*ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਖ਼ਿਲਾਫ਼ ਕੀਤੀ ਕੈਬਨਿਟ ਮੰਤਰੀ ਨੂੰ ਸ਼ਿਕਾਇਤ*

पंजाब
Spread the love

ਜਲੰਧਰ, 17 ਜੁਲਾਈ (ਦਾ ਮਿਰਰ ਪੰਜਾਬ)- ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਵਲੋਂ ਬੀਤੇ ਦਿਨੀਂ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨਾਲ ਉਨ੍ਹਾਂ ਦੀ ਜਲੰਧਰ ਫੇਰੀ ਮੌਕੇ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕਰਕੇ ਸ਼ਹਿਰ ਦੇ ਇਕ ਭਾਜਪਾ ਆਗੂ ਖਿਲਾਫ ਸ਼ਿਕਾਇਤ ਦਿੱਤੀ ਗਈ | ਕੈਬਨਿਟ ਮੰਤਰੀ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਉਕਤ ਭਾਜਪਾ ਆਗੂ ‘ਤੇ ਸ਼ਹਿਰ ਦੇ ਪੋਸ਼ ਇਲਾਕੇ ‘ਚ ਸਥਿਤ ਇਕ ਪਲਾਟ ‘ਤੇ ਦੋਸ਼ ਲਗਾਉਂਦੇ ਹੋਏ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਕੂਲ ਰੋਡ ‘ਤੇ ਉਨ੍ਹਾਂ ਦਾ ਪਲਾਟ ਹੈ ਪਰ ਉਸ ਉੱਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਸ਼ਹਿ ‘ਤੇ ਉਕਤ ਭਾਜਪਾ ਆਗੂ ਵਲੋਂ ਇਮਾਰਤ ਉਸਾਰ ਦਿੱਤੀ ਗਈ ਹੈ | ਇਸ ਦੇ ਖਿਲਾਫ ਉਹ ਕਈ ਵਾਰ ਨਿਗਮ ਅਧਿਕਾਰੀਆਂ ਕੋਲ ਸ਼ਿਕਾਇਤ ਵੀ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਸਾਰੀ ਜਾਰੀ ਰਹੀ ਤੇ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਉਕਤ ਭਾਜਪਾ ਆਗੂ ਜੋ ਪਹਿਲਾਂ ਵਿਧਾਇਕ ਵੀ ਰਹਿ ਚੁੱਕਾ ਹੈ ਆਪਣੇ ਅਸਰ ਰਸੂਖ ਨਾਲ ਨਿਗਮ ਅਧਿਕਾਰੀਆਂ ‘ਤੇ ਦਬਾਅ ਪਾ ਕੇ ਕੰਮ ਕਰਵਾਉਂਦਾ ਆ ਰਿਹਾ ਹੈ | ਇਸੇ ਤਰ੍ਹਾਂ ਇਕ ਹੋਰ ਵਿਅਕਤੀ ਵਲੋਂ ਵੀ ਨਾਲ ਲੱਗਦੇ ਹੋਏ ਉਨ੍ਹਾਂ ਦੇ ਇਕ ਹੋਰ ਪਲਾਟ ‘ਤੇ ਕਬਜ਼ਾ ਕੀਤਾ ਗਿਆ ਹੈ ਤੇ ਇਹ ਕਬਜ਼ਾ ਵੀ ਉਕਤ ਭਾਜਪਾ ਆਗੂ ਦੀ ਸ਼ਹਿ ਨਾਲ ਹੀ ਹੋਇਆ ਹੈ | ਉਨ੍ਹਾਂ ਇਨ੍ਹਾਂ ਦੋਵਾਂ ਮਾਮਲਿਆਂ ‘ਚ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਹਿੰਗੇ ਭਾਅ ਦੀ ਜ਼ਮੀਨ ਤੋਂ ਕਬਜ਼ੇ ਛੁਡਵਾਏ ਜਾਣ | ਉਨ੍ਹਾਂ ਕਿਹਾ ਕਿ ਹੁਣ ਜਦ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਨ੍ਹਾਂ ਨੂੰ ਇਨਸਾਫ ਦੀ ਆਸ ਬੱਝੀ ਹੈ ਤੇ ਉਨ੍ਹਾਂ ਵਲੋਂ ਇਹ ਮਾਮਲਾ ਕੈਬਨਿਟ ਮੰਤਰੀ ਡਾ: ਨਿਝੱਰ ਕੋਲ ਉਠਾਇਆ ਗਿਆ ਹੈ | ਉਨ੍ਹਾਂ ਉਮੀਦ ਜ਼ਾਹਿਰ ਕੀਤੀ ਹੈ ਕਿ ਉਹ ਇਸ ਮਾਮਲੇ ‘ਚ ਸੱਚ ਦਾ ਸਾਥ ਦਿੰਦੇ ਹੋਏ ਉਕਤ ਭਾਜਪਾ ਆਗੂ ਦਾ ਕਬਜ਼ਾ ਛੁਡਾ ਕੇ ਪਲਾਟ ਉਨ੍ਹਾਂ ਦੇ ਹਵਾਲੇ ਕਰਨਗੇ | ਉਨ੍ਹਾਂ ਪਲਾਟ ਤੋਂ ਨਾਜਾਇਜ਼ ਕਬਜ਼ ਹਟਵਾਉਣ ਤੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ | ਜਥੇਦਾਰ ਰਾਏਪੁਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੌਕੇ ‘ਤੇ ਹੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ |

Leave a Reply

Your email address will not be published. Required fields are marked *