ਅੰਮ੍ਰਿਤਸਰ( ਦਾ ਮਿਰਰ ਪੰਜਾਬ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਰਣ ਨੂੰ ਜੋੜ ਕੇ ਪੇਸ਼ ਕਰਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਰਮਾਇਣ ਨਹੀਂ ਲਿਖੀ, ਪਰੰਤੂ ਕੁਝ ਲੋਕ ਉਨ੍ਹਾਂ ਦੇ ਨਾਮ ਨਾਲ ਰਮਾਇਣ ਨੂੰ ਜੋੜ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਅੰਦਰ ਚੌਬੀਸ ਅਵਤਾਰ ਵਾਲੇ ਖੰਡ ਵਿਚ ਵੱਖ-ਵੱਖ ਸਨਾਤਨ ਚੌਵੀ ਅਵਤਾਰਾਂ ਵਿੱਚੋਂ ਇਕ ਰਾਮਾਵਤਾਰ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੇਵਲ ਪਾਤਰ ਰਮਾਇਣ ਵਾਲੇ ਹਨ, ਪਰ ਯੁੱਧ ਵਿਧਾਨ, ਵਿਵਰਣ ਅਤੇ ਸਰੂਪ ਬਿਲਕੁਲ ਅਲੱਗ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਨੀਂਹ ਰੱਖਣ ਸਮੇਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਸਵੇਂ ਪਾਤਸ਼ਾਹ ਵੱਲੋਂ ਲਿਖੀ ਰਮਾਇਣ ਦਾ ਜ਼ਿਕਰ ਕੀਤਾ ਸੀ, ਜਿਸ ਦਾ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਵੱਲੋਂ ਭਾਰੀ ਵਿਰੋਧ ਹੋਇਆ ਸੀ। ਉਨ੍ਹਾਂ ਇਸ ਪੁਸਤਕ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕਰਦਿਆਂ ਸੰਗਤਾਂ ਨੂੰ ਸੁਚੇਤ ਹੋਣ ਦੀ ਅਪੀਲ ਵੀ ਕੀਤੀ।





