ਪੈਰਿਸ 25 ਸਤੰਬਰ (ਭੱਟੀ ਫਰਾਂਸ ) ਕਨੇਡਾ ਵਿੱਚ ਸ਼ਹੀਦ ਹੋਏ ਹਰਦੇਵ ਸਿੰਘ ਨਿੱਝਰ ਦੀ ਆਤਮਿਕ ਸ਼ਾਤੀ ਵਾਸਤੇ ਪਿੰਡ ਕਾਹਨ ਸਿੰਘ ਵਾਲਾ ਵਿਖ਼ੇ ਸ਼੍ਰੀ ਆਖੰਡਿਪਾਠ ਸਾਹਿਬ ਜਿਹੜੇ ਕਿ ਅੱਜ ਭਾਵ 25 ਸਤੰਬਰ ਨੂੰ ਪ੍ਰਾਰੰਭ ਹੋਣੇ ਸਨ, ਉਸਨੂੰ ਰੋਕਣ ਵਾਸਤੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਪੰਜਾਬ ਦੀ ਭਗਵੰਤ ਸਰਕਾਰ ਨੇ ਰੋਕ ਲਗਾਉਂਦੇ ਹੋਏ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਉਸਦੇ ਸਾਥੀਆਂ ਨੂੰ ਉਸਦੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਹੈ | ਇਸ ਬਾਰੇ ਮੀਡੀਆ ਨੂੰ ਬਕਾਇਦਾ ਲਿਖਤੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ( ਯੋਰਪ) ਦੇ ਪ੍ਰਧਾਨ ਸ੍ਰ ਕਿਰਪਾਲ ਸਿੰਘ ਬਾਜਵਾ ਬੈਲਜੀਅਮ, ਸਰਪ੍ਰਸਤ ਸ੍ਰ ਜਗਤਾਰ ਸਿੰਘ ਮਾਹਲ ਜਰਮਨੀ, ਮੀਤ ਪ੍ਰਧਾਨ ਸ੍ਰ ਦਵਿੰਦਰ ਸਿੰਘ ਮੱਲ੍ਹੀ ਸਪੇਨ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਥਿੰਦ ਯੂ.ਕੇ , ਮੀਡੀਆ ਇੰਚਾਰਜ ਸ੍ਰ ਸਰਬਜੀਤ ਸਿੰਘ ਖਾਲਸਾ ਇਟਲੀ, ਮੁੱਖ ਸਲਾਹਕਾਰ ਸ੍ਰ ਬਲਜੀਤ ਸਿੰਘ ਭੁੱਲਰ ਜਰਮਨੀ, ਜਰਨਲ ਸਕੱਤਰ ਸ੍ਰ ਸ਼ਮਸ਼ੇਰ ਸਿੰਘ ਫਰਾਂਸ ਆਦਿ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਅਤੇ ਆਤਮਿਕ ਸ਼ਾਂਤੀ ਵਾਸਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਨੂੰ ਰੋਕਣਾ ਕਿਸੇ ਵੀ ਤਰੀਕੇ ਜਾਇਜ ਨਹੀਂ ਠਹਿਰਾਇਆ ਜਾ ਸੱਕਦਾ | ਅਸੀਂ ਪੰਜਾਬ ਸਰਕਾਰ ਦੀ ਇਸ ਕੋਝੀ ਅਤੇ ਅਰਥਹੀਣ ਕਾਰਵਾਈ ਦੀ ਸਖ਼ਤ ਲਫ਼ਜ਼ਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਸਿੱਖ ਕੌਮ ਦੇ ਵਿੱਚ ਰੋਹ ਜਾਗਣ ਤੋਂ ਪਹਿਲਾਂ ਪਹਿਲਾਂ ਸਾਡੇ ਆਗੂਆਂ ਨੂੰ ਰਿਹਾ ਕਰ ਦੇਵੇਗੀ ਅਤੇ ਪੰਜਾਬ ਦੇ ਮਾਹੌਲ ਨੂੰ ਵਿਘੜਨ ਤੋਂ ਜਰੂਰ ਬਚਾਵੇਗੀ |





