਦੇ ਤਿਉਹਾਰ ਦੇ ਨਿਯਮ ਤਹਿਤ ਕੈਦੀਆਂ ਦੀ ਰਿਹਾਈ ਦਾ ਅਖਬਾਰੀ ਬਿਆਨਾ ਰਾਹੀਂ ਸੁਆਗਤ ਕਰ ਰਹੋ ਹੋ , ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੌਕੇ ਦੀਆ ਸਰਕਾਰਾ ਉਪਰ ਦਬਾ ਪਾ ਕੇ ਰਿਹਾ ਕਰਾਉ , ਇਹੋ ਹੀ ਸੱਚੀ ਅਤੇ ਸੁੱਚੀ ਇਨਸਾਨੀਅਤ ਦੀ ਨਿਸ਼ਾਨੀ ਹੋਵੇਗੀ ।





