ਤਲਵਾਡ਼ਾ,1 ਸਤੰਬਰ( ਦਾ ਮਿਰਰ ਪੰਜਾਬ)-ਕਰੋਨਾ ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੇ ਖ਼ਦਸ਼ਿਆਂ ਨੂੰ ਲੈ ਕੇ ਮਾਹਿਰਾਂ ਵੱਲੋਂ ਸਰਕਾਰ ਨੂੰ ਲਗਾਤਾਰ ਚੇਂਤੰਨ ਕੀਤਾ ਜਾ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਕਡਾਊਨ 2 ਤੋਂ ਬਾਅਦ ਵੀ ਸੂਬੇ ‘ਚ ਕੋਵਿਡ ਨਿਯਮਾਂ ਤਹਿਤ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ। ਜਿਸ ਤਹਿਤ ਭੀਡ਼ ਜੁਟਾਉਣ ਦੀ ਮਨਾਹੀ ਹੈ। ਪਰ ਉਸਦੇ ਬਾਵਜੂਦ ਕੰਢੀ ਖ਼ੇਤਰ ‘ਚ ਛਿੰਝ ਮੇਲਿਆਂ ਨੇ ਰਫ਼ਤਾਰ ਫਡ਼੍ਹ ਲਈ ਹੈ। ਰੋਜ਼ਾਨਾ ਇੱਕ ਤੋਂ ਵਧ ਪਿੰਡਾਂ ‘ਚ ਪ੍ਰਬੰਧਕ ਕਮੇਟੀਆਂ ਵੱਲੋਂ ਛਿੰਝੇ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਸੈਂਕਡ਼ਿਆਂ ਦੀ ਗਿਣਤੀ ‘ਚ ਭੀਡ਼ ਜੁਡ਼ ਰਹੀ ਹੈ। ਜੋ ਕਿਸੇ ਵੀ ਵੱਡੀ ਆਫ਼ਤ ਦਾ ਸਬੱਬ ਬਣ ਸਕਦੀ ਹੈ। ਜਿਸ ਪ੍ਰਤੀ ਸਰਕਾਰ ਤੇ ਪ੍ਰਸ਼ਾਸਨ ਗੰਭੀਰ ਦਿਖਾਈ ਨਹੀਂ ਦੇ ਰਿਹਾ ਹੈ। ਉਲਟਾ ਪੁਲੀਸ ਪ੍ਰਸ਼ਾਸਨ ਵੱਲੋਂ ਛਿੰਝ ਮੇਲਿਆਂ ‘ਚ ਅਮਨ ਤੇ ਕਾਨੂੰਨ ਦੀ ਬਹਾਲੀ ਲਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਕਿਹਾ ਕਿ ਕਿਸੇ ਵੀ ਛਿੰਝ ਮੇਲੇ ਦੀ ਪ੍ਰਵਾਨਗੀ ਲਈ ਉਨ੍ਹਾਂ ਕੋਲ਼ ਕੋਈ ਦੁਰਖ਼ਾਸਤ ਨਹੀਂ ਆਈ। ਨਾ ਹੀ ਐਸਡੀਐਮ ਦਫ਼ਤਰ ਵੱਲੋਂ ਕੋਵਿਡ ਨਿਯਮਾਂ ਦੇ ਚੱਲਦਿਆਂ ਅਜਿਹੀ ਕੋਈ ਪ੍ਰਵਾਨਗੀ ਦਿੱਤੀ ਜਾਂਦੀ ਹੈ। ਜੇਕਰ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਸਬੰਧਤ ਥਾਣਾ ਮੁਖੀ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪਾਬੰਦ ਹੈ।





