ਆਦਮਪੁਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅੱਜ ਸ਼ੁੱਕਰਵਾਰ ਨੂੰ ਆਦਮਪੁਰ ਵਿਖੇ ਹੋਈ ਜਲੰਧਰ ਜ਼ੋਨ ਦੀ ਰੈਲੀ ’ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ। ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ ‘ਤੇ ਹੋਈ ਇਸ ਰੈਲੀ ਦੌਰਾਨ ਲੋਕਾਂ ਨੇ 2027 ਵਿੱਚ ਸੂਬੇ ’ਚ ਬਸਪਾ ਸਰਕਾਰ ਬਣਾਉਣ ਦਾ ਸੰਕਲਪ ਲਿਆ। ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ’ਚ ਹੋਈ ਇਸ ਰੈਲੀ ’ਚ ਪਾਰਟੀ ਦੇ ਸੂਬਾ ਇੰਚਾਰਜ ਵਿਪੁਲ ਕੁਮਾਰ ਮੁੱਖ ਮਹਿਮਾਨ, ਜਦਕਿ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ ਤੇ ਮੁੱਖ ਜ਼ੋਨ ਇੰਚਾਰਜ ਐਡਵੋਕੇਟ ਨਵਰਾਜ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਆਦਮਪੁਰ ਹਲਕਾ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਇਸ ਵਿਸ਼ਾਲ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।
ਰੈਲੀ ਨੂੰ ਸੰਬੋਧਿਤ ਕਰਦਿਆਂ ਵਿਪੁਲ ਕੁਮਾਰ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪਿਛਲੇ 79 ਸਾਲਾਂ ’ਚ ਸੂਬੇ ਦੇ ਲੋਕਾਂ ਨੇ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਸਰਕਾਰਾਂ ਬਣਾਈਆਂ, ਪਰ ਇਨ੍ਹਾਂ ਦੇ ਰਾਜ ਵਿੱਚ ਸਿਵਾਏ ਬਰਬਾਦੀ ਦੇ ਕੁਝ ਨਹੀਂ ਮਿਲਿਆ। ਇਨ੍ਹਾਂ ਸਰਕਾਰਾਂ ਦੌਰਾਨ ਫੈਲੇ ਨਸ਼ੇ ਕਾਰਨ ਪੰਜਾਬ ਦੇ 2 ਲੱਖ ਲੋਕ ਮਾਰੇ ਗਏ ਤੇ ਘਰ-ਪਰਿਵਾਰ ਤਬਾਹ ਹੋ ਗਏ। ਸਿਹਤ ਤੇ ਸਿੱਖਿਆ ਢਾਂਚੇ ਦੀ ਬੁਰੀ ਤਰ੍ਹਾਂ ਬਰਬਾਦੀ ਹੋਈ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਪੜ੍ਹਾਉਣ ਲਈ ਟੀਚਰ ਨਹੀਂ ਹਨ ਤੇ ਹਸਪਤਾਲਾਂ ਵਿੱਚ ਇਲਾਜ ਲਈ ਸਟਾਫ ਤੇ ਬੁਨਿਆਦੀ ਢਾਂਚੇ ਦੀ ਭਾਰੀ ਘਾਟ ਹੈ। ਇਨ੍ਹਾਂ ਪਾਰਟੀਆਂ ਨੇ ਨੌਕਰੀਆਂ ਦੇਣ ਦਾ ਲਾਲਚ ਦੇ ਕੇ ਵੋਟਾਂ ਲਈਆਂ, ਪਰ ਰੁਜ਼ਗਾਰ ਦੇਣ ਦੀ ਬਜਾਏ ਲੋਕਾਂ ਨੂੰ ਰੁਲਣ ਲਈ ਮਜਬੂਰ ਕੀਤਾ। ਵਿਪੁਲ ਕੁਮਾਰ ਤੇ ਡਾ. ਕਰੀਮਪੁਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੇ ਮੌਜ਼ੂਦਾ ਆਪ ਸਰਕਾਰ ਦੀਆਂ ਨੀਤੀਆਂ ਲੋਕਾਂ ਨੂੰ ਰੁਜ਼ਗਾਰ ਦੇ ਕੇ ਪੈਰਾਂ ’ਤੇ ਖੜੇ ਕਰਨ ਦੀ ਬਜਾਏ, ਉਨ੍ਹਾਂ ਨੂੰ ਭਿਖਾਰੀ ਬਣਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਮਾੜੀਆਂ ਸਰਕਾਰਾਂ ਨੂੰ ਰੱਦ ਕਰਕੇ ਸੂਬੇ ’ਚ ਬਸਪਾ ਸਰਕਾਰ ਬਣਾਉਣ ਦਾ ਸੰਕਲਪ ਲੈਣ। ਸਿਰਫ ਬਸਪਾ ਹੀ ਪੰਜਾਬ ਤੇ ਪੰਜਾਬੀਆਂ ਨੂੰ ਬਦਹਾਲੀ ’ਚੋਂ ਕੱਢ ਕੇ ਖੁਸ਼ਹਾਲੀ ਵੱਲ ਲੈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 2027 ’ਚ ਬਸਪਾ ਸਰਕਾਰ ਬਣਨ ’ਤੇ ਹਰ ਹੱਥ ਨੂੰ ਰੁਜ਼ਗਾਰ ਦੇਣ ਦਾ ਕੰਮ ਕੀਤਾ ਜਾਵੇਗਾ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ’ਚ ਟੀਚਰਾਂ ਅਤੇ ਹਸਪਤਾਲਾਂ ’ਚ ਡਾਕਟਰਾਂ ਤੇ ਸਟਾਫ ਦੀ ਪੱਕੀ ਭਰਤੀ ਕੀਤੀ ਜਾਵੇਗੀ। ਨਸ਼ਿਆਂ ਨੂੰ ਜੜ੍ਹੋਂ ਖਤਮ ਕਰਕੇ ਨੌਜਵਾਨ ਪੀੜ੍ਹੀ ਨੂੰ ਚੰਗੇ ਭਵਿੱਖ ਵੱਲ ਤੋਰਿਆ ਜਾਵੇਗਾ। ਗਰੀਬਾਂ ਲਈ ਸਰਕਾਰੀ ਆਵਾਸ ਦਾ ਪ੍ਰਬੰਧ ਕੀਤਾ ਜਾਵੇਗਾ। ਕਿਰਤੀ ਕਿਸਾਨਾਂ, ਛੋਟੇ ਵਪਾਰੀਆਂ, ਵਿਦਿਆਰਥੀਆਂ, ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਹੋਵੇਗਾ।
ਆਦਮਪੁਰ ਰੈਲੀ ’ਚ ਹੋਏ ਵੱਡੇ ਇਕੱਠ ਦਾ ਜ਼ਿਕਰ ਕਰਦਿਆਂ ਡਾ. ਅਵਤਾਰ ਸਿੰਘ ਨੇ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਅਸ਼ੀਰਵਾਦ ਦੇ ਕੇ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਇਸ ਹਲਕੇ ਦਾ ਇੰਚਾਰਜ ਲਗਾਇਆ ਹੈ। ਉਨ੍ਹਾਂ ਕਿਹਾ ਕਿ ਆਦਮਪੁਰ ਦੇ ਲੋਕ ਇਮਾਨਦਾਰ, ਪੜ੍ਹੇ-ਲਿਖੇ ਨੌਜਵਾਨ ਆਗੂ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਜਿਤਾ ਕੇ ਵਿਧਾਨਸਭਾ ਭੇਜਣ। ਇਸ ਰੈਲੀ ਨੂੰ ਬਸਪਾ ਦੇ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਤੇ ਮੁੱਖ ਜ਼ੋਨ ਕੋਆਰਡੀਨੇਟਰ ਐਡਵੋਕੇਟ ਨਵਰਾਜ ਸਿੰਘ ਨੇ ਵੀ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨਸਭਾ ਦੇ ਅੰਦਰ ਤੇ ਬਾਹਰ ਸਿਰਫ ਬਸਪਾ ਹੀ ਕਿਸਾਨਾਂ ਕਿਰਤੀਆਂ, ਮੁਲਾਜ਼ਮਾਂ, ਵਿਦਿਆਰਥੀਆਂ, ਮਹਿਲਾਵਾਂ ਦੇ ਮੁੱਦੇ ਸਰਗਰਮੀ ਨਾਲ ਚੁੱਕਦੀ ਰਹੀ ਹੈ। ਡਾ. ਨਛੱਤਰ ਪਾਲ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ-ਤਰੱਕੀ ਲਈ ਸੂਬੇ ਦੇ ਲੋਕ ਇਸ ਵਾਰ ਮੌਕਾ ਬਸਪਾ ਨੂੰ ਦੇਣ। ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਰੈਲੀ ’ਚ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਬਸਪਾ ਦੇ ਹੱਕ ’ਚ ਵੱਡਾ ਸੁਨੇਹਾ ਦੇ ਦਿੱਤਾ ਹੈ। ਉਨ੍ਹਾਂ ਨੇ ਹਲਕਾ ਆਦਮਪੁਰ ਦੀ ਜ਼ਿੰਮੇਵਾਰੀ ਦੇਣ ਲਈ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਰੈਲੀ ਨੂੰ ਬਸਪਾ ਦੇ ਜਲੰਧਰ ਜ਼ੋਨ ਇੰਚਾਰਜ ਤੀਰਥ ਰਾਜਪੁਰਾ ਮਹਿਰਾ, ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਜਹੇੜੀ, ਰਜਿੰਦਰ ਸਿੰਘ ਨਨਹੇੜੀਆ, ਹਰਭਜਨ ਬਲਾਲੋਂ, ਤਰਸੇਮ ਥਾਪਰ, ਬਲਵਿੰਦਰ ਬਿੱਟਾ, ਗੁਰਮੇਲ ਚੁੰਬਰ, ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਸੂਬਾ ਸਕੱਤਰ ਪਰਮਜੀਤ ਮੱਲ, ਖੁਸ਼ੀ ਰਾਮ, ਰੂਪ ਲਾਲ ਧੀਰ ਆਦਿ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਜਲੰਧਰ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਦਲਜੀਤ ਰਾਏ, ਸੁਖਵਿੰਦਰ ਬਿੱਟੂ, ਬਲਦੇਵ ਖੋਜਕੀਪੁਰ, ਕੌਂਸਲਰ ਮਦਨ ਮੱਦੀ, ਨਗਰ ਕੌਂਸਲ ਭੋਗਪੁਰ ਉਪਪ੍ਰਧਾਨ ਰਾਕੇਸ਼ ਬੱਗਾ, ਹਲਕਾ ਆਦਮਪੁਰ ਪ੍ਰਧਾਨ ਹਰਜਿੰਦਰ ਬਿੱਲਾ, ਬੂਟਾ ਸਿੰਘ ਪਤਾਰਾ, ਸੁਖਵਿੰਦਰ ਚੁਖਿਆਰਾ, ਜਸਵੀਰ ਪੰਡੋਰੀ, ਮਨਿੰਦਰ ਸਿੰਘ, ਸੁੱਖਾ ਉਦੇਸੀਆਂ, ਬਾਬੂ ਮੁਨੀ ਲਾਲ, ਅਮਰਜੀਤ ਸਿੰਘ ਨੰਗਲ, ਸ਼ਾਦੀ ਲਾਲ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਚਿਰੰਜੀ ਕਾਲਾ, ਵਿਪਨ ਮਹਿਮੀ, ਰੌਸ਼ਨ, ਹਰਿੰਦਰ ਸ਼ੀਤਲ, ਰਾਕੇਸ਼ ਦਾਤਾਰਪੁਰੀ, ਜਗਦੀਸ਼ ਦੀਸ਼ਾ, ਪਲਵਿੰਦਰ ਮਾਨਾ, ਰਣਬੀਰ ਬੱਬਰ, ਕ੍ਰਿਸ਼ਨ ਮਨੀ, ਵਿਜੇ ਯਾਦਵ, ਦਿਲਬਾਗ ਮੁਜੱਫਰਪੁਰ, ਸੂਰਤੀ ਲਾਲ, ਜੀਵਨ ਕਠਾਰ, ਬਲਾਕ ਸੰਮਤੀ ਚੇਅਰਮੈਨ ਸੰਦੀਪ ਕੌਰ, ਜਸਵੀਰ ਕੌਰ ਸੇਮੀ, ਸਤਨਾਮ ਕੌਰ, ਚਮਨ ਘੋੜੇਵਾਹੀ, ਮਨਿੰਦਰ ਕੌਰ ਨਿੱਝਰ, ਕਮਲ ਬਾਦਸ਼ਾਹਪੁਰ, ਗਿਆਨ ਚੰਦ, ਪ੍ਰਭਜਿੰਦਰ ਸਿੰਘ ਪੱਤੜ, ਬਲਵੀਰ ਕਲਿਆਣ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ।


