*ਜ਼ਿਲ੍ਹਾ ਸਿਹਤ ਅਫਸਰ ਨੇ ਸੈਂਪਲਿੰਗ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਤੇ ਲਾਇਆ ਹੱਥੋਪਾਈ ਕਰਨ ਦਾ ਦੋਸ਼*

क्राइम
Spread the love

ਹੁਸ਼ਿਆਰਪੁਰ 25 (ਤਰਸੇਮ ਦੀਵਾਨਾ )-ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਆਰੰਭੀ ਮੁਹਿੰਮ ਦੀਆਂ ਖੁਦ ਸਿਆਸਤਦਾਨ ਹੀ ਨਾ ਸਿਰਫ ਧੱਜੀਆਂ ਉਡਾ ਰਹੇ ਹਨ ਸਗੋਂ ਇਨ੍ਹਾਂ ਸੱਤਾਧਾਰੀ ਸਿਆਸਤਦਾਨਾਂ ਦੀ ਸ਼ਹਿ ਤੇ ਹੀ ਵਪਾਰ ਮੰਡਲ ਦੇ ਅਖੌਤੀ ਪ੍ਰਧਾਨਾਂ ਵੱਲੋਂ ਸੈਂਪਲਿੰਗ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਦੇ ਨਾਲ ਹੱਥੋ ਪਾਈ ਕਰਕੇ ਮਨੋਬਲ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਹ ਖੁਲਾਸਾ ਖ਼ੁਦ ਜ਼ਿਲ੍ਹਾ ਸਿਹਤ ਅਫਸਰ ਡਾ. ਲਖਬੀਰ ਸਿੰਘ ਅਤੇ ਇੰਸਪੈਕਟਰ ਰਮਨ ਵਿਰਦੀ ਨੇ ਆਪਣੇ ਦਫ਼ਤਰ ਵਿਚ ਬੁਲਾਈ ਇਕ ਭਰਵੀਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਦੋ ਦਿਨ ਪਹਿਲਾਂ ਸਿਹਤ ਵਿਭਾਗ ਦੀ ਟੀਮ ਨੇ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਫੂਡ ਸੇਫਟੀ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮਿਲੀਆਂ ਹਦਾਇਤਾਂ ਦੇ ਚੱਲਦਿਆਂ ਦਸੂਹਾ ਵਿਖੇ ਖਾਣ ਪੀਣ ਵਾਲੇ ਪਦਾਰਥਾਂ ਦੀ ਸੈਂਪਲਿੰਗ ਕਰਨ ਲਈ ਕੀਤੀ ਗਈ ਕਾਰਵਾਈ ਦੌਰਾਨ ਜਦੋਂ ਦਸੂਹਾ ਸ਼ਹਿਰ ਦੇ ਇਕ ਕਰਿਆਨਾ ਸਟੋਰ ਤੇ ਪਹੁੰਚੀ ਤਾਂ ਉੱਥੇ ਸੈਂਪਲਿੰਗ ਕਰਨ ਦੀ ਕਾਰਵਾਈ ਆਰੰਭ ਕੀਤੀ ਗਈ ਇਸੇ ਦੌਰਾਨ ਹੀ ਆਪਣੇ ਆਪ ਨੂੰ ਵਪਾਰ ਮੰਡਲ ਪ੍ਰਧਾਨ ਦੱਸਦੇ ਹੋਏ ਪੁੱਜੇ ਇੱਕ ਵਿਅਕਤੀ ਨੇ ਉਨ੍ਹਾਂ ਨਾਲ ਹੱਥੋਪਾਈ ਕਰਦਿਆਂ ਸੈਂਪਲ ਵੀ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸ ਦੌਰਾਨ ਉਕਤ ਵਿਅਕਤੀ ਨੇ ਕਾਫੀ ਹੰਗਾਮਾ ਕੀਤਾ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ। ਡਾ ਲਖਵੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜਿਸ ਢੰਗ ਨਾਲ ਉੱਥੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੀ ਕਾਰਵਾਈ ਕੀਤੀ ਗਈ ਉਕਤ ਦੁਕਾਨ ਤੇ ਇਤਰਾਜ਼ਯੋਗ ਸਾਮਾਨ ਵਿਕਦਾ ਹੋ ਸਕਦਾ ਹੈ ਜਿਸ ਦੀ ਸੈਂਪਲਿੰਗ ਕਰਕੇ ਲੈਬਾਰਟਰੀ ਨੂੰ ਭੇਜਿਆ ਜਾਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਸਰਕਾਰੀ ਕੰਮ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਕੇ ਕਾਨੂੰਨੀ ਜੁਰਮ ਕੀਤਾ ਹੈ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਦਸੂਹਾ ਦੇ ਡੀਐੱਸਪੀ ਨੂੰ ਵੀ ਕਰ ਦਿੱਤੀ ਹੈ,ਪਰ ਦੋ ਦਿਨ ਬੀਤਣ ਦੇ ਬਾਵਜੂਦ ਵੀ ਦਸੂਹਾ ਪੁਲੀਸ ਵੱਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ।ਬਹੁਤ ਹੀ ਪਰੇਸ਼ਾਨ ਦਿਖਾਈ ਦੇ ਰਹੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ ਅਤੇ ਇੰਸਪੈਕਟਰ ਰਮਨ ਵਿਰਦੀ ਨੇ ਮੰਗ ਕੀਤੀ ਕਿ ਸਰਕਾਰੀ ਡਿਊਟੀ ਦੌਰਾਨ ਉਨ੍ਹਾਂ ਨੂੰ ਪੁਲੀਸ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ।
ਸਿਆਸਤਦਾਨਾਂ ਤੇ ਦਖਲਅੰਦਾਜ਼ੀ ਦੇ ਲਗਾਏ ਇਲਜ਼ਾਮ;
ਜ਼ਿਲ੍ਹਾ ਸਿਹਤ ਅਫਸਰ ਦੇ ਦਫਤਰ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਸਿਹਤ ਅਧਿਕਾਰੀ ਡਾ ਲਖਵੀਰ ਸਿੰਘ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਵਾਰਦਾਤ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਇਕ ਹਲਕਾ ਵਿਧਾਇਕ ਦਾ ਫੋਨ ਆਇਆ ਜਿਸ ਨੇ ਉਨ੍ਹਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ,ਜਦੋਂ ਉਨ੍ਹਾਂ ਕਿਹਾ ਕਿ ਸੈਂਪਲਿੰਗ ਸੀਲ ਕਰ ਦਿੱਤੀ ਗਈ ਹੈ ਤਾਂ ਹੁਣ ਕੋਈ ਸੰਭਾਵਨਾ ਨਹੀਂ ਹੈ ਤਾਂ ਉਕਤ ਹਲਕਾ ਵਿਧਾਇਕ ਨੇ ਸਿਹਤ ਮੰਤਰੀ ਰਾਹੀਂ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਸਵਾਲੀਆ ਚਿੰਨ੍ਹ ਉਠਾਉਂਦਿਆਂ ਕਿਹਾ ਕਿ ਜੇਕਰ ਖੁਦ ਸੱਤਾਧਾਰੀ ਸਿਆਸਤਦਾਨ ਹੀ ਲੋਕਾਂ ਦੀ ਸਿਹਤ ਦੀ ਪ੍ਰਵਾਹ ਨਹੀਂ ਕਰਦੇ ਤਾਂ ਮਿਸ਼ਨ ਤੰਦਰੁਸਤ ਪੰਜਾਬ ਜੋ ਸਰਕਾਰ ਦੀ ਖੁਦ ਦੀ ਸਕੀਮ ਹੈ, ਇਸ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।ਡਾ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਅਤੇ ਇੰਸਪੈਕਟਰ ਰਮਨ ਵਿਰਦੀ ਨੇ ਜ਼ਿਲਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਪਾਸੋਂ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *