*ਪੰਜਾਬ ਯੂਥ ਰਨ 2026: 23 ਅਗਸਤ ਨੂੰ ਜਲੰਧਰ ਦੇ ਮਾਡਲ ਟਾਊਨ ਵਿਖੇ ਹੋਵੇਗੀ 5 ਕਿਲੋਮੀਟਰ ਦੌੜ*

देश पंजाब
Spread the love

ਜਲੰਧਰ, 18 ਅਗਸਤ (ਜਸਪਾਲ ਕੈਂਥ): ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਯੂਥ ਰਨ 2026 ਹੁਣ ਜਲੰਧਰ ਪਹੁੰਚ ਗਈ ਹੈ। ਇਸ ਸਬੰਧੀ ਦੌੜ ਦਾ ਆਯੋਜਨ 23 ਅਗਸਤ ਨੂੰ ਮਾਡਲ ਟਾਊਨ ਸਥਿਤ ਸ਼ਿਵਾਨੀ ਪਾਰਕ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਯੂਥ ਵਿੰਗ ਦੇ ਉਪ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਸਥਾਨਕ ਰਮਾਡਾ ਹੋਟਲ ਵਿਖੇ ਕਰਵਾਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਬੀਰਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਥ ਰਨ 2026 ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਗਈ ਸੀ, ਜਿੱਥੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹੁਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਹ ਦੌੜ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨਾਲ ਜੋੜਨਾ ਹੈ।

ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਇਹ 5 ਕਿਲੋਮੀਟਰ ਦੌੜ 23 ਅਗਸਤ ਨੂੰ ਸਵੇਰੇ ਮਾਡਲ ਟਾਊਨ ਦੇ ਸ਼ਿਵਾਨੀ ਪਾਰਕ ਤੋਂ ਸ਼ੁਰੂ ਹੋ ਕੇ ਮੁੜ ਇਸੇ ਸਥਾਨ ’ਤੇ ਸਮਾਪਤ ਹੋਵੇਗੀ। ਦੌੜ ਲਈ ਰਿਪੋਰਟਿੰਗ ਦਾ ਸਮਾਂ ਸਵੇਰੇ ਕਰੀਬ 5 ਵਜੇ ਰੱਖਿਆ ਗਿਆ ਹੈ, ਜਦਕਿ ਦੌੜ ਸਵੇਰੇ 7 ਵਜੇ ਸ਼ੁਰੂ ਹੋਵੇਗੀ।

ਉਨ੍ਹਾਂ ਕਿਹਾ ਕਿ ਦੌੜ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਦੀ ਸਹੂਲਤ ਦਿੱਤੀ ਗਈ ਹੈ ਅਤੇ ਇਸ ਸਬੰਧੀ ਬੈਨਰਾਂ ’ਤੇ ਕਿਊਆਰ ਕੋਡ ਲਗਾਏ ਗਏ ਹਨ। ਭਾਗੀਦਾਰ ਕਿਊਆਰ ਕੋਡ ਸਕੈਨ ਕਰਕੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਦੌੜ ਵਿੱਚ ਵੱਖ-ਵੱਖ ਸ਼੍ਰੇਣੀਆਂ ਰੱਖੀਆਂ ਗਈਆਂ ਹਨ ਅਤੇ ਜੇਤੂ ਭਾਗੀਦਾਰਾਂ ਲਈ ਕਰੀਬ 40 ਕੈਸ਼ ਇਨਾਮ ਵੀ ਰੱਖੇ ਗਏ ਹਨ।

ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਹ ਸਿਰਫ਼ ਮੁਕਾਬਲੇ ਤੱਕ ਸੀਮਤ ਪ੍ਰੋਗਰਾਮ ਨਹੀਂ ਹੈ, ਸਗੋਂ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਇੱਕ ਲੋਕ-ਭਾਗੀਦਾਰੀ ਵਾਲਾ ਉਪਰਾਲਾ ਹੈ। ਬੱਚਿਆਂ ਨੂੰ ਵੀ ਇਸ ਗਤੀਵਿਧੀ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਲਈ ਮੌਕੇ ’ਤੇ ਵੀ ਭਾਗ ਲੈਣ ਦੀ ਸਹੂਲਤ ਰੱਖੀ ਗਈ ਹੈ।

ਇਸ ਮੌਕੇ ਜਲੰਧਰ ਦੇ ਮੇਅਰ ਵਨੀਤ ਧੀਰ, ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਕਾਕੂ ਆਹਲੂਵਾਲੀਆ, ਗਗਨ ਜੀ, ਰੂਬਲ ਸੰਧੂ, ਨਾਈਨ ਛਾਪੜਾ ਸਮੇਤ ਵੱਡੀ ਗਿਣਤੀ ਵਿੱਚ ਯੂਥ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *