ਚੰਡੀਗੜ੍ਹ (ਜਸਪਾਲ ਕੈਂਥ)-ਸਤਿਗੁਰੂ ਨਾਨਕ ਅੰਸ਼ ਵੰਸ਼ਜ ਪੀੜੀ ਸਤਾਰਵੀਂ ਤੇ ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਕਿਸਾਨ ਮੰਗਾਂ ਨੂੰ ਲੈ ਕੇ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਦੇ ਸੀਨੀਅਰ ਆਗੂ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਡਿੱਗ ਰਹੀ ਸਿਹਤ ਅਤੇ ਦੂਜੇ ਪਾਸੇ ਕਿਸਾਨਾਂ ਦੀਆਂ ਮੰਗਾਂ ਤੇ ਮਸਲਿਆਂ ਪ੍ਰਤੀ ਸਰਕਾਰੀ ਤੇ ਸਿਆਸੀ ਪੱਧਰ ’ਤੇ ਬੇਰੁਖ਼ੀ ਨੂੰ ਲੈ ਕੇ ਉਹ ਚਿੰਤਤ ਹਨ। ਡਲੇਵਾਲ ਦਾ 15 ਕਿਲੋਗ੍ਰਾਮ ਤੋਂ ਜ਼ਿਆਦਾ ਭਾਰ ਘਟ ਚੁੱਕਿਆ ਹੈ ਅਤੇ ਲਗਾਤਾਰ ਭੁੱਖੇ ਰਹਿਣ ਕਰ ਕੇ ਗੁਰਦੇ ਫੇਲ੍ਹ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ। ਉਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਏਕਤਾ ਕਰਨ।ਏਕੇ ਵਿਚ ਮੁਕਤੀ ਹੈ।ਭੁੱਖ ਹੜਤਾਲ ਇਸ ਦਾ ਹੱਲ ਨਹੀਂ।ਅਸੀਂ ਇਸ ਕਾਰਣ ਵਡਾ ਕਿਸਾਨ ਆਗੂ ਗੁਆ ਲਵਾਂਗੇ।
ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਾਫੀ ਸਮਾਂ ਪਹਿਲਾਂ ਸਤਿਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਉਪਰ ਸਿਖ ਪੰਥ ਦਾ ਆਦਰ ਕਰਦਿਆਂ ਵਿਵਾਦ ਵਾਲੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ 2020-21 ਵਿੱਚ ਲੜੇ ਗਏ ਕਿਸਾਨ ਅੰਦੋਲਨ ਵੇਲੇ ਇਹ ਕਾਨੂੰਨ ਵਾਪਸ ਲੈਂਦਿਆਂ ਐੱਮਐੱਸਪੀ ਦਾ ਕਾਨੂੰਨ ਬਣਾਉਣ ਸਮੇਤ ਕੁਝ ਹੋਰ ਮੰਗਾਂ ਬਾਰੇ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦਾ ਲਿਖਤੀ ਭਰੋਸਾ ਦਿਵਾਇਆ ਸੀ।ਬਾਕੀ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਸੀ,ਹੁਣ ਉਹ ਸਮਾਂ ਆ ਗਿਆ ਪ੍ਰਧਾਨ ਮੰਤਰੀ ਕਿਸਾਨ ਲੀਡਰਸ਼ਿਪ ਨੂੰ ਗਲਬਾਤ ਲਈ ਬੁਲਾਉਣ ਤੇ ਇਹ ਮਸਲੇ ਕਿਸਾਨ ਹਿਤ ਲਈ ਨਿਪਟਾਉਣ।
ਉਨ੍ਹਾਂ ਕਿਹਾ ਕਿ ਸਤਿਗੁਰੂ ਬਾਬੇ ਨਾਨਕ ਦੀ ਦਾਰਸ਼ਨਿਕਤਾ ਤੇ ਧਰਮ ਦਾ ਆਧਾਰ ਕਿਰਤ ਹੈ ਤੇ ਉਨ੍ਹਾਂ ਮਨੁੱਖਤਾ ਨੂੰ ਤਾਰਨ ਦੀਆਂ ਯਾਤਰਾਵਾਂ ਸੰਪੂਰਨ ਕਰਕੇ ਕਰਤਾਰਪੁਰ ਖੇਤੀ ਬਾੜੀ ਕਰਕੇ ਮਨੁੱਖਤਾ ਨੂੰ ਕਿਰਤ ਕਰਨ ,ਨਾਮ ਜਪਣ ਵੰਡ ਛਕਣ ਦਾ ਸੰਦੇਸ਼ ਦਿਤਾ ਸੀ।ਅਸੀਂ ਪ੍ਰਧਾਨ ਮੰਤਰੀ ਤੋਂ ਆਸ ਕਰਦੇ ਹਾਂ ਕਿ ਉਹ ਸਤਿਗੁਰੂ ਦੇ ਸਤਿਕਾਰ ਵਜੋਂ ਕਿਸਾਨਾਂ ਦੀਆਂ ਹਕੀ ਮੰਗਾਂ ਮੰਨਣ।
ਬਾਬਾ ਬੇਦੀ ਨੇ ਕਿਹਾ ਕਿ ਉਹ ਵੀ ਕਿਸਾਨ ਹਨ ਤੇ ਕਿਸਾਨਾਂ ਦੀ ਦਿਕਤਾਂ ਨੂੰ ਭਲੀ ਭਾਂਤ ਜਾਣਦੇ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਹੈ ਕਿ ਐੱਮਐੱਸਪੀ ਤੋਂ ਹੇਠਾਂ ਖਰੀਦ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਜਾਵੇ। ਕਣਕ ਤੇ ਝੋਨੇ ਦੀ ਫਸਲ ਬੀਜਣ ਤੋਂ ਅਜ਼ਾਦੀ ਦਿਵਾਕੇ ਬਾਕੀ ਫਸਲਾਂ (ਦਾਲਾਂ, ਤੇਲ ਬੀਜਾਂ ਆਦਿ) ਉਪਰ ਕਨੂੰਨੀ ਸਮਰਥਨ ਮੁਲ ਦਿਤਾ ਜਾਵੇ। ਝੋਨੇ ਕਾਰਣ ਧਰਤੀ ਹੇਠਲੇ ਪਾਣੀ ਦੀ ਕਮੀ ਅਤੇ ਵਾਤਾਵਰਨ ਬਾਰੇ ਪੰਜਾਬ ਹਰਿਆਣੇ ਲਈ ਗੰਭੀਰ ਚਿੰਤਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਅਤੇ ਯਕੀਨੀ ਮੰਡੀਕਰਨ ਦੀ ਅਣਹੋਂਦ ਕਾਰਨ ਬਾਕੀ ਫ਼ਸਲਾਂ ਘਾਟੇ ਦਾ ਸੌਦਾ ਸਾਬਤ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਬਿਲਕੁਲ ਇਵੇਂ ਹੀ ਪਰਾਲੀ ਦਾ ਮੁੱਦਾ ਹੈ ਜਿੱਥੇ ਸਰਕਾਰੀ ਵਿੱਤੀ ਸਹਾਇਤਾ ਦੀ ਅਣਹੋਂਦ, ਲੋੜੀਦੀ ਮਸ਼ੀਨਰੀ ਦੀ ਘਾਟ ਅਤੇ ਕੋਈ ਤਕਨੀਕ ਨਾ ਹੋਣ ਕਾਰਨ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ।ਇਸ ਲਈ ਕਿਸਾਨਾਂ ਨੂੰ ਝੋਨੇ ਦਾ ਬਦਲ ਦਿੱਤਾ ਜਾਵੇ ਅਤੇ ਪਰਾਲੀ ਵਾਲੇ ਮਸਲੇ ਦਾ ਕੋਈ ਵੀ ਹੱਲ ਕੱਢਿਆ ਜਾਵੇ।
ਬਾਬਾ ਬੇਦੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਹਰਿਆਣੇ ਵਿਚ ਖੇਤੀ ਇੰਡਸਟਰੀ ਦਾ ਸਰਕਾਰੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਰੁਜਗਾਰ ਵਿਚ ਵਾਧਾ ਹੋ ਸਕੇ ।ਇਸ ਲਈ ਕੋਲਡ ਸਟੋਰੇਜ, ਵੇਅਰਹਾਊਸਿੰਗ, ਪ੍ਰਾਸੈਸਿੰਗ ਯੂਨਿਟਾਂ ਅਤੇ ਆਵਾਜਾਈ ਪ੍ਰਣਾਲੀਆਂ ਵਿੱਚ ਸਰਕਾਰੀ ਨਿਵੇਸ਼ ਦੀ ਜ਼ਰੂਰਤ ਹੈ ਜਿਸ ਨਾਲ ਪੇਂਡੂ ਰੁਜ਼ਗਾਰ ਵਿੱਚ ਵਾਧਾ ਹੋਵੇਗਾ ।
ਬਾਬਾ ਬੇਦੀ ਨੇ ਕਿਹਾ ਕਿ ਮੋਦੀ ਸਰਕਾਰ ਸੁਰਖਿਆ ਦਸਤਿਆਂ ਨੂੰ ਸ਼ਾਂਤਮਈ ਕਿਸਾਨਾਂ ਉਪਰ ਤਸ਼ਤਦ ਕਰਨ ਤੋਂ ਰੋਕੇ।
ਇਸ ਮੌਕੇ ਉਪਰ ਬਾਬਾ ਸਰਬਜੋਤ ਸਿੰਘ ਬੇਦੀ ,ਸੰਤ ਹਰੀ ਸਿੰਘ ਜੀ ਰੰਧਵਾ, ਸੰਤ ਗੁਰਮੀਤ ਸਿੰਘ ਖੋਸੇ ਕੋਟਲਾ , ਸੰਤ ਸੇਵਾ ਸਿੰਘ ਰਾਮਪੁਰ ਖੇੜਾ , ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼, ਸੰਤ ਦਰਬਾਰਾ ਸਿੰਘ ਜੀ ਰੋਹੀਸਰ ਵਾਲੇ, ਮਹੰਤ ਚਮਕੌਰ ਸਿੰਘ , ਸੰਤ ਭੋਲਾ ਸਿੰਘ , ਭਾਈ ਅਨਭੋਲ ਸਿੰਘ ਦੀਵਾਨਾ ਸਾਮਿਲ ਹੋਏ।





