ਸ਼ਾਹਕੋਟ (ਰਾਜੀਵ ਕੁਮਾਰ ਬੱਬੂ ): ਹਲਕਾ ਸ਼ਾਹਕੋਟ ਵਿੱਚ ਉਸ ਸਮੇਂ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਗਏ ਜਦੋਂ ਪਿੰਡ ਬਘੇਲਾ ਦੀ ਸਮੁੱਚੀ ਪੰਚਾਇਤ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਹਲਕਾ ਇੰਚਾਰਜ ਸ਼ਾਹਕੋਟ ਪਾਲਾ ਜਲਾਲਪੁਰ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉੱਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਦੀ ਸਿਆਸਤ ਨੂੰ ‘ਦਾਬਿਆਂ ਅਤੇ ਧੜੇਬਾਜ਼ੀ ਦੀ ਸਿਆਸਤ’ ਕਰਾਰ ਦਿੱਤਾ।
ਪਾਲਾ ਜਲਾਲਪੁਰ ਨੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੂੰ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ, “ਮੈਂ ਲਾਡੀ ਬਾਈ ਨੂੰ ਸਿੱਧੇ ਤੌਰ ‘ਤੇ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਭਾਜੀ, ਹੁਣ ਇਹ ਦਾਬਿਆਂ ਵਾਲੀ ਅਤੇ ਧੜੇਬਾਜ਼ੀ ਦੀ ਸਿਆਸਤ ਬੰਦ ਕਰੋ। ਤੁਸੀਂ ਅੱਜਕੱਲ੍ਹ ਖੁਦ ਘਰ-ਘਰ ਜਾ ਰਹੇ ਹੋ, ਪਰ ਜ਼ਰਾ ਅੱਖਾਂ ਖੋਲ੍ਹ ਕੇ ਦੇਖੋ, ਮੇਰੇ ਇਹ ਹਲਕੇ ਦੇ ਭਰਾ ਅੱਜ ਚਟਾਨ ਵਾਂਗ ਮੇਰੇ ਨਾਲ ਖੜ੍ਹੇ ਹਨ। ਜੇਕਰ ਤੁਸੀਂ ਦੇਖਣਾ ਹੀ ਹੈ ਤਾਂ ਇਨ੍ਹਾਂ ਦੇ ਪਿੰਡਾਂ ਵਿੱਚ ਜਾ ਕੇ ਹੋਏ ਵਿਕਾਸ ਦੇ ਵੱਡੇ ਕੰਮ ਦੇਖੋ, ਜਿਨ੍ਹਾਂ ਨੂੰ ਜਨਤਾ ਖੁਦ ਸਲਾਹ ਰਹੀ ਹੈ।”
ਉਨ੍ਹਾਂ ਅੱਗੇ ਕਿਹਾ ਕਿ ਅਖ਼ਬਾਰੀ ਸੁਰਖੀਆਂ ਬਟੋਰਨ ਨਾਲ ਲੋਕਾਂ ਦੇ ਦਿਲ ਨਹੀਂ ਜਿੱਤੇ ਜਾ ਸਕਦੇ। “ਮੇਰਾ ਤੁਹਾਨੂੰ ਸਿੱਧਾ ਅਤੇ ਸਪੱਸ਼ਟ ਕਹਿਣਾ ਹੈ ਕਿ ਤੁਸੀਂ ਆਪਣਾ ਕੰਮ ਕਰੋ ਅਤੇ ਸਾਨੂੰ ਸਾਡਾ ਕੰਮ ਕਰਨ ਦਿਓ। ਅਖ਼ਬਾਰਾਂ ਵਿੱਚ ਫ਼ੋਟੋਆਂ ਖਿਚਵਾ ਕੇ ਜਾਂ ਸੁਰਖੀਆਂ ਬਟੋਰ ਕੇ ਲੋਕਾਂ ਦਾ ਦਿਲ ਨਹੀਂ ਜਿੱਤਿਆ ਜਾ ਸਕਦਾ। ਅੱਜ ਦੀ ਜਨਤਾ ਸਭ ਜਾਣਦੀ ਹੈ। ਜੇਕਰ ਕੁਝ ਕਰਨਾ ਹੀ ਹੈ ਤਾਂ ਇਹ ਅਖ਼ਬਾਰੀ ਸਿਆਸਤ ਅਤੇ ਦਾਬੇ ਮਾਰਨੇ ਛੱਡ ਕੇ ਲੋਕਾਂ ਨੂੰ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਦਿਖਾਓ,” ਉਨ੍ਹਾਂ ਜੋਰ ਦੇ ਕੇ ਆਖਿਆ।
ਪਾਲਾ ਜਲਾਲਪੁਰ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਵਿਸ਼ਵਾਸ ਪ੍ਰਗਟਾਇਆ ਕਿ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਲਕੇ ਵਿੱਚ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਿਹਾ, “ਅਸੀਂ ਹਮੇਸ਼ਾ ਦੀ ਤਰ੍ਹਾਂ ਲੋਕਾਂ ਦੀ ਸੇਵਾ ਅਤੇ ਵਿਕਾਸ ਦੀ ਰਾਜਨੀਤੀ ਕਰਦੇ ਰਹਾਂਗੇ।”
ਇਸ ਮੌਕੇ ਪਿੰਡ ਬਘੇਲਾ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ‘ਆਪ’ ਆਗੂ ਤੇ ਵਰਕਰ ਮੌਜੂਦ ਸਨ, ਜਿਨ੍ਹਾਂ ਪਾਰਟੀ ਵਿੱਚ ਸ਼ਾਮਲ ਹੋਈ ਪੰਚਾਇਤ ਦਾ ਨਿੱਘਾ ਸਵਾਗਤ ਕੀਤਾ।


